ਇਟਲੀ : ''ਆਸ ਦੀ ਕਿਰਨ ਸੰਸਥਾ'' ਵਲੋਂ ਭਾਰਤੀ ਅੰਬੈਸੀ ਦੇ ਸਮੂਹ ਸਟਾਫ ਦਾ ਵਿਸ਼ੇਸ ਸਨਮਾਨ

07/02/2020 2:57:42 PM

ਰੋਮ ,(ਕੈਂਥ)- ਇਟਲੀ ਵਿੱਚ ਸਮਾਜ ਪ੍ਰਤੀ ਸੇਵਾਵਾਂ ਨਿਭਾ ਰਹੀ ਸੰਸਥਾ "ਆਸ ਦੀ ਕਿਰਨ" ਰੋਮ ਵਲੋਂ ਇੱਕ ਸਮਾਗਮ ਕਰਕੇ ਭਾਰਤੀ ਅੰਬੈਸੀ ਰੋਮ ਦੇ ਸਤਿਕਾਰਯੋਗ ਅੰਬੈਸਡਰ ਮੈਡਮ ਰੀਨਤ ਸੰਧੂ ਜੀ ਅਤੇ ਸਮੂਹ ਸਟਾਫ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਇਟਲੀ ਵਿਚ ਜਿਸ ਦਿਨ ਤੋਂ ਕੋਰੋਨਾ ਵਾਇਰਸ ਨੇ ਪੈਰ ਪਸਾਰੇ ਸਨ, ਉਸ ਦਿਨ ਤੋਂ ਹੀ ਰੋਮ ਅੰਬੈਸੀ ਦੇ ਰਾਜਦੂਤ ਮੈਡਮ ਰੀਨਤ ਸੰਧੂ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਟਾਫ ਨੇ ਹਰ ਸੰਭਵ ਕੋਸ਼ਿਸ਼ ਕਰ ਕੇ ਇਟਲੀ ਦੀਆਂ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਟਲੀ ਵਿਚ ਵਸਦੇ ਭਾਰਤੀਆਂ ਦੀ ਸਹਾਇਤਾ ਕੀਤੀ ।


ਇਸ ਤੋਂ ਇਲਾਵਾ ਵੰਦੇ ਭਾਰਤ ਮਿਸ਼ਨ ਤਹਿਤ ਹੁਣ ਤੱਕ ਬਹੁਤ ਸਾਰੇ ਭਾਰਤੀਆਂ ਨੂੰ ਇਟਲੀ ਤੋਂ ਭਾਰਤ ਅਤੇ ਭਾਰਤ ਤੋਂ ਇਟਲੀ ਲਿਆਂਦਾ ਗਿਆ ਹੈ ਜਿਸ ਵਿੱਚ ਮੈਡਮ ਰੀਨਤ ਸੰਧੂ ਜੀ ਨੇ ਵਿਸ਼ੇਸ਼ ਤੌਰ 'ਤੇ ਉਪਰਾਲਾ ਕੀਤਾ ਹੈ। ਜਦੋਂ ਵੀ ਕੋਈ ਉਡਾਣ ਇਸ ਮਿਸ਼ਨ ਤਹਿਤ ਇਟਲੀ ਆਈ ਹੈ ਜਾ ਭਾਰਤ ਗਈ ਹੈ ਤਾਂ ਮੈਡਮ ਜੀ ਨੇ ਆਪਣੀ ਨਿਗਰਾਨੀ ਹੇਠ ਸਾਰੇ ਯਾਤਰੀਆਂ ਨੂੰ ਸਹੀ ਸਲਾਮਤ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਲ ਤੱਕ ਪਹੁੰਚਾਇਆ ਗਿਆ । 

ਇਟਲੀ ਵਿਚ ਜਿਸ ਦਿਨ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਪੱਕੇ ਕਰਨ ਲਈ ਇਮੀਗ੍ਰੇਸ਼ਨ ਖੁੱਲ੍ਹੀ ਹੈ ,ਉਸ ਦਿਨ ਤੋਂ ਹੀ ਇਟਲੀ ਵਿੱਚ ਭਾਰਤੀਆਂ ਨੂੰ ਪਾਸਪੋਰਟ ਸੰਬੰਧੀ ਆ ਰਹੀਆਂ ਮੁਸਕਲਾਂ ਨੂੰ ਦੇਖਦਿਆਂ ਹੋਇਆਂ ਭਾਰਤੀ ਅੰਬੈਸੀ ਨੇ ਇਟਲੀ ਦੀਆਂ ਧਾਰਮਿਕ , ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਜਾ ਕੇ ਪਾਸਪੋਰਟ ਸੰਬੰਧੀ ਅਰਜ਼ੀਆਂ ਲੈ ਕੇ ਅਤੇ ਅਥਾਰਟੀ ਪੱਤਰ ਜਾਰੀ ਕਰਨ ਦਾ ਉਪਰਾਲਾ ਕੀਤਾ ਗਿਆ ਸੀ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਆਸ ਦੀ ਕਿਰਨ ਸੰਸਥਾ ਰੋਮ ਦੇ ਸੇਵਾਦਾਰਾਂ ਨੇ ਕਿਹਾ ਕਿ ਮੈਡਮ ਰੀਨਤ ਸੰਧੂ ਜੀ ਜੋ ਭਾਰਤੀ ਅੰਬੈਸੀ ਰੋਮ ਦੇ ਰਾਜਦੂਤ ਹਨ, ਉਨ੍ਹਾਂ ਦੀ ਅਗਵਾਈ ਹੇਠ ਸਮੂਹ ਸਟਾਫ ਮੈਂਬਰਾਂ ਨੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ।

