ਇਟਲੀ ’ਚ ਹਵਾਈ ਜਹਾਜ਼ ਹੋਇਆ ਭਿਆਨਕ ਹਾਦਸੇ ਦਾ ਸ਼ਿਕਾਰ, ਛੇ ਲੋਕਾਂ ਦੀ ਮੌਤ
Sunday, Oct 03, 2021 - 07:17 PM (IST)
ਰੋਮ/ਇਟਲੀ (ਕੈਂਥ)-ਉੱਤਰੀ ਇਟਲੀ ਦੇ ਪ੍ਰਸਿੱਧ ਸ਼ਹਿਰ ਮਿਲਾਨ ਦੇ ਨੇੜੇ ਕਸਬਾ ਸੰਨ ਦੋਂਨਾਤੋ ਮਿਲਾਨੇਸੀ ਵਿਖੇ ਇਕ ਛੋਟੇ ਪ੍ਰਾਈਵੇਟ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੀਡੀਆ ’ਚ ਆਈਆਂ ਖ਼ਬਰਾਂ ਅਨੁਸਾਰ ਇਹ ਇਕ ਪ੍ਰਾਈਵੇਟ ਹਵਾਈ ਜਹਾਜ਼ ਸੀ। ਇਟਲੀ ਦੇ ਸਮੇਂ ਅਨੁਸਾਰ ਸਵੇਰੇ ਇਸ ਜਹਾਜ਼ ’ਚ ਸਵਾਰ ਹੋ ਕੇ 6 ਵਿਅਕਤੀ ਮਿਲਾਨ ਦੇ ਲੀਨਾਤੇ ਸ਼ਹਿਰ ਤੋਂ ਓਲਵੀਆ ਜਾ ਰਹੇ ਸਨ ਪਰ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਇਹ ਇਕ ਉਸਾਰੀ ਅਧੀਨ ਇਮਾਰਤ ਨਾਲ ਟਕਰਾ ਕੇ ਡਿਗ ਪਿਆ।
ਇਹ ਵੀ ਪੜ੍ਹੋ : ਕਾਬੁਲ ’ਚ ਮਸਜਿਦ ਦੇ ਗੇਟ ’ਤੇ ਜ਼ਬਰਦਸਤ ਬੰਬ ਧਮਾਕਾ, ਕਈ ਨਾਗਰਿਕਾਂ ਦੀ ਮੌਤ
ਇਸ ਤੋਂ ਬਾਅਦ ਇਮਾਰਤ ਨੂੰ ਵੀ ਅੱਗ ਲੱਗ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਰਾਹਤ ਕਰਮਚਾਰੀਆਂ ਦੀਆਂ ਟੀਮਾਂ ਅਤੇ ਪੁਲਸ ਪ੍ਰਸ਼ਾਸਨ ਨੇ ਘਟਨਾ ਵਾਲੀ ਜਗ੍ਹਾ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਜਹਾਜ਼ ’ਚ ਸਵਾਰ 6 ਲੋਕਾਂ ਦੀ ਮੌਤ ਹੋ ਗਈ ਹੈ। ਖ਼ਬਰ ਲਿਖੇ ਜਾਣ ਤੱਕ ਸਥਾਨਕ ਮੀਡੀਆ ਅਨੁਸਾਰ ਹੋਰ ਕਿਸੇ ਦੀ ਮੌਤ ਹੋਣ ਦੀ ਪੁਸ਼ਟੀ ਨਹੀਂ ਹੋ ਸਕੀ। ਇਹ ਜਹਾਜ਼ ਜਿਸ ਇਮਾਰਤ ’ਤੇ ਡਿੱਗਿਆ ਸੀ, ਉਹ ਦੋ ਮੰਜ਼ਿਲਾ ਇਮਾਰਤ ਉਸਾਰੀ ਅਧੀਨ ਸੀ। ਇਮਾਰਤ ਨੂੰ ਉਸਾਰੀ ਤੋਂ ਬਾਅਦ ਦਫ਼ਤਰਾਂ ਤੇ ਕਾਰਾਂ ਦੀ ਪਾਰਕਿੰਗ ਲਈ ਵਰਤਿਆ ਜਾਣਾ ਸੀ।