ਇਟਲੀ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ''ਤੇ ਸਜਿਆ 14ਵਾਂ ਨਗਰ ਕੀਰਤਨ
Tuesday, Nov 18, 2025 - 12:53 PM (IST)
ਬਰੇਸ਼ੀਆ (ਦਲਵੀਰ ਸਿੰਘ ਕੈਂਥ)- ਇਟਲੀ 'ਚ ਰਹਿ ਰਹੀਆਂ ਸਿੱਖ ਸੰਗਤਾਂ ਵੱਲੋਂ ਪਹਿਲੀ ਪਾਤਸ਼ਾਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਇਥੋਂ ਦੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਤੇਨੇਦਲੋ ਵੱਲੋਂ 14ਵਾਂ ਵਿਸ਼ਾਲ ਨਗਰ ਕੀਰਤਨ ਕਸਤੇਨੇਦਲੋ (ਬਰੇਸ਼ੀਆ) ਵਿਖੇ ਸਜਾਇਆ ਗਿਆ। ਵੱਡੀ ਗਿਣਤੀ 'ਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ। ਖਰਾਬ ਮੌਸਮ ਦੇ ਬਾਵਜੂਦ ਵੀ ਕਸਤੇਨੇਦਲੋ ਨਗਰ 'ਚ ਪਰਿਕਰਮਾ ਕੀਤੀ ਗਈ ਅਤੇ ਸੰਗਤਾਂ ਦੁਆਰਾ ਮੀਂਹ 'ਚ ਵੀ ਬੋਲੇ ਸੋ ਨਿਹਾਲ ਦੇ ਜੈਕਾਰਿਆ ਨਾਲ ਅਸਮਾਨ ਗੂੰਜਣ ਲਗਾ ਦਿੱਤਾ।

ਪੰਜ ਪਿਆਰਿਆਂ, ਪੰਜ ਨਿਸ਼ਾਨਚੀ ਸਿੰਘਾਂ ਦੀ ਸੁਚੱਜੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ 'ਚ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਹੋਈ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਗੱਤਕਾ ਅਕੈਡਮੀ ਦੇ ਗੱਤਕਾ ਸਿੰਘਾਂ ਵੱਲੋ ਗਤਕਾ ਕਲ੍ਹਾਂ ਦੇ ਅਲੌਕਿਕ ਦ੍ਰਿਸ਼ ਵਿਖਾਏ ਗਏ। ਨਗਰ ਕੀਰਤਨ ਦੀ ਸਮਾਪਤੀ 'ਤੇ ਗੁਰਦਆਰਾ ਸਾਹਿਬ 'ਚ ਦੀਵਾਨ ਸਜਾਏ ਗਏ। ਜਿੱਥੇ ਭਾਈ ਅੰਗਰੇਜ ਸਿੰਘ ਜਾਂਗਲਾਂ ਦੇ ਕਵੀਸ਼ਰੀ ਜੱਥੇ ਦੁਆਰਾ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ। ਸੇਵਾਦਾਰਾਂ ਵੱਲੋ ਆਈਆਂ ਸੰਗਤਾਂ ਲਈ ਵੱਖ ਵੱਖ ਸਟਾਲਾਂ ਦੇ ਪ੍ਰਬੰਧ ਕਰਕੇ ਸੇਵਾਵਾਂ ਨਿਭਾਈਆਂ ਗਈਆਂ। ਵੱਖ ਵੱਖ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨਗਰ ਕੀਰਤਨ 'ਚ ਸ਼ਾਮਿਲ ਹੋਏ। ਪ੍ਰਬੰਧਕਾਂ ਵੱਲੋਂ ਵੱਖ ਵੱਖ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਨਗਰ ਕੀਰਤਨ ਮੌਕੇ ਸੇਵਾਵਾਂ ਕਰਨ ਵਾਲਿਆਂ ਨੂੰ ਸਿਰੋਪਾਓ ਭੇਂਟ ਕੀਤਾ ਗਿਆ ਅਤੇ ਸੰਗਤਾਂ ਨੂੰ ਜੀ ਆਇਆ ਆਖਿਆ।
