ਇਟਲੀ ''ਚ ਪੰਜਾਬੀ ਨੌਜਵਾਨਾਂ ''ਚ ਕਬੂਤਰਬਾਜ਼ੀ ਦਾ ਸੌਂਕ ਬੁਲੰਦੀਆਂ ''ਤੇ

Sunday, Jul 21, 2019 - 12:44 PM (IST)

ਇਟਲੀ ''ਚ ਪੰਜਾਬੀ ਨੌਜਵਾਨਾਂ ''ਚ ਕਬੂਤਰਬਾਜ਼ੀ ਦਾ ਸੌਂਕ ਬੁਲੰਦੀਆਂ ''ਤੇ

ਰੋਮ/ਇਟਲੀ (ਕੈਂਥ)— ਪੰਜਾਬੀ ਅਜਿਹੇ ਮਿਹਨਤੀ ਅਤੇ ਬੁਲੰਦ ਹੌਂਸਲਿਆਂ ਵਾਲੇ ਲੋਕ ਹਨ ਜਿਹੜੇ ਕਿ ਦੁਨੀਆ ਵਿੱਚ ਜਿੱਥੇ ਮਰਜ਼ੀ ਵੱਸਣ ਹਰ ਥਾਂ ਆਪਣੇ ਧਰਮ ਅਤੇ ਸ਼ੌਕ ਦੇ ਝੰਡੇ ਝੂਲਾਉਣ ਵਿੱਚ ਕਦੇ ਵੀ ਅਵੇਸਲੇ ਨਹੀਂ ਹੁੰਦੇ ।ਇਟਲੀ ਵਿੱਚ ਅਜਿਹੇ ਪੰਜਾਬੀ ਨੌਜਵਾਨ ਵੀ ਹਨ ਜਿਹੜੇ ਕਿ ਹੱਡ ਤੋੜਵੀਂ ਮਿਹਨਤ ਮੁਸ਼ੱਕਤ ਕਰਨ ਦੇ ਨਾਲ-ਨਾਲ ਪੰਜਾਬ ਦੀਆਂ ਖੇਡਾਂ, ਪੰਜਾਬੀ ਸੱਭਿਆਚਾਰ ਅਤੇ ਆਪਣੇ ਪੰਜਾਬੀ ਸ਼ੌਂਕਾਂ ਨੂੰ ਵੀ ਬੁਲੰਦੀਆਂ ਵੱਲ ਲਿਜਾਣ ਲਈ ਪੱਬਾਂ ਭਾਰ ਹਨ । 

ਇਟਲੀ ਵਿੱਚ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਤਮਾਮ ਖਿਡਾਰੀ ਅਤੇ ਕੱਬਡੀ ਦੇ ਚਹੇਤੇ ਵਧਾਈ ਦੇ ਹੱਕਦਾਰ ਹਨ ਜਿਹੜੇ ਕਾਫ਼ੀ ਸੰਘਰਸ਼ਾਂ ਨਾਲ ਕੱਬਡੀ ਨੂੰ ਇਟਲੀ ਦੀ ਧਰਤੀ ਉਪੱਰ ਸਥਾਪਿਤ ਕਰਨ ਲਈ ਦਿਨ-ਰਾਤ ਜੱਦੋ-ਜਹਿਦ ਕਰਕੇ ਆਪਣੇ ਮਕਸਦ ਵਿੱਚ ਕਾਮਯਾਬ ਵੀ ਹੋ ਰਹੇ ਹਨ ਪਰ ਅਸੀਂ ਇੱਥੇ ਉਹਨਾਂ ਪੰਜਾਬੀ ਨੌਜਵਾਨਾਂ ਦਾ ਜ਼ਿਕਰ ਕਰਨ ਜਾ ਰਹੇ ਹਾਂ ਜਿਹੜੇ ਕਿ ਮਾਂ ਖੇਡ ਕੱਬਡੀ ਨੂੰ ਪਿਆਰ ਕਰਨ ਦੇ ਨਾਲ-ਨਾਲ ਕਬੂਤਰਬਾਜ਼ੀ ਮੁਕਾਬਲਿਆਂ ਦਾ ਸੌਂਕ ਲੈ ਪਿਛਲੇ ਕਰੀਬ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ ਤੋਂ ਇਟਲੀ ਦੇ ਬਾਸ਼ਿੰਦੇ ਬਣ ਗਏ ਹਨ ਪਰ ਇੱਥੇ ਆਕੇ ਵੀ ਕਬੂਤਰਬਾਜ਼ੀ ਦੇ ਸ਼ੌਂਕ ਨੂੰ ਬਰਕਰਾਰ ਰੱਖੇ ਹੋਏ ਹਨ।

