ਇਟਲੀ : ਬੈਰਗਾਮੋ ਤੇ ਅਪ੍ਰੀਲੀਆ ’ਚ ਤੀਆਂ ਦੇ ਮੇਲੇ ’ਚ ਪੰਜਾਬਣ ਮੁਟਿਆਰਾਂ ਨੇ ਰੱਜ ਕੇ ਪਾਈ ਧਮਾਲ

08/09/2021 6:24:03 PM

ਰੋਮ ਇਟਲੀ (ਕੈਂਥ)-ਤੀਆਂ ਦਾ ਮੇਲਾ ਜਿਥੇ ਪੰਜਾਬ ’ਚ ਧੂਮਧਾਮ, ਚਾਵਾਂ ਅਤੇ ਰੀਝਾਂ ਨਾਲ ਪੰਜਾਬਣ ਮੁਟਿਆਰਾਂ ਵੱਲੋਂ ਮਨਾਇਆ ਗਿਆ, ਉਥੇ ਹੀ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਦਰਸਾਉਂਦਾ ਮੁਟਿਆਰਾਂ ਦਾ ਤੀਆਂ ਦਾ ਮੇਲਾ ਵਿਦੇਸ਼ਾਂ ਦੀ ਧਰਤੀ ’ਤੇ ਵੀ ਪੰਜਾਬਣ ਮੁਟਿਆਰਾਂ ਵੱਲੋਂ ਬਹੁਤ ਹੀ ਉਤਸ਼ਾਹ ਅਤੇ ਚਾਵਾਂ ਨਾਲ ਮਨਾਇਆ ਗਿਆ। ਉੱਤਰੀ ਇਟਲੀ ਦੇ ਜ਼ਿਲ੍ਹਾ ਬੈਰਗਾਮੋ ਦੇ ਕਸਬਾ ਪੋਨਤੈ ਸੰਨ ਪੈਤਰੋ ਅਤੇ ਪਰਸੈਜੋ ਦੀਆਂ ਮੁਟਿਆਰਾਂ ਵੱਲੋਂ ਸਾਂਝੇ ਤੌਰ ’ਤੇ ਪੋਤਨੇ ਸੰਨ ਪੈਤਰੋ ਦੀ ਪਾਰਕ ’ਚ ਤੀਆਂ ਦਾ ਮੇਲਾ ਮਨਾਇਆ ਗਿਆ। ਇਸ ਪ੍ਰੋਗਰਾਮ ’ਚ ਮਨਵੀਰ ਕੌਰ, ਕਿਰਨਜੀਤ ਕੌਰ, ਰਜਵੰਤ ਕੌਰ, ਰੇਖਾ ਰਾਣੀ, ਸੁਨੀਤਾ ਰਾਣੀ, ਰਾਜਦੀਪ ਕੌਰ, ਮਨਜਿੰਦਰ ਕੌਰ ਆਦਿ ਸ਼ਾਮਲ ਸਨ।

PunjabKesari

ਇਹ ਵੀ ਪੜ੍ਹੋ : ਦਿੱਲੀ ਪਹੁੰਚੇ ਟੋਕੀਓ ਓਲੰਪਿਕ ਦੇ ਸਿਤਾਰੇ, ਏਅਰਪੋਰਟ ’ਤੇ ਹੋਇਆ ਸ਼ਾਨਦਾਰ ਸਵਾਗਤ

