ਇਟਲੀ ਦੇ ਸ਼ਹਿਰ ਬਲੋਨੀਆ ਦਾ ਵਿਸ਼ੇਸ਼ ਉਪਰਾਲਾ, ਸੜਕ 'ਤੇ ਵਾਹਨਾਂ ਦੀ ਰਫ਼ਤਾਰ 30km/h ਕੀਤੀ ਤੈਅ

01/25/2024 1:20:45 PM

ਰੋਮ (ਦਲਵੀਰ ਕੈਂਥ):ਇਟਲੀ ਵਿੱਚ ਹਰ ਸਾਲ ਹਜ਼ਾਰਾਂ ਰੋਡ ਹਾਦਸਿਆਂ ਕਾਰਨ ਲੱਖਾਂ ਲੋਕ ਜਿੱਥੇ ਜ਼ਖ਼ਮੀ ਹੋ ਜਾਂਦੇ ਹਨ, ਉੱਥੇ ਹਜ਼ਾਰਾਂ ਲੋਕਾਂ ਦੀ ਬੇਵਕਤੀ ਮੌਤ ਕਈ ਪਰਿਵਾਰਾਂ ਨੂੰ ਨਿਰਆਸਰਾ ਕਰਨ ਦੇ ਨਾਲ ਕਈ ਮਾਸੂਮ ਜ਼ਿੰਦਗੀਆਂ ਨੂੰ ਯਤੀਮ ਵੀ ਕਰ ਜਾਂਦੀ ਹੈ। ਬੇਸ਼ੱਕ ਇਹ ਮੰਜਰ ਦੁਨੀਆ ਭਰ ਵਿੱਚ ਹੋਰ ਵੀ ਭਿਆਨਕ ਹੋਵੇ ਪਰ ਇਨ੍ਹਾਂ ਸੜਕ ਹਾਦਸਿਆਂ ਨੂੰ ਮੁਕੰਮਲ ਰੋਕਣ ਲਈ ਉੱਤਰੀ ਇਟਲੀ ਦੇ ਸੂਬੇ ਇਮੀਲੀਆ ਰੋਮਾਨਾ ਦੇ ਸ਼ਹਿਰ ਬਲੋਨੀਆ ਵਿਖੇ ਸਥਾਨਕ ਪ੍ਰਸ਼ਾਸ਼ਨ ਨੇ ਮਹੱਤਵਪੂਰਨ ਕਦਮ ਚੁੱਕਿਆ ਹੈ। ਪ੍ਰਸ਼ਾਸਨ ਨੇ ਸ਼ਹਿਰ ਦੀ ਹਦੂਦ ਅੰਦਰ ਤਮਾਮ ਵਾਹਨਾਂ ਦੀ ਰਫ਼ਤਾਰ 17 ਜਨਵਰੀ, 2024 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਹੈ, ਜਿਸ ਨਾਲ ਸ਼ਹਿਰ ਬਲੋਨੀਆ ਇਟਲੀ ਦਾ ਪਹਿਲਾ ਅਜਿਹਾ ਸ਼ਹਿਰ ਬਣ ਗਿਆ ਹੈ ਜਿਸ ਦੇ ਪ੍ਰਸ਼ਾਸ਼ਨ ਨੇ ਸੜਕ ਹਾਦਸਿਆਂ ਨੂੰ ਠੱਲ ਪਾਉਣ ਲਈ ਇਹ ਕਦਮ ਦੇਸ਼ ਭਰ ਵਿੱਚ ਸਭ ਤੋਂ ਪਹਿਲਾਂ ਚੁੱਕਿਆ।

ਬੇਸ਼ੱਕ ਕਿ ਇਟਲੀ ਦੇ ਟਰਾਂਸਪੋਰਟ ਮੰਤਰੀ ਮੱਤਿਓ ਸਲਵੀਨੀ ਨੇ ਬਲੋਨੀਆ ਦੇ ਸਥਾਨਕ ਪ੍ਰਸ਼ਾਸ਼ਨ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ ਪਰ ਇਸ ਫ਼ੈਸਲੇ ਨਾਲ ਸ਼ਹਿਰ ਵਿੱਚ ਹਾਦਸਿਆਂ ਦੇ ਨਾਲ ਪ੍ਰਦੂਸ਼ਿਤ ਵਾਤਾਵਰਣ ਨੂੰ ਵੀ ਕੰਟਰੋਲ ਕੀਤਾ ਜਾ ਸਕੇਗਾ। ਪਹਿਲਾਂ ਇਹ ਰਫ਼ਤਾਰ ਇਟਲੀ ਭਰ ਵਿੱਚ ਮੁੱਖ ਹਾਈਵੇਅ 'ਤੇ 130 ਕਿਲੋਮੀਟਰ ਤੇ ਸ਼ਹਿਰ ਵਿੱਚ 50 ਕਿਲੋਮੀਟਰ ਪ੍ਰਤੀ ਘੰਟਾ ਹੈ। ਸ਼ਹਿਰ ਬਲੋਨੀਆ ਦੇ ਪ੍ਰਸ਼ਾਸ਼ਨ ਵੱਲੋਂ ਮਨੁੱਖੀ ਜ਼ਿੰਦਗੀਆਂ ਨੂੰ ਤੰਦਰੁਸਤ ਰੱਖਣ ਲਈ ਕੀਤੇ ਸ਼ਲਾਾਘਾਯੋਗ ਫ਼ੈਸਲੇ ਤੋਂ ਪ੍ਰਭਾਵਿਤ ਹੋ 60 ਹੋਰ ਇਟਲੀ ਦੇ ਸ਼ਹਿਰ ਅਜਿਹੇ ਹਨ ਜਿਹੜੇ ਕਿ ਲੋਕਾਂ ਦੀ ਜਾਨ ਨੂੰ ਸੁਰੱਖਿਆ ਕਰਨ ਲਈ ਸ਼ਹਿਰ ਦੀ ਹਦੂਦ ਅੰਦਰ ਵਾਹਨਾਂ ਦੀ ਰਫ਼ਤਾਰ 30 ਕਿਲੋਮੀਟਰ ਪ੍ਰਤੀ ਘੰਟਾ ਕਰਨ ਜਾ ਰਹੇ ਹਨ। ਇਨ੍ਹਾਂ ਵਿੱਚ ਤੂਰੀਨੋ,ਪਾਰਮਾ,ਫਿਰੈਂਸੇ,ਰੋਮ,ਮਿਲਾਨ,ਬੈਰਗਾਮੋ,ਅਰੇਸੋ ਆਦਿ ਦਾ ਉਚੇਚਾ ਜ਼ਿਕਰ ਹੈ।

