ਇਟਲੀ : ਕੋਰੋਨਾ ਦੀ ਜਾਂਚ ਲਈ ਲਵੀਨੀਓ ’ਚ 9 ਮਈ ਨੂੰ ਲੱਗੇਗਾ ਫ੍ਰੀ ਕੈਂਪ
Saturday, May 08, 2021 - 01:22 PM (IST)
ਮਿਲਾਨ (ਇਟਲੀ) (ਸਾਬੀ ਚੀਨੀਆ)-ਕੋਰੋਨਾ ਵਾਇਰਸ ਕਾਰਨ ਇਟਲੀ ਨੂੰ ਆਏ ਦਿਨ ਜਾਨੀ ਤੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਮੁਸ਼ਕਿਲ ਦੌਰ ’ਚੋਂ ਬਾਹਰ ਨਿਕਲਣ ਲਈ ਇਟਲੀ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਦੇਸ਼ ਭਰ ’ਚ ਜਿੱਥੇ ਐਂਟੀ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ, ਉੱਥੇ ਹੀ ਸੰਵੇਦਨਸ਼ੀਲ ਇਲਾਕਿਆਂ ’ਚ ਸਿਹਤ ਵਿਭਾਗ ਅਤੇ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਵਿਸ਼ੇਸ਼ ਮੁਫਤ ਕੋਰੋਨਾ ਜਾਂਚ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਇਟਲੀ ਦੇ ਸੂਬੇ ਲਾਸੀਓ ਦੇ ਜ਼ਿਲ੍ਹਾ ਲਾਤੀਨਾ ’ਚ ਵੀ ਕੋਰੋਨਾ ਜਾਂਚ ਕੈਂਪ ਉਚੇਚੇ ਤੌਰ ’ਤੇ ਪ੍ਰਵਾਸੀਆਂ ਲਈ ਲੱਗ ਰਹੇ ਹਨ, ਜਿਨ੍ਹਾਂ ’ਚ ਬਿਨਾਂ ਪੇਪਰਾਂ ਵਾਲੇ ਕਾਮਿਆਂ ਦੀ ਕੋਵਿਡ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪਾਕਿ ਵਿਦੇਸ਼ ਮੰਤਰੀ ਨੇ ਜੰਮੂ-ਕਸ਼ਮੀਰ ’ਚੋਂ ਧਾਰਾ-370 ਹਟਾਉਣ ’ਤੇ ਪੂਰਿਆ ਭਾਰਤ ਦਾ ਪੱਖ
ਇਸੇ ਲੜੀ ਅਧੀਨ ਇਟਲੀ ਦੀ ਰਾਜਧਾਨੀ ਰੋਮ ਦੇ ਸ਼ਹਿਰ ਲਵੀਨੀਓ ਵਿਖੇ ਸਿਹਤ ਵਿਭਾਗ ਅਤੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਦੇ ਸਹਿਯੋਗ ਨਾਲ 9 ਮਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਵਿਸ਼ੇਸ਼ ਕੋਰੋਨਾ ਜਾਂਚ ਦਾ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਸ੍ਰੀ ਗੋਬਿੰਦਸਰ ਸਾਹਿਬ ਲਵੀਨੀਓ ਰੋਮ ਦੇ ਪ੍ਰਬੰਧਕ ਮੈਂਬਰਾਂ ਨੇ ਕਿਹਾ ਕਿ ਇਸ ਇਲਾਕੇ ਵਿੱਚ ਵਸਦੇ ਸਮੂਹ ਭਾਰਤੀ ਭਾਈਚਾਰੇ ਨੂੰ ਪੁਰਜ਼ੋਰ ਅਪੀਲ ਹੈ ਕਿ ਇਸ ਲੱਗ ਰਹੇ ਕੋਰੋਨਾ ਜਾਂਚ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।
ਇਹ ਵੀ ਪੜ੍ਹੋ : ਅਮਰੀਕਾ: ਛੋਟਾ ਜਹਾਜ਼ ਘਰ ’ਤੇ ਡਿੱਗਣ ਨਾਲ ਗਈ 4 ਲੋਕਾਂ ਦੀ ਜਾਨ
ਉਨ੍ਹਾਂ ਦੱਸਿਆ ਕਿ ਇਹ ਕੈਂਪ ਲਵੀਨੀਓ ਸ਼ਹਿਰ ਦੇ ਰੇਲਵੇ ਸਟੇਸ਼ਨ ਦੀ ਜੋ ਪਾਰਕਿੰਗ ਹੈ (ਸਟੇਸ਼ਨ ਨੇੜੇ), ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੂਹ ਭਾਰਤੀ ਭਾਈਚਾਰੇ ਨੂੰ ਸਰਕਾਰ, ਪ੍ਰਸ਼ਾਸਨ ਦਾ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਇਸ ਮਹਾਮਾਰੀ ਦੀ ਲਾਗ ਤੋਂ ਬਚਿਆ ਜਾ ਸਕੇ ਅਤੇ ਸਮੇਂ ਸਿਰ ਇਸ ਮਹਾਮਾਰੀ ਦਾ ਇਲਾਜ ਹੋ ਸਕੇ।