ਇਟਲੀ: ਦੂਜੀ ਸੰਸਾਰ ਜੰਗ ''ਚ ਸ਼ਹੀਦ ਹੋਏ ਸਮੂਹ ਸਿੱਖ ਫ਼ੌਜੀਆਂ ਦੀ ਯਾਦ ''ਚ ਕਰਵਾਇਆ ਗਿਆ ਸ਼ਰਧਾਂਜਲੀ ਸਮਾਗਮ
Monday, Oct 04, 2021 - 02:38 PM (IST)
ਰੋਮ/ਇਟਲੀ (ਕੈਂਥ)- ਵਰਲਡ ਸਿੱਖ ਸ਼ਹੀਦ ਮਿਲੀਟਰੀ ਯਾਦਗਾਰੀ ਕਮੇਟੀ ਰਜਿ: ਇਟਲੀ ਅਤੇ ਇਲ ਪਾਲੀਆਈਓ ਫਾਰਮ ਹਾਊਸ ਦੇ ਮਾਲਕ ਮਿਸਟਰ ਜੋਵਾਨੀ ਅਤੇ ਉਹਨਾਂ ਦੀ ਪਤਨੀ ਏਲੇਓਨੋਰਾ ਅਤੇ ਸਥਾਨਕ ਪ੍ਰਸ਼ਾਸਨ (ਸਾਰਸੀਨਾ ਅਤੇ ਮੇਰਕਾਤੋ ਸਾਰਾਚੇਨੋ) ਵੱਲੋਂ ਜ਼ਿਲ੍ਹਾ ਫੁਰਲੀ ਚੇਜੇਨਾ ਵਿਖੇ ਦੂਜੀ ਸੰਸਾਰ ਜੰਗ ਵਿਚ ਸ਼ਹੀਦ ਹੋਏ ਸਮੂਹ ਸਿੱਖ ਫ਼ੌਜੀਆਂ ਦੀ ਯਾਦ ਵਿਚ ਸ਼ਰਧਾਜਲੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸਿੱਖ ਅਤੇ ਇਟਾਲੀਅਨ ਭਾਈਚਾਰੇ ਨੇ ਸ਼ਿਰਕਤ ਕੀਤੀ।
ਕੋਵਿਡ ਦੀਆਂ ਪਾਬੰਦੀਆਂ ਕਾਰਨ ਭਾਰੀ ਇਕੱਠ ਨਹੀਂ ਕੀਤਾ ਗਿਆ। ਕਮੇਟੀ ਵੱਲੋਂ ਪ੍ਰਿਥੀਪਾਲ ਸਿੰਘ, ਸਤਨਾਮ ਸਿੰਘ, ਜਗਦੀਪ ਸਿੰਘ ਮੱਲ੍ਹੀ, ਕੁਲਜੀਤ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰਕਾਤੋ ਸਾਰਾਚੇਨੋ ਅਤੇ ਸਾਰਸੀਨਾ ਪ੍ਰਸ਼ਾਸਨ ਨੇ ਸ਼ਰਧਾਜਲੀ ਸਮਾਗਮ ਵਿਚ ਪਹੁੰਚਣ ਲਈ ਸਿੱਖ ਭਾਈਚਾਰੇ ਦਾ ਖ਼ਾਸ ਧੰਨਵਾਦ ਕੀਤਾ ਅਤੇ ਸ਼ਹੀਦ ਸਿੱਖ ਫੌਜੀਆਂ ਨੂੰ ਯਾਦ ਕੀਤਾ। ਸ਼ਹੀਦਾਂ ਦੀ ਯਾਦਗਾਰ 'ਤੇ ਅਰਦਾਸ ਉਪਰੰਤ ਫੁੱਲ ਭੇਂਟ ਕੀਤੇ ਗਏ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਗਿੱਲ ਆਦਿ ਨੇ ਵੀ ਹਾਜ਼ਰੀ ਲਗਵਾਈ।