ਪੜ੍ਹੋ ਇਹ ਅਹਿਮ ਖ਼ਬਰ-'ਐਮਰਜੈਂਸੀ ਐਕਟ' ਦੀ ਦੁਰਵਰਤੋਂ ਨੂੰ ਲੈਕੇ ਅਦਾਲਤ ਨੇ PM ਟਰੂਡੋ ਦੀ ਕੀਤੀ ਨਿੰਦਾ

ਯੂਰਪੀਅਨ ਯੂਨੀਅਨ ਅਨੁਸਾਰ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੌਰਾਨ ਸੜਕ ਹਾਦਸਿਆਂ ਦੀ 80 ਫੀਸਦੀ ਸੰਭਾਵਨਾ ਹੁੰਦੀ ਹੈ ਜਦੋ ਕਿ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਿੱਚ 10 ਫੀਸਦੀ ਹੀ ਸੜਕ ਹਾਦਸਿਆਂ ਦੀ ਸੰਭਾਵਨਾ ਹੋ ਸਕਦੀ ਹੈ। ਯੂਰਪੀ ਯੂਨੀਅਨ ਦਾ ਉਦੇਸ਼ 2050 ਤੱਕ ਸਾਰੇ ਯੂਰਪੀਅਨ ਦੇਸ਼ਾਂ ਵਿੱਚ ਸੜਕ ਹਾਦਸਿਆਂ ਦੀ ਗਿਣਤੀ ਜ਼ੀਰੋ ਕਰਨਾ ਹੈ। ਵਾਹਨਾਂ ਦੀ ਰਫ਼ਤਾਰ ਘਟਾਉਣ ਲਈ ਕਿਹੜੇ-ਕਿਹੜੇ ਹੋਰ ਸ਼ਹਿਰ ਅੱਗੇ ਆਉਂਦੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਸ ਫ਼ੈਸਲੇ ਨਾਲ ਸੜਕ 'ਤੇ ਪੈਦਲ ਚੱਲਣ ਵਾਲੇ ਉਹ 30-35 ਫੀਸਦੀ ਲੋਕ ਕਾਫ਼ੀ ਖੁਸ਼ ਦੇਖੇ ਜਾ ਰਹੇ ਹਨ ਜਿਨ੍ਹਾਂ ਕੋਲ ਵੱਡੀਆਂ ਮੋਟਰ ਗੱਡੀਆਂ ਨਹੀਂ ਹਨ। ਬਹੁਤੇ ਇਟਾਲੀਅਨ ਘਰੋ ਬਾਹਰ ਆਉਣ-ਜਾਣ ਲਈ ਮੋਟਰ ਗੱਡੀਆਂ ਦੀ ਵਧੇਰੇ ਵਰਤੋਂ ਕਰਦੇ ਹਨ। ਇੱਕ ਸਰਵੇ ਅਨੁਸਾਰ ਇਟਲੀ ਯੂਰਪ ਭਰ ਵਿੱਚ ਕਾਰਾਂ ਦੀ ਮਾਲਕੀ ਲਈ ਜਰਮਨ ਤੋਂ ਬਾਅਦ ਦੂਜੇ ਨੰਬਰ 'ਤੇ ਹੈ ਜਿੱਥੇ ਕਿ 1000 ਵਿਅਕਤੀਆਂ ਵਿੱਚੋਂ 670 ਕਾਰਾਂ ਦੇ ਮਾਲਕ ਹਨ ਤੇ ਸ਼ਾਇਦ ਇਸ ਲਈ ਹੀ ਇਟਲੀ ਵਿੱਚ ਸੜਕ ਹਾਦਸੇ ਵੱਧ ਰਹੇ ਹਨ। ਜਿਨ੍ਹਾਂ ਨੂੰ ਰੋਕਣ ਲਈ ਕਈ ਸਹਿਰਾਂ ਦੇ ਪ੍ਰਸ਼ਾਸਨ ਵੱਲੋਂ ਸੰਜੀਦਗੀ ਦਿਖਾਉਂਦਿਆਂ ਵਾਹਨਾਂ ਦੀ ਸ਼ਹਿਰ ਵਿੱਚ ਰਫ਼ਤਾਰ ਨੂੰ ਘੱਟ ਕੀਤੇ ਜਾਣ ਦੇ ਕਾਰਜ ਕੀਤੇ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News