ਇਟਲੀ ''ਚ ਧੂਮਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ

08/18/2019 5:26:52 PM

ਰੋਮ/ਇਟਲੀ(ਕੈਂਥ)— ਇਟਲੀ ਦੇ ਜ਼ਿਲਾ ਵਿਚੈਂਸਾ ਦੇ ਕਸਬਾ ਆਰਜੀਨੀਆਨੋ ਵਿਖੇ ਪੰਜਾਬੀ ਸੱਭਿਆਚਾਰ ਦੀਆਂ ਬਾਤਾਂ ਪਾਉਂਦਾ ਤੀਆਂ ਤੀਜ ਦੀਆਂ ਦਾ ਤਿਉਹਾਰ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਇਸ ਵਿਚ ਪੰਜਾਬੀ ਪਹਿਰਾਵੇ ਵਿਚ ਸੱਜੀਆਂ ਮੁਟਿਆਰਾਂ ਨੇ ਗਿੱਧਾ, ਭੰਗੜਾ ਤੇ ਬੋਲੀਆਂ ਨਾਲ ਖੂਬ ਰੰਗ ਬੰਨ੍ਹਿਆ ਅਤੇ ਜਿਸ ਦੀ ਸੁਰੂਆਤ ਨੰਨੇ-ਮੁੰਨੇ ਬੱਚਿਆਂ ਵੱਲੋਂ ਵੀ ਪੰਜਾਬੀ ਗੀਤਾਂ ਤੇ ਦਿਲ ਟੁੰਬਣ ਵਾਲੀ ਪੇਸ਼ਕਾਰੀ ਨਾਲ ਕੀਤੀ ਗਈ। ਉਪਰੰਤ ਪੰਜਾਬੀ ਮੁਟਿਆਰਾਂ ਵੱਲੋਂ ਪੰਜਾਬੀ ਸੰਗੀਤ ਦੇ ਦਿਲ ਨੂੰ ਛੂਹ ਲੈਣ ਵਾਲੇ ਗਾਣਿਆਂ ਤੇ ਸੋਲੋ ਪਰਫਾਰਮੈਂਸ ਪੇਸ਼ ਕਰਕੇ ਸਭ ਦੀ ਵਾਹ-ਵਾਹ ਖੱਟੀ ਗਈ। 

ਪ੍ਰੋਗਰਾਮ ਦੇ ਆਖਿਰ ਵਿੱਚ ਮੈਡਮ ਪ੍ਰਵੀਨ ਬਾਲਾ ਨੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਸਭ ਪੰਜਾਬੀ ਮੁਟਿਆਰਾਂ ਦਾ ਧੰਨਵਾਦ ਕਰਦਿਆਂ ਕਿਹਾ,''ਕੀ ਹੋਇਆ ਜੇਕਰ ਅਸੀਂ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਵੱਸਦੇ ਹਾਂ ਪਰ ਪੰਜਾਬ ਹਰ ਪੰਜਾਬੀ ਦੇ ਦਿਲ ਵਿੱਚ ਵੱਸਦਾ ਹੈ। ਸਾਨੂੰ ਸਭ ਨੂੰ ਵਿਦੇਸ਼ਾਂ ਵਿੱਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਪੰਜਾਬੀ ਸੱਚਿਆਚਾਰ ਦੀ ਗੱਲ ਕਰਦੇ ਪ੍ਰੋਗਰਾਮ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਵੀ ਪੰਜਾਬੀ ਸੱਭਿਆਚਾਰ ਨੂੰ ਚੰਗੀ ਤਰ੍ਹਾਂ ਸਮਝ ਸਕੇ।'' ਇਸ ਮੌਕੇ ਗੁਰਸਰਨ ਕੌਰ, ਗੁਰਿੰਦਰ ਕੌਰ, ਰਿਚਾ ਸ਼ਰਮਾ, ਸਰੂਚੀ ਦੇਵੀ, ਵਨੀਤਾ, ਸੀਰਤ, ਮਧੂ ਸਰਮਾ ਪ੍ਰਬੰਧਕੀ ਟੀਮ ਵਿਚ ਸਾਮਿਲ ਸਨ।


Vandana

Content Editor

Related News