ਇਟਲੀ ''ਚ ਭਾਰਤੀ ਮੂਲ ਦੀ ਸਿੱਖ ਪੰਜਾਬਣ ਬਣੀ ਮਿਊਂਸੀਪਲ ''ਚ ਵਿਸ਼ੇਸ਼ ਸਲਾਹਕਾਰ

08/13/2019 11:51:51 AM

ਰੋਮ/ਇਟਲੀ (ਕੈਂਥ)— ਵਿਦੇਸ਼ਾਂ ਵਿੱਚ ਆਕੇ ਪੰਜਾਬੀਆਂ ਵੱਲੋਂ ਕੀਤੀ ਸਖ਼ਤ ਮਿਹਨਤ ਅਤੇ ਬੁਲੰਦ ਹੌਸਲਿਆਂ ਦਾ ਲੋਹਾ ਪੂਰੀ ਦੁਨੀਆ ਮੰਨਦੀ ਹੈ। ਹੁਣ ਇਟਲੀ ਦੇ ਪੰਜਾਬੀ ਵੀ ਨਿਰੰਤਰ ਆਪਣੀ ਕਾਬਲੀਅਤ ਅਤੇ ਦ੍ਰਿੜ੍ਹ ਇਰਾਦਿਆਂ ਨਾਲ ਸਰਕਾਰੇ ਦਰਬਾਰੇ ਕਾਮਯਾਬੀ ਦੇ ਝੰਡੇ ਗੱਡੀ ਜਾ ਰਹੇ ਹਨ।ਇਟਲੀ ਵਿੱਚ ਅਜਿਹੀ ਹੀ ਇੱਕ ਭਾਰਤੀ ਮੂਲ ਦੀ ਸਿੱਖ ਪੰਜਾਬਣ ਹੈ ਜਿਹੜੀ ਕਿ ਆਪਣੇ ਮਾਪਿਆਂ ਦਾ ਅਤੇ ਭਾਰਤ ਦਾ ਨਾਮ ਰੌਸ਼ਨ ਕਰ ਰਹੀ ਹੈ ।ਰਮੀਤ ਸਿੰਘ (26) ਇਟਲੀ ਵਿੱਚ ਪਹਿਲੀ ਅਜਿਹੀ ਭਾਰਤੀ ਮੂਲ ਦੀ ਸਿੱਖ ਪੰਜਾਬਣ ਬਣੀ ਹੈ, ਜਿਸ ਨੂੰ ਜ਼ਿਲਾ ਕਿਰਮੋਨਾ ਅਧੀਨ ਪੈਂਦੀ ਮਿਊਂਸੀਪਲ ਪਦੇਰਨੋ ਪੋਨਕੇਲੀ ਵਿਖੇ ਸਰਕਾਰੀ ਤੌਰ 'ਤੇ ਵਿਸ਼ੇਸ਼ ਸਲਾਹਕਾਰ ਬਣਾਇਆ ਗਿਆ ਹੈ ।

