ਇਟਲੀ ਦੇ ਡਾਕਟਰਾਂ ਨੇ ਸਭ ਤੋਂ ਪਹਿਲਾਂ ਮਿਲੇ ਕੋਰੋਨਾ ਰੋਗੀ ਚੀਨੀ ਜੋੜੇ ਨੂੰ ਕੀਤਾ ਸਿਹਤਮੰਦ

04/21/2020 4:14:19 PM

ਰੋਮ, (ਕੈਂਥ)- ਕੋਵਿਡ-19 ਨੂੰ ਇਟਲੀ ਦਿਨੋਂ-ਦਿਨ ਪਛਾੜਦਾ ਜਾ ਰਿਹਾ ਹੈ । ਇਟਲੀ ਦੇ ਕਈ ਇਲਾਕਿਆਂ ਵਿੱਚ ਤਾਂ ਕੋਵਿਡ-19 ਦੇ ਮਰੀਜ਼ ਨਾਮਾਤਰ ਹੀ ਹਨ ਜਿਨ੍ਹਾਂ ਵਿਚ ਨਾਪੋਲੀ ਦਾ ਉਚੇਚਾ ਜ਼ਿਕਰ ਆ ਰਿਹਾ ਹੈ। ਨਾਪੋਲੀ ਸ਼ਹਿਰ ਪਿਛਲੇ 4-5 ਦਿਨਾਂ ਵਿੱਚ ਕੋਈ ਨਵਾਂ ਕੇਸ ਕੋਵਿਡ-19 ਦਾ ਨਹੀਂ ਦੇਖਿਆ ਗਿਆ ਅਤੇ ਨਾ ਹੀ ਇੱਥੇ ਕੋਈ ਮੌਤ ਹੋਈ ਹੈ ਜਦੋਂ ਕਿ ਕੰਪਾਨੀਆ ਸੂਬੇ ਵਿੱਚ ਪਿਛਲੇ 5 ਦਿਨਾਂ ਦੌਰਾਨ ਸਿਰਫ਼ 61 ਮਰੀਜ਼ ਨਵੇਂ ਪਾਏ ਗਏ ਹਨ ਅਤੇ ਸੂਬੇ ਵਿੱਚ ਮਰੀਜ਼ਾਂ ਦੀ ਗਿਣਤੀ 4, 135 ਹੈ। ਬਹੁਤ ਸਾਰੇ ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਚਲੇ ਗਏ ਹਨ।

ਇਟਲੀ ਵਿੱਚ ਸਭ ਤੋਂ ਪਹਿਲਾਂ ਕੋਵਿਡ-19 ਦੇ ਮਿਲੇ ਮਰੀਜ਼ ਚੀਨੀ ਜੋੜਾ ਪਤੀ-ਪਤਨੀ ਨੂੰ ਸੋਮਵਾਰ ਰੋਮ ਦੇ ਸਨ ਫੀਲੀਪੋ ਹਸਪਤਾਲ ਤੋਂ ਤੰਦਰੁਸਤ ਹੋਣ ਮਗਰੋਂ ਛੁੱਟੀ ਮਿਲ ਗਈ ਹੈ। ਹਸਪਤਾਲ ਤੋਂ ਤੰਦਰੁਸਤ ਹੋ ਕੇ ਜਾਣ ਮੌਕੇ ਇਸ ਚੀਨੀ ਜੋੜੇ ਨੇ ਸਭ ਡਾਕਟਰਾਂ ਅਤੇ ਸਟਾਫ਼ ਦਾ ਉਚੇਚਾ ਧੰਨਵਾਦ ਕੀਤਾ।ਲਾਸੀਓ ਸੂਬੇ ਦੇ ਹੈਲਥ ਕੌਂਸਲਰ ਅਲੀਸੀਓ ਨੇ ਦੱਸਿਆ ਕਿ ਜਦੋਂ ਇਹ ਜੋੜਾ ਜਨਵਰੀ ਦੇ ਅੰਤ ਵਿੱਚ ਕੋਵਿਡ-19 ਨਾਲ ਗ੍ਰਸਤ ਦੇਖਿਆ ਗਿਆ ਸੀ ਤਾਂ ਇਹਨਾਂ ਨੂੰ ਰਾਜਧਾਨੀ ਰੋਮ ਦੇ ਹਸਪਤਾਲ ਸਪੈਲਨਜਾਨੀ ਵਿਖੇ ਇਲਾਜ ਲਈ ਭਰਤੀ ਕੀਤਾ ਸੀ. ਜਿੱਥੇ ਕਿ ਇਹਨਾਂ ਦੀ ਹਾਲਤ ਵਿੱਚ ਕਾਫ਼ੀ ਸੁਧਾਰ ਹੋਇਆ।