ਦੂਜੇ ਪਾਸੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਅਪ੍ਰੀਲੀਆ ਅਤੇ ਚਿਸਤੇਰਨੇ ਦੀ ਲਾਤੀਨਾ ਅਤੇ ਆਸ ਪਾਸ ਇਲਾਕੇ ਦੀਆਂ ਮੁਟਿਆਰਾਂ ਵਲੋਂ ਸਾਝੇ ਤੌਰ ਤੇ ਐਗਰੀਤਰੀਮੋ ਫਾਰਮ ਹਾਊਸ ਅਪ੍ਰੀਲੀਆ ਵਿਖੇ ਸੱਭਿਆਚਾਰ ਦਾ ਪ੍ਰਤੀਕ ਅਤੇ ਮੁਟਿਆਰਾਂ ਦਾ ਸਾਉਣ ਮਹੀਨੇ ਦਾ ਤੀਆਂ ਦਾ ਮੇਲਾ ਮਨਾਇਆ ਗਿਆ, ਜਿਸ ’ਚ ਮੁਟਿਆਰਾਂ ਵੱਲੋਂ ਰੰਗ-ਬਿਰੰਗੀਆਂ ਚੁੰਨੀਆਂ, ਫੁਲਕਾਰੀਆਂ ਅਤੇ ਪੰਜਾਬੀ ਸੂਟ ਪਾ ਕੇ ਇਸ ਪ੍ਰੋਗਰਾਮ ’ਚ ਸ਼ਿਰਕਤ ਕੀਤੀ ਗਈ। ਲੋਕ ਬੋਲੀਆਂ ਨਾਲ ਸ਼ੁਰੂ ਹੋਏ ਇਸ ਪ੍ਰੋਗਰਾਮ ’ਚ ਮੁਟਿਆਰਾਂ ਨੇ ਗਿੱਧੇ ਦਾ ਪਿੜ੍ਹ ਬੰਨ੍ਹਿਆ ਅਤੇ ਇਸ ਤੋਂ ਉਪਰੰਤ ਇੱਕ ਤੋਂ ਇੱਕ ਪੰਜਾਬੀ ਗੀਤਾਂ ’ਤੇ ਗਿੱਧਾ ਪਾ ਕੇ ਖੂਬ ਰੌਣਕਾਂ ਲਾਈਆਂ। ਇਨ੍ਹਾਂ ਦੋਵਾਂ ਪ੍ਰੋਗਰਾਮਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਬੰਧਕ ਮੁਟਿਆਰਾਂ ਨੇ ਦੱਸਿਆ ਕਿ ਇਹ ਤੀਆਂ ਦਾ ਮੇਲਾ ਹਰ ਸਾਲ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਵੀ ਇਹ ਮੇਲਾ ਆਪਣੀਆਂ ਯਾਦਾਂ ਦੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ।

ਦੂਜੇ ਪਾਸੇ ਇਸ ਪ੍ਰੋਗਰਾਮ ’ਚ ਹਿੱਸਾ ਲੈਣ ਵਾਲੀਆਂ ਮੁਟਿਆਰਾਂ ਵੱਲੋਂ ਗੱਲਬਾਤ ਦੌਰਾਨ ਦੱਸਿਆ ਗਿਆ ਕਿ ਸਾਡਾ ਇਸ ਤਿਉਹਾਰ ਨੂੰ ਮਨਾਉਣ ਦਾ ਮਕਸਦ ਸਿਰਫ਼ ਤੇ ਸਿਰਫ ਵਿਦੇਸ਼ਾਂ ਦੀ ਧਰਤੀ ’ਤੇ ਆਪਣੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀਆਂ ਯਾਦਾਂ ਨੂੰ ਸੰਭਾਲ ਕੇ ਰੱਖਣਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਸਮੇਂ ਇਟਲੀ ਦੀ ਧਰਤੀ ’ਤੇ ਰੈਣ ਬਸੇਰਾ ਕਰ ਰਹੀਆਂ ਹਾਂ ਪਰ ਅਸੀਂ ਆਪਣੇ ਅਮੀਰ ਸੱਭਿਆਚਾਰ ਤੇ ਵਿਰਸੇ ਨੂੰ ਹਮੇਸ਼ਾ ਪਿਆਰ ਕਰਦੀਆਂ ਰਹਾਂਗੀਆਂ ਅਤੇ ਅਸੀਂ ਇਟਲੀ ਦੀ ਧਰਤੀ ’ਤੇ ਆ ਕੇ ਵੀ ਪੰਜਾਬੀ ਸੱਭਿਆਚਾਰ ਨੂੰ ਭੁੱਲ ਨਹੀਂ ਸਕੀਆਂ। ਇਸ ਮੌਕੇ ਜਸਪਾਲ ਕੌਰ ਮਾਨ, ਇੰਦਰਜੀਤ ਕੌਰ ਦੇਵਗਨ, ਸਿੰਮੀ ਬੈਨੀਪਾਲ, ਸੁਖਪ੍ਰੀਤ ਕੌਰ ਔਲਖ, ਹਰਜੀਤ ਕੌਰ ਪੂਨੀਆ, ਨਵਨੀਤ ਮਾਂਗਟ ਪ੍ਰਬੰਧਕਾਂ ’ਚ ਅਤੇ ਮਨਦੀਪ ਕੌਰ, ਤਜਿੰਦਰ ਕੌਰ ਆਦਿ ਤੋਂ ਇਲਾਵਾ ਹੋਰ ਹਾਜ਼ਰ ਸਨ।


Manoj

Content Editor

Related News