ਕਰੀਬ 30 ਸਾਲ ਪਹਿਲਾਂ ਰੋਜੀ-ਰੋਟੀ ਲਈ ਇਟਲੀ ਆਏ ਅਵਤਾਰ ਸਿੰਘ ਨੇ ਹੱਢ-ਤੋੜਵੀਂ ਮਿਹਨਤ ਕਰਦਿਆਂ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਹੀ ਨਹੀਂ ਦਿਵਾਈ ਸਗੋ ਚੰਗੀ ਸੋਚ ਅਤੇ ਚੰਗੇ ਸੰਸਕਾਰ ਵੀ ਦਿੱਤੇ ਹਨ। ਇਹਨਾਂ ਪੂਰਨਿਆਂ ਉਪੱਰ ਚੱਲਦਿਆਂ ਹੀ ਅਵਤਾਰ ਸਿੰਘ ਅਤੇ ਕਮਲਜੀਤ ਕੌਰ ਦੀ ਲਾਡਲੀ ਧੀ ਰਮੀਤ ਸਿੰਘ (26) ਨੇ ਇਹ ਅਹੁਦਾ ਹਾਸਲ ਕੀਤਾ ਹੈ। ਰਮੀਤ ਸਿੰਘ ਵਿਦੇਸ਼ੀਆਂ ਲਈ ਖਾਸਕਰ ਕੇ ਭਾਰਤੀਆਂ ਲਈ ਕੌਂਸਲ ਵੱਲੋਂ ਦਿੱਤੀਆ ਜਾ ਰਹੀਆਂ ਸੇਵਾਵਾਂ ਨੂੰ ਹਿੰਦੀ ਜਾਂ ਪੰਜਾਬੀ ਵਿੱਚ ਅਨੁਵਾਦ ਕਰੇਗੀ।ਰਮੀਤ ਸਿੰਘ ਦੀ ਇਸ ਨਿਯੁਕਤੀ ਨਾਲ ਇਲਾਕੇ ਭਰ ਦੇ ਭਾਰਤੀ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ।

ਪਹਿਲਾਂ ਮਿਊਂਸੀਪਲ ਦੀਆਂ ਅਨੇਕਾਂ ਸੇਵਾਵਾਂ ਕਈ ਭਾਰਤੀਆਂ ਨੂੰ ਸਿਰਫ਼ ਬੋਲੀ ਕਾਰਨ ਹੀ ਸਮਝ ਨਹੀਂ ਸਨ ਲੱਗਦੀਆਂ ਪਰ ਹੁਣ ਇਸ ਸਿੱਖ ਪੰਜਾਬਣ ਧੀ ਦੀ ਬਦੌਲਤ ਇਸ ਮਿਊਂਸੀਪਲ ਅਧੀਨ ਰਹਿੰਦੇ ਭਾਰਤੀ ਪੂਰੀ ਤਰ੍ਹਾਂ ਗੱਲ ਨੂੰ ਸਮਝ ਕੇ ਇਟਾਲੀਅਨ ਕਾਨੂੰਨ ਦੀ ਪੂਰਨ ਪਾਲਣਾ ਕਰਨਗੇ। ਰਮੀਤ ਸਿੰਘ ਬੇਸ਼ੱਕ ਇਟਲੀ ਦੀ ਜੰਮਪਲ ਹੈ ਪਰ ਜਿਸ ਵਧੀਆ ਢੰਗ ਨਾਲ ਮਾਂ ਬੋਲੀ ਪੰਜਾਬੀ ਨੂੰ ਬੋਲਦੀ ਹੈ ਇਸ ਕਾਰਜ ਲਈ ਮਾਪੇ ਅਵਤਾਰ ਸਿੰਘ ਤੇ ਕਮਲਜੀਤ ਕੌਰ ਵਿਸ਼ੇਸ਼ ਵਧਾਈ ਦੇ ਪਾਤਰ ਹਨ ।ਇਹਨਾਂ ਮਾਪਿਆਂ ਨੇ ਵਿਦੇਸ਼ ਰਹਿੰਦਿਆਂ ਵੀ ਆਪਣੀ ਲਾਡਧੀ ਨੂੰੰ ਮਾਂ ਬੋਲੀ ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜਕੇ ਰੱਖਿਆ।