ਜ਼ਿਕਰਯੋਗ ਹੈ ਕਿ ਇਹ ਚੀਨੀ ਜੋੜਾ ਜਿਹੜਾ ਘੁੰਮਣ ਲਈ ਵੁਹਾਨ ਤੋਂ ਇਟਲੀ ਦੇ ਮਿਲਾਨ ਏਅਰਪੋਰਟ ਉੱਤੇ 23 ਜਨਵਰੀ, 2020 ਨੂੰ ਉੱਤਰਿਆ ਸੀ ।ਜਦੋਂ ਇਹ ਚੀਨੀ ਜੋੜਾ ਕੋਵਿਡ -19 ਕਾਰਨ ਇਟਲੀ ਦੇ ਹਸਪਤਾਲ ਵਿੱਚ ਦਾਖਲ ਹੋਇਆ ਤਾਂ ਉਸ ਵੇਲੇ ਦੁਨੀਆ ਵਿੱਚ ਕੋਵਿਡ-19 ਨੇ 213 ਲੋਕਾਂ ਦੀ ਜਾਨ ਲਈ ਸੀ, ਹੁਣ ਜਦੋਂ ਇਹ ਜੋੜਾ ਕੋਵਿਡ-19 ਨੂੰ ਹਰਾ ਕੇ ਹਸਪਤਾਲ ਤੋਂ ਨਿਕਲਿਆ ਤਾਂ ਦੁਨੀਆ ਭਰ ਵਿੱਚ 1,70,324 ਲੋਕਾਂ ਨੂੰ ਕੋਵਿਡ-19 ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ । ਇਟਲੀ ਵਿੱਚ ਵੀ 20 ਫਰਵਰੀ, 2020 ਤੋਂ 19 ਅਪ੍ਰੈਲ 2020 ਤੱਕ 24,114 ਲੋਕ ਕੋਵਿਡ-19 ਨਾਲ ਦੁਨੀਆ ਤੋਂ ਜਾ ਚੁੱਕੇ ਹਨ।

ਇਟਲੀ ਭਰ ਵਿੱਚ ਇਸ ਸਮੇਂ ਕੋਵਿਡ-19 ਨਾਲ ਪ੍ਰਭਾਵਿਤ 1,81,228 ਲੋਕ ਹਨ ਜਦੋਂ ਕਿ 48,877 ਲੋਕ ਕੋਵਿਡ-19 ਨੂੰ ਮਾਤ ਦੇਣ ਵਿੱਚ ਕਾਮਯਾਬ ਹੋਏ ਹਨ। ਬਹੁਤ ਜ਼ਿਆਦਾ ਗੰਭੀਰ ਰੋਗੀਆਂ ਦੀ ਗਿਣਤੀ ਸਿਰਫ਼ 2,573 ਹੈ। ਪਿਛਲੇ 24 ਘੰਟਿਆਂ ਵਿੱਚ 2128 ਮਰੀਜ਼ ਕੋਵਿਡ ਤੋਂ ਆਜ਼ਾਦ ਹੋਏ ਹਨ ਤੇ ਮੌਤਾਂ ਦੀ ਗਿਣਤੀ 454 ਹੈ। ਇਹ ਅੰਕੜਾ ਜਿਹੜਾ ਕਿ ਇਹ ਦਰਸਾਉਂਦਾ ਹੈ ਕਿ ਇਟਲੀ ਕੋਵਿਡ-19 ਦੀਆਂ ਜੜ੍ਹਾਂ ਦੇਸ਼ ਵਿੱਚੋਂ ਹਰ ਰੋਜ਼ ਉਖਾੜ ਰਿਹਾ ਹੈ।ਪਹਿਲਾਂ ਹਰ ਰੋਜ 5000 ਦੇ ਕਰੀਬ ਨਵੇਂ ਮਰੀਜ਼ ਨਿਕਲ ਰਹੇ ਸਨ ਜਦੋਂ ਕਿ ਹੁਣ ਇਹ ਗਿਣਤੀ ਘੱਟਕੇ 2,256 ਤੱਕ ਆ ਗਈ ਹੈ।


Lalita Mam

Content Editor

Related News