ਇਹ ਪੰਜਾਬੀ ਨੌਜਵਾਨ ਜਿਹਨਾਂ ਨੇ ਕਈ ਕਿਸਮਾਂ ਦੇ ਕਬੂਤਰ ਰੱਖੇ ਹੋਏ ਹਨ ।ਕਬੂਤਰਾਂ ਦੇ ਰਹਿਣ ਲਈ ਵਿਸ਼ੇਸ਼ ਤੌਰ ਤੇ ਕਬੂਤਰ ਘਰ ਬਣਾ ਕੇ ਉਹਨਾਂ ਦੀ ਸਾਂਭ-ਸੰਭਾਲ ਕਰ ਰਹੇ ਹਨ ਅਤੇ ਨਾਲ ਹੀ ਇਹਨਾਂ ਕਬੂਤਰਾਂ ਦੀ ਉਡਾਣ ਦੇ ਵਿਸ਼ੇਸ਼ ਮੁਕਾਬਲੇ ਵੀ ਕਰਵਾਉਂਦੇ ਹਨ ਜਿਹਨਾਂ ਨੂੰ ਕਬੂਤਰਬਾਜ਼ੀ ਮੁਕਾਬਲਾ ਕਹਿੰਦੇ ਹਨ।ਪ੍ਰੈੱਸ ਨੂੰ ਕਬੂਤਰਾਂ ਦੇ ਸ਼ੌਂਕ ਸੰਬਧੀ ਜਾਣਕਾਰੀ ਦਿੰਦਿਆਂ ਲਾਤੀਨਾ ਜ਼ਿਲੇ ਦੇ ਸ਼ਹਿਰ ਸਨਫਲੀਚੇ ਦੇ ਵਸਨੀਕ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਬੈਂਸ ਤੇ ਗੁਰਪ੍ਰੀਤ ਸਿੰਘ ਗੌਰਾ ਨੇ ਦੱਸਿਆ ਕਿ ਉਹਨਾਂ ਪਿਛਲੇ ਕਰੀਬ ਇੱਕ ਦਹਾਕੇ ਤੋਂ ਇੰਗਲਿਸ਼ ਟੀਪਲਰ, ਪਾਕਿਸਤਾਨੀ ਮਲਬੇਈ, ਹਾਈਫਲੇਅਰ ਤੇ ਮੋਤੀਆ ਆਦਿ ਨਸਲਾਂ ਦੇ ਦੇਸ਼ੀ-ਵਿਦੇਸ਼ੀ 100 ਤੋਂ ਵੱਧ ਕਬੂਤਰ ਰੱਖੇ ਹੋਏ ਹਨ ਜਿਹਨਾਂ ਦੇ ਬੱਚਿਆਂ ਦੀ ਵੀ ਉਹ ਵਿਸ਼ੇਸ਼ ਦੇਖ-ਭਾਲ ਕਰਦੇ ਹਨ ।

PunjabKesari

ਕਬੂਤਰਬਾਜ਼ੀ ਦਾ ਸ਼ੌਂਕ ਉਹਨਾਂ ਨੂੰ ਪੰਜਾਬ (ਭਾਰਤ) ਤੋਂ ਹੀ ਸੀ ।ਕਦੀ ਸਮਾਂ ਸੀ ਪੰਜਾਬ ਵਿੱਚ ਇਸ ਸ਼ੌਂਕ ਨੂੰ ਸਿਆਣਿਆਂ ਬਜ਼ੁਰਗਾਂ ਵੱਲੋਂ ਚੰਗਾ ਨਹੀਂ ਸੀ ਸਮਝਿਆ ਜਾਂਦਾ ਕਿਉਂਕਿ ਕੁਝ ਨੌਜਵਾਨ ਆਪਣੇ ਘਰਾਂ ਦੇ ਜ਼ਰੂਰੀ ਕੰਮ-ਕਾਜ ਛੱਡ ਕਬੂਤਰਬਾਜ਼ੀ ਦੁਆਲੇ ਹੀ ਲੱਗੇ ਰਹਿੰਦੇ ਸੀ ਪਰ ਹੁਣ ਸਮਾਂ ਬਦਲ ਗਿਆ ਹੈ ਹੁਣ ਕਬੂਤਰਬਾਜ਼ੀ ਵੀ ਕਿੱਤਾ ਬਣ ਗਈ ਹੈ ਤੇ ਕਬੂਤਰਾਂ ਦੇ ਵਿਸ਼ੇਸ਼ ਕਬੂਤਰਬਾਜ਼ੀ ਮੁਕਾਬਲੇ ਹੁੰਦੇ ਹਨ। ਜਿਹੜਾ ਕਬੂਤਰ ਜ਼ਿਆਦਾ ਸਮਾਂ ਉੱਡਦਾ ਹੈ ਉਸ ਨੂੰ ਵਿਸ਼ੇਸ਼ ਇਨਾਮ ਦਿੱਤਾ ਜਾਂਦਾ ਹੈ।ਇਟਲੀ ਵਿੱਚ ਵੀ ਪੰਜਾਬੀਆਂ ਵੱਲੋਂ ਕਬੂਤਰਬਾਜ਼ੀ ਦੇ ਮੁਕਾਬਲੇ ਕਰਵਾਏ ਜਾਂਦੇ ਹਨ।ਬੀਤੇ ਸਮੇਂ ਇਟਲੀ ਦੇ ਜ਼ਿਲਾ ਮਾਨਤੋਵਾ ਵਿਖੇ ਕਬੂਤਰਬਾਜ਼ੀ ਦੇ ਮੁਕਾਬਲੇ ਹੋਏ ਜਿਸ ਵਿੱਚ ਉਹਨਾਂ ਦਾ ਚਿੱਟਾ ਕਬੂਤਰ ਦੂਜੇ ਨੰਬਰ 'ਤੇ ਰਿਹਾ, ਜਿਸ ਨੂੰ ਪ੍ਰਬੰਧਕਾਂ ਵੱਲੋਂ ਧਨਰਾਸ਼ੀ ਅਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ ਗਿਆ।

