ਇਟਲੀ ਦੇ ਇਤਿਹਾਸਿਕ ਸ਼ਹਿਰ ਸੈਨਾ ਲੂੰਗਾ ''ਚ ਦੂਜੀ ਵਾਰ ਸਜਾਇਆ ਨਗਰ ਕੀਰਤਨ
Monday, May 16, 2022 - 03:10 PM (IST)
ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਦੀ ਸਟੇਟ ਤੋਸਕਾਨਾ ਦੇ ਇਤਿਹਾਸਿਕ ਸ਼ਹਿਰ ਸੈਨਾ ਲੂੰਗਾ ਵਿਚ ਦੂਜੀ ਵਾਰ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਗੁਰੂ ਨਾਨਕ ਨਿਵਾਸ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਇਸ ਨਗਰ ਕੀਰਤਨ ਵਿਚ, ਜਿੱਥੇ ਇਲਾਕੇ ਵਿਚ ਰਹਿੰਦੇ ਭਾਰਤੀਆਂ ਵੱਲੋ ਸ਼ਮੂਲੀਅਤ ਕਰਕੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਇਆ ਗਿਆ, ਉੱਥੇ ਹੀ ਨਗਰ ਕੌਂਸਲ ਸੈਨਾਲੂੰਗਾ ਦੇ ਸਾਰੇ ਪ੍ਰਸ਼ਾਸ਼ਿਨਿਕ ਅਧਿਕਾਰੀ ਅਤੇ ਸ਼ਹਿਰ ਦੇ ਮੇਅਰ ਵੀ ਉਚੇਚੇ ਤੌਰ 'ਤੇ ਮੌਜੂਦ ਸਨ।
ਇਸ ਮੌਕੇ ਸ਼ਮਸ਼ੀਰੇ ਖਾਲਸਾ ਗਰੁੱਪ ਸੁਜਾਰਾ ਦੇ ਸਿੰਘਾਂ ਅਤੇ ਸਿੰਘਣੀਆਂ ਵੱਲੋਂ ਗਤਕਾ ਕਲ੍ਹਾ ਦੇ ਜੌਹਰ ਬਾਖੁਬੀ ਵਿਖਾਏ ਗਏ ਅਤੇ ਯੂਰਪ ਦੇ ਪ੍ਰਸਿੱਧ ਕਵੀਸ਼ਰ ਭਾਈ ਅਜੀਤ ਸਿੰਘ ਥਿੰਦ ਅਤੇ ਸਾਥੀਆਂ ਵੱਲੋ ਕਵੀਸ਼ਰੀ ਵਾਰਾਂ ਨਾਲ ਹਾਜਰੀਆਂ ਭਰਦੇ ਹੋਏ ਮਾਹੌਲ ਨੂੰ ਜੋਸ਼ੀਲਾ ਬਣਾਇਆ ਗਿਆ। ਇਕ ਪ੍ਰਾਈਵੇਟ ਕੰਪਨੀ ਦੇ ਛੋਟੇ ਜਹਾਜ਼ ਵੱਲੋਂ ਸੰਗਤਾਂ ਉੱਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਨਗਰ ਕੀਰਤਨ ਪ੍ਰਬੰਧਕ ਕਮੇਟੀ ਵੱਲੋਂ ਦੂਰੋਂ ਨੇੜਿਓਂ ਚੱਲਕੇ ਆਈਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦਾ ਧੰਨਵਾਦ ਕਰਦਿਆਂ ਹੋਏ ਸਹਿਯੋਗ ਪਾਉਣ ਵਾਲੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਨਾਲ ਸਨਮਾਨਿਤ ਵੀ ਕੀਤਾ ਗਿਆ। ਸਥਾਨਕ ਪੁਲਿਸ ਪ੍ਰਸ਼ਾਸ਼ਨ ਵੱਲੋਂ ਟ੍ਰੈਫਿਕ ਨੂੰ ਸਚੁੱਜੇ ਢੰਗ ਨਾਲ ਕੰਟਰੋਲ ਕਰਕੇ ਆਪਣੀ ਡਿਊਟੀ ਨੂੰ ਬਾਖ਼ੂਬੀ ਨਾਲ ਨਿਭਾਇਆ ਗਿਆ। ਨਗਰ ਕੀਰਤਨ ਵਿਚ ਗੂੰਜਦੇ ਜੈਕਾਰਿਆਂ ਨਾਲ ਸਿੱਖ ਸੰਗਤਾਂ ਦਾ ਜੋਸ਼ ਵੇਖਿਆ ਬਣਦਾ ਸੀ। ਨਗਰ ਕੀਰਤਨ ਵਿਚ ਜਿੱਥੇ ਬਹੁਤ ਸਾਰੇ ਸਥਾਨਿਕ ਲੋਕਾਂ ਨੇ ਸ਼ਮੁਲੀਅਤ ਕਰਕੇ ਰੌਣਕਾਂ ਨੂੰ ਵਧਾਇਆ, ਉਥੇ ਹੀ ਸ਼ਹਿਰ ਦੇ ਮੇਅਰ ਅਤੇ ਉਨਾਂ ਦੀ ਸਮੁੱਚੀ ਟੀਮ ਦੀ ਨਗਰ ਕੀਰਤਨ ਦੀ ਆਰੰਭਤਾ ਤੋਂ ਲੈ ਕੇ ਸਮਾਪਤੀ ਤੱਕ ਹਾਜ਼ਰੀ ਅਤੇ ਨਿਭਾਈਆਂ ਜਿੰਮੇਵਾਰੀਆਂ ਵੀ ਕਾਬਲੇ ਤਾਰੀਫ਼ ਸਨ।