ਪੁਨਤੀਨੀਆ ਵਿਖੇ 24 ਅਪ੍ਰੈਲ ਨੂੰ ਸਜਾਇਆ ਜਾਣ ਵਾਲਾ ਨਗਰ ਕੀਰਤਨ ਹੁਣ 8 ਮਈ ਨੂੰ ਸਜੇਗਾ
Saturday, Apr 23, 2022 - 02:46 PM (IST)
ਰੋਮ(ਕੈਂਥ)- ਇਟਲੀ ਦੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਪੁਨਤੀਨੀਆ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਟਲੀ ਵਿੱਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ 24 ਅਪ੍ਰੈਲ ਦਿਨ ਐਤਵਾਰ ਨੂੰ ਨਗਰ ਕੀਰਤਨ ਸਜਾਇਆ ਜਾਣਾ ਸੀ, ਜੋ ਕਿ ਕੁਝ ਪ੍ਰਸ਼ਾਸਨਿਕ ਕਾਰਨਾਂ ਕਰਕੇ ਇੱਕ ਹਫ਼ਤੇ ਲਈ ਅੱਗੇ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪ੍ਰੈੱਸ ਨਾਲ ਜਾਣਕਾਰੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜੋ ਵਿਸ਼ਾਲ ਨਗਰ ਕੀਰਤਨ 24 ਅਪ੍ਰੈਲ ਨੂੰ ਸਜਾਇਆ ਜਾਣਾ ਸੀ, ਉਹ ਪ੍ਰਸ਼ਾਸ਼ਨਕ ਕਾਰਨਾਂ ਕਾਰਨ ਹੁਣ 8 ਮਈ ਦਿਨ ਐਤਵਾਰ ਨੂੰ ਸਜਾਇਆ ਜਾਵੇਗਾ।
ਇਸ ਸਬੰਧੀ ਤਿਆਰੀਆਂ ਪਹਿਲਾਂ ਤੋਂ ਹੀ ਮੁਕੰਮਲ ਸਨ ਪਰ ਅਸੀਂ ਸੰਗਤਾਂ ਤੋਂ ਖਿਮਾ ਦੇ ਜਾਚਕ ਹਾਂ ਕਿ ਤਾਰੀਖ਼ ਬਦਲਣੀ ਪੈ ਗਈ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਭੋਗ ਉਪਰੰਤ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਸਜਾਇਆ ਜਾਵੇਗਾ। ਇਸ ਉਪਰੰਤ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਕੀਤੀ ਜਾਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਜਾਣ ਵਾਲੇ ਨਗਰ ਕੀਰਤਨ, ਜਿਸ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਹੋਵੇਗੀ।
ਇਸ ਮੌਕੇ ਵਿਸ਼ੇਸ਼ ਦੀਵਾਨ ਵੀ ਸਜਾਏ ਜਾਣਗੇ। ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਇਲਾਕੇ ਦੀਆਂ ਸੰਗਤਾਂ ਨੂੰ ਵੱਧ ਚੜ੍ਹ ਕੇ ਇਸ ਮਹਾਨ ਨਗਰ ਕੀਰਤਨ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਪ੍ਰਬੰਧਕ ਨੇ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਜਿਨ੍ਹਾਂ ਨੇ ਲੰਗਰਾਂ ਦੇ ਸਟਾਲ ਲਗਾਉਣੇ ਹਨ, ਉਹ ਪ੍ਰੰਬਧਕ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨਾਲ ਸਪੰਰਕ ਕਰ ਸਕਦੇ ਹਨ।