ਇਟਲੀ ''ਚ ਲੋਕ ਮੌਤ ਦੇ ਸਾਏ ਹੇਠ ਵੀ ਮਾਰ ਰਹੇ ਹਨ ਠੱਗੀਆਂ

Friday, May 01, 2020 - 04:34 PM (IST)

ਮਿਲਾਨ/ਇਟਲੀ (ਸਾਬੀ ਚੀਨੀਆ): ਕੋਵਿਡ-19 ਨਾਲ ਕੁਦਰਤ ਨੇ ਦੁਨੀਆ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦਿਆਂ ਮੌਤ ਵਰਗੀ ਅੱਟਲ ਸੱਚਾਈ ਤੋਂ ਜਾਣੂ ਕਰਵਾ ਦਿੱਤਾ ਹੈ। ਇਸ ਕਾਰਨ ਕਾਫੀ ਵੱਡੇ-ਵੱਡੇ ਬਦਲਾਓ ਵੇਖਣ ਨੂੰ ਮਿਲੇ ਹਨ। ਇੱਥੋਂ ਤੱਕ ਕਿ ਧੀਆਂ ਪੁੱਤਾਂ ਨੇ ਕੋਰੋਨਾ ਤੋ ਡਰਦਿਆਂ ਮਰੇ ਆਪਣੇ ਬਜ਼ੁਰਗਾਂ ਦੀਆਂ ਲਾਸ਼ਾਂ ਦੇ ਅੰਤਿਮ ਸੰਸਕਾਰ ਤੱਕ ਨਹੀ ਕੀਤੇ ਪਰ ਇੰਨਾਂ ਸਭ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਪੈਸਿਆਂ ਖਾਤਿਰ ਠੱਗੀਆਂ ਮਾਰਨੀਆਂ ਬੰਦ ਨਹੀ ਕੀਤੀਆਂ। 

ਭਾਰਤ ਸਰਕਾਰ ਆਪਣੇ ਨਾਗਰਿਕਾਂ ਨੂੰ ਖਾਣ ਦੇ ਸਮਾਨ ਤੋਂ ਇਲਾਵਾ ਕੁਝ ਮੁਹੱਈਆਂ ਨਹੀ ਕਰਵਾ ਸਕੀ ਜਦਕਿ ਇਟਲੀ ਵਰਗੇ ਵਿਕਾਸਸ਼ੀਲ ਦੇਸ਼ ਇਸ ਮਹਾਮਾਰੀ ਨਾਲ ਨਜਿੱਠਣ ਲਈ ਆਪਣੇ ਨਾਗਰਿਕਾਂ ਨੂੰ ਅਰਬਾਂ ਯੂਰੋ ਨਾਲ ਆਰਥਿਕ ਮਦਦ ਕਰ ਰਹੀਆਂ ਹਨ ਪਰ ਇਸ ਮੌਕੇ ਵੀ ਕੁਝ ਲੋਕ ਠੱਗੀਆਂ ਮਾਰਨੋ ਬਾਜ਼ ਨਹੀਂ ਆਏ। ਇਟਲੀ ਸਰਕਾਰ ਵੱਲੋਂ ਕਰਮਚਾਰੀਆਂ ਨੂੰ ਆਰਥਿਕ ਮਦਦ ਦੇ ਤੌਰ 'ਤੇ ਦਿੱਤੇ ਗਏ ਭੱਤਿਆਂ ਵਿਚੋਂ ਵੀ ਮਾਲਕਾਂ ਵੱਲੋਂ ਵੱਡੇ ਪੱਧਰ 'ਤੇ ਘਪਲੇ ਕੀਤੇ ਗਏ ਹਨ। ਜਿਹੜੀਆਂ ਫੈਕਟਰੀਆ ਮਹਾਮਾਰੀ ਕਰਕੇ ਬੰਦ ਕੀਤੀਆਂ ਗਈਆਂ ਸਨ ਸਰਕਾਰ ਵੱਲੋ ਉਨਾਂ ਨੂੰ ਘਰ ਬੈਠਿਆਂ ਪੈਸੇ ਦੇਣ ਦੀ ਗੱਲ ਆਖੀ ਗਈ ਸੀ (ਜੋ ਇੱਥੋ ਦਾ ਇਕ ਕਾਨੂੰਨ ਵੀ ਹੈ)। ਵੱਡੀਆਂ-ਵੱਡੀਆਂ ਇੰਡਸਟਰੀਆਂ ਨੇ ਟੈਕਸ ਬਚਾਉਣ ਦੀ ਖਾਤਿਰ ਕੰਮ ਹੋਣ ਦੀ ਸੂਰਤ ਵਿਚ ਵੀ ਆਪਣੇ ਕਰਮਚਾਰੀਆਂ ਨੂੰ ਘਰਾਂ ਵਿਚ ਰਹਿਣ ਲਈ ਮਜਬੂਰ ਕੀਤਾ ਹੋਇਆ ਹੈ ਤਾਂ ਜੋ ਉਹ ਟੈਕਸ ਚੋਰੀ ਕਰਕੇ ਸਰਕਾਰ ਨੂੰ ਲੱਖਾਂ ਯੂਰੋ ਦਾ ਚੂਨਾ ਲਾ ਸਕਣ।

ਦੂਜੇ ਪਾਸੇ ਕਈ ਮਾਲਕ ਫੈਕਟਰੀਆਂ ਦੇ ਦਰਵਾਜੇ ਬੰਦ ਕਰਕੇ ਆਪਣੇ ਵਰਕਰਾਂ ਤੋਂ ਚੋਰੀ ਕੰਮ ਕਰਵਾ ਰਹੇ ਹਨ ਜਿੰਨਾਂ ਨੂੰ ਤਨਖਾਹ ਤਾਂ ਸਰਕਾਰ ਵਲੋਂ ਦਿੱਤੀ ਜਾਵੇਗੀ ਤੇ ਮਾਲਕ ਦਾ ਕੰਮ ਬਿਲਕੁਲ ਫ੍ਰੀ ਸਰਕਾਰ ਦੇ ਪੈਸੇ ਨਾਲ ਹੋ ਰਿਹਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਗੋਰਖ ਧੰਦੇ ਵਿਚ ਆਪਣੇ ਪੰਜਾਬੀ ਭਰਾਵਾਂ ਦਾ ਸ਼ੋਸ਼ਣ ਕਰਵਾਉਣ ਲਈ ਬਹੁਤ ਸਾਰੇ ਚਾਪਲੂਸ ਕਿਸਮ ਦੇ ਪੰਜਾਬੀ ਫੌਰਮੈਨ ਵੀ ਮਾਲਕਾਂ ਦਾ ਸਾਥ ਦੇ ਰਹੇ ਹਨ।


Vandana

Content Editor

Related News