ਇੱਕ ਹੋਰ ਪੰਜਾਬੀ ਅਮਰਜੀਤ ਸਿੰਘ ਉਪੱਲ ਨੇ ਦੱਸਿਆ ਕਿ ਉਹਨਾਂ ਵੀ 50 ਦੇਸ਼ੀ-ਵਿਦੇਸ਼ੀ ਕਬੂਤਰ ਰੱਖੇ ਹੋਏ ਹਨ ।ਬੀਤੇ ਦਿਨੀਂ ਉਹਨਾਂ ਇੱਕ ਇਟਾਲੀਅਨ ਵਿਅਕਤੀ ਦੇ ਵਿਦੇਸ਼ੀ ਕਬੂਤਰ ਨਾਲ ਆਪਣੇ ਭਾਰਤੀ ਨੀਲੇ ਦੇਸੀ ਕਬੂਤਰ ਨਾਲ ਇਟਲੀ ਦੇ ਸ਼ਹਿਰ ਫਿਰੈਂਸੇ ਤੋਂ ਕਬੂਤਰਬਾਜ਼ੀ ਮੁਕਾਬਲਾ ਕਰਵਾਇਆ। ਦੋ ਦਿਨਾਂ ਵਿੱਚ ਉਸ ਦਾ ਦੇਸੀ ਕਬੂਤਰ 350 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਤੇਰਾਚੀਨਾ ਪਹੁੰਚ ਗਿਆ ਜਦੋਂ ਕਿ ਇਟਾਲੀਅਨ ਵਿਅਕਤੀ ਦਾ ਕਬੂਤਰ ਹਾਲੇ ਤੱਕ ਲਾਪਤਾ ਹੈ। ਇਟਾਲੀਅਨ ਵਿਅਕਤੀ ਉਸ ਦੇ ਕਬੂਤਰ ਨੂੰ ਖਰੀਦਣ ਦਾ ਇਛੁੱਕ ਹੈ ਪਰ ਉਹ ਵੇਚਣਾ ਨਹੀਂ ਚਾਹੁੰਦਾ। ਜੇਕਰ ਕੋਈ ਇਟਲੀ ਦਾ ਪੰਜਾਬੀ ਕਬੂਤਰਬਾਜ਼ੀ ਦਾ ਸ਼ੁਕੀਨ ਹੈ ਤਾਂ ਉਹ ਮੁਫਤ ਵਿੱਚ ਕਬੂਤਰ ਦੇ ਸਕਦਾ ਹੈ।ਕਬੂਤਰਾਂ ਤੋਂ ਇਲਾਵਾ ਅਮਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਬੈਂਸ ਨੇ ਦੇਸ਼ੀ ਮੁਰਗੇ ਵੀ ਰੱਖੇ ਹਨ।ਇਹਨਾਂ ਪੰਜਾਬੀ ਨੌਜਵਾਨਾਂ ਮੁਤਾਬਕ ਉਹ ਆਪਣੇ ਸ਼ੌਂਕ ਇਟਲੀ ਵਿੱਚ ਪੂਰੇ ਕਰਕੇ ਆਪਣੇ ਆਪ ਨੂੰ ਸੋਹਣੇ ਪੰਜਾਬ ਦੇ ਬਹੁਤ ਨੇੜੇ ਮਹਿਸੂਸ ਕਰਦੇ ਹਨ।


author

Vandana

Content Editor

Related News