ਸੰਸਥਾ ਵਲੋਂ ਮੈਡਮ ਰੀਨਤ ਸੰਧੂ ਜੀ, ਮੈਡਮ ਨਿਹਾਰਿਕਾ ਸਿੰਘ ਜੀ ਤੇ ਸਮੂਹ ਸਟਾਫ ਮੈਂਬਰਾਂ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਤੋਂ ਖੁਸ਼ ਹੋ ਕੇ ਲਾਸੀਓ ਸੂਬੇ ਵਿੱਚ ਪੈਂਦੇ ਜ਼ਿਲ੍ਹਾ ਲਤੀਨਾ ਦੇ ਸ਼ਹਿਰ ਅਪਰੀਲੀਆ ਦੇ ਪੁਰਾਣੇ ਅਤੇ ਮਸ਼ਹੂਰ ਰੈਸਟੋਰੈਂਟ "ਇੱਲ ਫੋਕਾਰੀਲੇ" ਵਿਖੇ ਰਾਤ ਦੇ ਖਾਣੇ ਦਾ ਸੱਦਾ ਪੱਤਰ ਭੇਜਿਆ ਗਿਆ ਸੀ ਅਤੇ ਖਾਸ ਤੌਰ 'ਤੇ ਮੈਡਮ ਰੀਨਤ ਸੰਧੂ ਜੀ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਰੋਮ ਅੰਬੈਸੀ ਦੇ ਰਾਜਦੂਤ ਵਜੋਂ ਤਾਇਨਾਤ ਮੈਡਮ ਸੰਧੂ ਜੀ ਕਾਰਜਕਾਲ ਪੂਰਾ ਹੋ ਗਿਆ ਹੈ।ਇਸ ਦੇ ਸੰਬੰਧ ਵਿੱਚ ਸੰਸਥਾ ਵਲੋਂ ਇਨ੍ਹਾਂ ਦੇ ਮਾਣ-ਸਨਮਾਨ ਲਈ ਸਾਰਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਸੰਸਥਾ ਵਲੋਂ ਕੇਕ ਕੱਟ ਕੇ ਵਿਦਾਇਗੀ ਪਾਰਟੀ ਦਾ ਆਰੰਭ ਕੀਤਾ ਗਿਆ,ਇਸ ਮੌਕੇ ਮੈਡਮ ਰੀਨਤ ਸੰਧੂ ਜੀ ਨੇ ਸਮੂਹ ਆਸ ਦੀ ਕਿਰਨ ਸੰਸਥਾ ਦੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਮਾਣ-ਸਨਮਾਨ ਇਟਲੀ ਵਿੱਚ ਭਾਰਤੀ ਭਾਈਚਾਰੇ ਵਲੋਂ ਉਨ੍ਹਾਂ ਨੂੰ ਦਿੱਤਾ ਗਿਆ ਹੈ ਉਹ ਹਮੇਸ਼ਾ ਹੀ ਰਿਣੀ ਰਹਾਂਗੀ। ਅਤੇ ਖ਼ਾਸ ਤੌਰ ਤੇ "ਆਸ ਦੀ ਕਿਰਨ ਸੰਸਥਾ'' ਦੇ ਸਮੂਹ ਸੇਵਾਦਾਰਾਂ ਨੇ ਬਹੁਤ ਹੀ ਸ਼ਲਾਘਾਯੋਗ ਉਪਰਾਲੇ ਕੀਤੇ ਗਏ ਹਨ ।ਇਸ ਸੰਸਥਾ ਦੇ ਸੇਵਾਦਾਰ ਹਮੇਸ਼ਾ ਹੀ ਲੋੜਵੰਦਾਂ ਦੀ ਸਹਾਇਤਾ ਲਈ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣਗੇ।


Lalita Mam

Content Editor

Related News