ਇਸ ਮੌਕੇ ਇਟਾਲੀਅਨ ਪੰਜਾਬੀ ਪ੍ਰੈੱਸ ਕੱਲਬ ਨਾਲ ਰਮੀਤ ਸਿੰਘ ਨੇ ਉਸ ਨੂੰ ਨਗਰ ਕੌਂਸਲ ਵੱਲੋਂ ਮਿਲੀ ਜ਼ਿੰਮੇਵਾਰੀ ਲਈ ਧੰਨਵਾਦ ਅਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹ ਤਨਦੇਹੀ ਨਾਲ ਭਾਰਤੀ ਭਾਈਚਾਰੇ ਲਈ ਹਰ ਸੰਭਵ ਸਹਾਇਤਾ ਕਰੇਗੀ ਅਤੇ ਆਪਣੇ ਵੱਲੋਂ ਜਿੰਨ੍ਹਾਂ ਵੀ ਹੋ ਸਕੇ ਇਟਾਲੀਅਨ ਕਾਨੂੰਨ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਏਗੀ।ਰਮੀਤ ਸਿੰਘ ਨੇ ਇਹ ਗੱਲ ਇਟਲੀ ਦੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਉਚੇਚੇ ਤੌਰ 'ਤੇ ਕਹੀ ਹੈ ਕਿ ਉਹ ਇਟਾਲੀਅਨ ਕਾਨੂੰਨ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਤੇ ਪੂਰਾ ਸਤਿਕਾਰ ਦੇਣ। ਤੱਦ ਹੀ ਅਸੀਂ ਇਟਲੀ ਵਿੱਚ ਹੋਰ ਲੋਕਾਂ ਲਈ ਵਧੀਆ ਨਾਗਰਿਕ ਵਜੋਂ ਜਾਣੇ ਜਾ ਸਕਦੇ ਹਾਂ।

ਜਿਸ ਤਰ੍ਹਾਂ ਇੱਕ ਮਹਿਮਾਨ ਸਾਡੇ ਘਰ ਵਿੱਚ ਆਕੇ ਸ਼ਿਸ਼ਟਾਚਾਰ ਪ੍ਰਤੀ ਸੰਜੀਦਾ ਹੁੰਦਾ ਹੈ ਉਸ ਤਰ੍ਹਾਂ ਹੀ ਇਟਲੀ ਦੇ ਭਾਰਤੀਆਂ ਨੂੰ ਵੀ ਦੇਸ਼ ਵਿੱਚ ਅਮਨ ਕਾਨੂੰਨ ਬਣਾ ਕੇ ਰੱਖਣ ਲਈ ਸ਼ਿਸ਼ਟਾਚਾਰੀ ਬਣਨਾ ਚਾਹੀਦਾ ਹੈ।ਇਟਲੀ ਦੇ ਭਾਰਤੀ ਦੇਸ਼ ਵਿੱਚ ਦੰਗੇ ਫਸਾਦ ਕਰਨ ਦੀ ਬਜਾਏ ਇਟਲੀ ਦੇ ਚੰਗੇ ਨਾਗਰੀਕ ਬਣਨ।ਇਸ ਕਾਰਵਾਈ ਨਾਲ ਇਟਲੀ ਵਿੱਚ ਭਾਰਤੀ ਲੋਕਾਂ ਦੀ ਅਪਰਾਧ ਕਾਰਨ ਖਰਾਬ ਹੋ ਰਹੇ ਅਕਸ ਨੂੰ ਕਾਫ਼ੀ ਹੱਦ ਤੱਕ ਬਚਾਇਆ ਜਾ ਸਕਦਾ ਹੈ।ਇਸ ਮੌਕੇ ਮਿਊਂਸੀਪਲ ਪਦੇਰਨੋ ਪੋਨਕੇਲੀ ਦੀ ਮੇਅਰ ਕਰੀਸਤੀਨੀ ਸਤਰੀਨਾਤੀ ਨੇ ਕਿਹਾ ਕਿ ਉਹਨਾਂ ਨੂੰ ਰਮੀਤ ਸਿੰਘ ਦੀ ਵਧੀਆ ਸੋਚ ਅਤੇ ਕਾਬਲੀਅਤ ਉਪੱਰ ਬਹੁਤ ਮਾਣ ਹੈ ।ਚੰਗੀਆਂ ਗਤੀਵਿਧੀਆਂ ਕਾਰਨ ਹੀ ਉਸ ਨੂੰ ਮਿਊਂਸੀਪਲ ਵੱਲੋਂ ਵਿਸ਼ੇਸ਼ ਸਲਾਹਕਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।


Vandana

Content Editor

Related News