ਇਟਲੀ : ਕਿਸਾਨ ਅੰਦੋਲਨ ਦੀ ਜਿੱਤ ਲਈ ਪੋਰਦੇਨੋਨੇ ਦੀ ਸੰਗਤ ਨੇ ਭੇਜੇ 2 ਲੱਖ ਰੁਪਏ
Monday, Jan 04, 2021 - 09:05 AM (IST)
ਰੋਮ, (ਕੈਂਥ)- ਠੰਡੀਆਂ ਰਾਤਾਂ ਦਿੱਲੀ ਦੀਆਂ ਸੜਕਾਂ ਉਪੱਰ ਕੱਟਣ ਲਈ ਮਜਬੂਰ ਹੋਏ ਪੰਜਾਬ ਦੇ ਕਿਸਾਨਾਂ ਦੀ ਦੇਸ਼-ਵਿਦੇਸ਼ ਤੋਂ ਪੂਰੀ ਹਿਮਾਇਤ ਹੋ ਰਹੀ ਹੈ।
ਦੁਨੀਆ ਭਰ ਦੇ ਭਾਰਤੀ ਭਾਈਚਾਰੇ ਨਾਲ ਸਬੰਧਤ ਕਿਸਾਨ ਹਿਤੈਸ਼ੀ ਲੋਕਾਂ ਵੱਲੋਂ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਕਿਸਾਨ ਸੰਘਰਸ਼ ਲਈ ਦਿਲ ਖੋਲ੍ਹ ਕੇ ਮਦਦ ਵੀ ਭੇਜੀ ਜਾ ਰਹੀ ਹੈ ਤਾਂ ਜੋ ਕਿਸਾਨ ਭਰਾ ਇਹ ਜੰਗ ਜਿੱਤ ਕਿ ਹੀ ਪੰਜਾਬ ਮੁੜਨ।
ਇਸ ਇਤਿਹਾਸਕ ਕਿਸਾਨ ਅੰਦੋਲਨ ਲਈ ਇਟਲੀ ਦੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦਰਬਾਰ ਸਿੰਘ ਸਭਾ ਪਸੀਆਨੋ ਦੀ ਪੋਰਦੇਨੋਨੇ ਵੱਲੋਂ ਇਟਲੀ ਦੀ ਸਿੱਖ ਜੱਥੇਬੰਦੀ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਕਿਸਾਨ ਸੰਘਰਸ਼ ਲਈ 2 ਲੱਖ ਰੁਪਏ ਦੀ ਰਾਸ਼ੀ ਗਾਜ਼ੀਪੁਰ ਬਾਰਡਰ 'ਤੇ ਤਰਪਾਲਾਂ ,ਗੱਦਿਆਂ ਤੇ ਕੂੜਾ ਚੁੱਕਣ ਵਾਲੇ ਬੈਗਾਂ ਦੀ ਸੇਵਾ ਕਿਸਾਨੀ ਸੰਘਰਸ਼ ਜਿੱਤਣ ਹਿੱਤ ਲਈ ਭੇਜੀ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਟਲੀ ਦੀਆਂ ਸਿੱਖ ਸੰਗਤਾਂ ਕਿਸਾਨੀ ਸੰਘਰਸ਼ ਦੀ ਹਿਮਾਇਤ ਕਰਦੀਆਂ ਹਨ। ਕਿਸਾਨ ਅੰਦੋਲਨ ਜਿੱਤਣ ਲਈ ਉਨ੍ਹਾਂ ਇਹ ਸੇਵਾ ਭੇਜੀ ਹੈ।