ਇਟਲੀ ‘ਚ ਤਾਲਾਬੰਦੀ ਨੇ ਪਤੀ-ਪਤਨੀ ਦੇ ਰਿਸ਼ਤੇ ''ਚ ਪੈਦਾ ਕੀਤੀ ਖਟਾਸ, ਕਈ ਘਰ ਉੱਜੜੇ

01/29/2021 6:05:11 PM

ਰੋਮ/ਇਟਲੀ (ਕੈਂਥ): ਇਟਲੀ ਸਮੇਤ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਮਹਾਮਾਰੀ ਕਰਕੇ ਇਟਲੀ ਵਾਸੀਆਂ ਨੂੰ ਹੁਣ ਤੱਕ ਜਾਨੀ ਅਤੇ ਮਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਇੱਕ ਰਿਪੋਰਟ ਅਨੁਸਾਰ ਇਟਲੀ ਵਿੱਚ ਕੋਰੋਨਾ ਵਾਇਰਸ ਦੇ ਚਲਦਿਆਂ ਸਮੇਂ-ਸਮੇਂ ਤੇ ਤਾਲਾਬੰਦੀ ਦੌਰਾਨ ਵਿਆਹੁਤਾ ਲੋਕਾਂ ਵਿੱਚ ਆਪਸੀ ਘਰੇਲੂ ਤਾਲਮੇਲ ਨਾ ਰਹਿਣ ਕਰਕੇ ਇਟਲੀ ਵਿੱਚ ਤਲਾਕ ਲੈਣ ਵਾਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। 

ਇਟਲੀ ਦੇ ਤਲਾਕ ਸੰਬੰਧੀ ਕੇਸਾਂ ਨੂੰ ਦੇਖਣ ਵਾਲੀ ਸੰਸਥਾ ਨੈਸ਼ਨਲ ਵਕੀਲ ਐਸੋਸੀਏਸ਼ਨ ਦੇ ਪ੍ਰਧਾਨ ਸਪੇਜਾਂ ਮਤੀਂਓ ਸੰਨਤਿਨੀ ਵਲੋਂ ਬੀਤੇ ਦਿਨੀਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਮਾਰਚ 2020 ਜਦੋ ਤੋਂ ਇਟਲੀ ਵਿੱਚ ਕੋਰੋਨਾ ਵਾਇਰਸ ਕਾਰਨ ਤਾਲਾਬੰਦੀ ਹੋਈ ਹੈ ਉਸ ਸਮੇਂ ਤੋਂ ਲੈ ਕੇ ਹੁਣ ਤੱਕ 60% ਲੋਕਾਂ ਦੇ ਗ੍ਰਿਸਤੀ ਜੀਵਨ ਉੱਜੜ ਚੁੱਕੇ ਹਨ ਤੇ ਇਹ ਇਜਾਫਾ ਹਾਲੇ ਵੀ ਜਾਰੀ ਹੈ।ਉਨ੍ਹਾਂ ਵਲੋਂ ਕੋਰੋਨਾ ਵਾਇਰਸ ਦੇ ਕਰਕੇ ਦੇਸ਼ ਅੰਦਰ ਲੱਗੀ ਤਾਲਾਬੰਦੀ ਨੂੰ ਇਸ ਦੀ ਵਜ੍ਹਾ ਠਹਿਰਾਇਆ ਗਿਆ ਹੈ ਕਿਉਂਕਿ ਤਾਲਾਬੰਦੀ ਦੌਰਾਨ ਆਮ ਤੌਰ 'ਤੇ ਜ਼ਿਆਦਾਤਰ ਲੋਕ ਘਰ ਵਿੱਚ ਕੈਦ ਹੋਣ ਲਈ ਮਜਬੂਰ ਸਨ। ਨਾ ਤਾਂ ਲੋਕ ਖੁੱਲ੍ਹ ਕੇ ਆਪਣੀ ਜ਼ਿੰਦਗੀ ਨੂੰ ਜੀਅ ਰਹੇ ਸਨ ਅਤੇ ਨਾ ਹੀ ਘਰਾਂ ਤੋਂ ਬਾਹਰ ਸੈਰ ਸਪਾਟੇ ਲਈ ਜਾ ਸਕਦੇ ਸਨ ਜਿਸ ਕਾਰਨ ਜ਼ਿਆਦਾਤਰ ਲੋਕਾਂ ਨੂੰ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ।

ਦੂਜੇ ਪਾਸੇ ਏ.ਐਮ.ਆਈ. ਦੇ ਪ੍ਰਧਾਨ ਵਕੀਲ ਜ਼ੈਨ ਏਤੌਰੇ ਗਸਾਨੀ ਦਾ ਕਹਿਣਾ ਹੈ ਕਿ ਇਟਲੀ ਵਿੱਚ ਐਮਰਜੈਂਸੀ ਕਰਕੇ ਦੇਸ਼ ਦੀ ਆਰਥਿਕਤਾ ਨੂੰ ਬਹੁਤ ਵੱਡਾ ਧੱਕਾ ਲੱਗਾ ਹੈ ਜਿਸ ਕਰਕੇ ਵਿਆਹੁਤਾ ਲੋਕਾਂ ਵਿਚਕਾਰ ਹਿੰਸਾ ਵਿੱਚ ਵੀ ਵਾਧਾ ਹੋਇਆ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਜ਼ਿਆਦਾਤਰ ਲੋਕ ਇੱਕ ਦੂਜੇ ਤੋਂ ਤਲਾਕ ਲੈ ਕੇ ਵੱਖ ਰਹਿਣਾ ਪਸੰਦ ਕਰਦੇ ਹਨ। ਸ਼ਾਇਦ ਇਸ ਕਰਕੇ ਹੀ ਤਲਾਕ ਲੈਣ ਵਾਲਿਆਂ ਦੀ ਗਿਣਤੀ ਵਿੱਚ ਇਜਾਫਾ ਦੇਖਿਆ ਜਾ ਰਿਹਾ ਹੈ। ਇੱਥੇ ਇਹ ਵੀ ਜ਼ਿਕਰਯੋਗ ਕਿ ਕੋਵਿਡ-19 ਕਾਰਨ ਸਾਲ 2020 ਦੇ ਦੌਰਾਨ ਇਟਲੀ ਵਿੱਚ ਬੱਚਿਆਂ ਦੀ ਜਿੱਥੇ ਜਨਮ ਦਰ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਈ ਹੈ ਉੱਥੇ ਪਹਿਲਾਂ ਹੀ ਪਿਛਲੇ ਕਰੀਬ 3 ਦਹਾਕਿਆਂ ਤੋਂ ਨੌਜਵਾਨਾਂ ਵਰਗ ਵਿੱਚ ਵਿਆਹ ਕਰਨਾ ਤੇ ਬੱਚਿਆਂ ਵੱਲ ਰੁਚੀ ਬਹੁਤ ਘੱਟ ਹੈ।

ਨੋਟ- ਇਟਲੀ 'ਚ ਤਾਲਾਬੰਦੀ ਕਾਰਨ ਵਧੇ ਤਲਾਕ ਦੇ ਮਾਮਲੇ, ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦਿਓ।


Vandana

Content Editor

Related News