ਇਟਲੀ : ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ
Monday, Jan 29, 2024 - 12:07 PM (IST)
ਰੋਮ (ਦਲਵੀਰ ਕੈਂਥ): ਸੰਗਤ ਗੁਰੂ ਰੂਪ ਹੈ ਤੇ ਸੰਗਤ ਦਾ ਫ਼ੈਸਲਾ ਗੁਰੂ ਸਾਹਿਬ ਦਾ ਫ਼ੈਸਲਾ ਹੁੰਦਾ ਹੈ ਇਸ ਗੱਲ ਨੂੰ ਇੱਕ ਵਾਰ ਫਿਰ ਪ੍ਰਮਾਣਿਤ ਕਰ ਦਿੱਤਾ ਹੈ ਐਸੋਸ਼ੀਏਸ਼ਨ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਿੰਘ ਸਭਾ ਸਾਹਿਬ ਪਸੀਆਨੋ ਦੀ ਪੋਰਦੀਨੋਨੇ ਦੀ ਸਿੱਖ ਸੰਗਤ ਨੇ, ਜਿਨ੍ਹਾਂ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਵੋਟਾਂ ਨਾਲ ਕਰਕੇ ਬਹੁਮਤ ਦੀ ਜਿੱਤ ਦਾ ਤਾਜ ਭਾਈ ਅਵਤਾਰ ਸਿੰਘ, ਭਾਈ ਹਰਮਨਪ੍ਰੀਤ ਸਿੰਘ ਤੇ ਭਾਈ ਕੁਲਜੀਤ ਸਿੰਘ ਸਿਰ ਸਜਾ ਦਿੱਤਾ ਹੈ। ਸੰਗਤ ਦੇ ਇਸ ਫ਼ੈਸਲੇ ਨਾਲ ਹੁਣ ਉਹਨਾਂ ਤਮਾਮ ਅਟਕਲਾਂ ਵਿੱਚ ਖੜੋਤ ਆਵੇਗੀ ਜਿਹੜੀਆਂ ਕਿ ਗੁਰਦੁਆਰਾ ਸਾਹਿਬ ਦੇ ਕਾਰ-ਵਿਵਹਾਰ ‘ਚ ਅੜਿੱਕਾ ਪਾ ਰਹੀਆਂ ਸਨ।
ਜਿਨ੍ਹਾਂ ਪ੍ਰਬੰਧਕਾਂ ਕੋਲ ਪਹਿਲਾਂ ਐਸੋਸ਼ੀਏਸ਼ਨ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਿੰਘ ਸਭਾ ਸਾਹਿਬ ਪਸੀਆਨੋ ਦੀ ਪੋਰਦੀਨੋਨੇ ਦਾ ਪ੍ਰਬੰਧ ਸੀ ਉਨ੍ਹਾਂ ਨੂੰ ਸਥਾਨਕ ਸਿੱਖ ਸੰਗਤ ਅਨੇਕਾਂ ਵਾਰ ਬੇਨਤੀਆਂ ਕਰ ਥੱਕ ਚੁੱਕੀ ਸੀ ਕਿ ਉਹ ਗੁਰਦੁਆਰਾ ਸਾਹਿਬ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਕਰਨ ਪਰ ਮੌਜੂਦਾ ਪ੍ਰਬੰਧਕ ਜਿਨ੍ਹਾਂ ਕੋਲ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪਿਛਲੇ 20 ਸਾਲਾਂ ਤੋਂ ਵੀ ਵਧੇਰੇ ਸਮੇਂ ਤੋਂ ਸੀ ਉਹ ਇਹ ਸਮਝਣ ਲੱਗੇ ਸਨ ਕਿ ਇਹ ਗੁਰਦੁਆਰਾ ਸਾਹਿਬ ਉਨ੍ਹਾਂ ਦੀ ਨਿੱਜੀ ਜਾਇਦਾਦ ਹੈ ਜਿਸ ਦਾ ਉਨ੍ਹਾਂ ਕੋਲੋਂ ਨਾ ਕੋਈ ਹਿਸਾਬ ਲੈ ਸਕਦਾ ਹੈ ਨਾ ਹੀ ਪ੍ਰਬੰਧ। ਜਦੋਂ ਸਿੱਖ ਸੰਗਤ ਨੇ ਬਹੁਤ ਜ਼ਿਆਦਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਮੇਟੀ ਬਦਲੋ-ਕਮੇਟੀ ਬਦਲੋ ਤਾਂ ਮੌਜੂਦਾ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਹੀ ਸਥਾਨਕ ਪ੍ਰਸ਼ਾਸ਼ਨ ਨੂੰ ਇਹ ਕਹਿ ਜਿੰਦਰਾ ਮਾਰ ਦਿੱਤਾ ਕਿ ਇੱਥੇ ਕੁਝ ਸ਼ਰਾਰਤੀ ਅਨਸਰ ਜਾਣਬੁੱਝ ਕਿ ਹਾਲਤ ਖਰਾਬ ਕਰ ਰਹੇ ਹਨ ਜਿਸ ਕਾਰਨ ਕਿ ਲੜਾਈ ਹੋ ਸਕਦੀ ਹੈ।
ਸਿੱਖ ਸੰਗਤ ਨੇ ਛੋਟੇ-ਛੋਟੇ ਬੱਚਿਆਂ ਨਾਲ ਮੀਂਹ ਹਨੇਰੀ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਬੈਠ ਕੇ ਕਈ ਦਿਨ ਧਰਨਾ ਦਿੰਦਿਆਂ ਸਾਂਤਮਈ ਸੰਘਰਸ਼ ਕੀਤਾ ਤੇ ਸਥਾਨਕ ਪ੍ਰਸ਼ਾਸਨ ਨੂੰ ਸਾਰੇ ਮਾਮਲੇ ਦੀ ਅਸਲੀਅਤ ਤੋਂ ਜਾਣੂ ਕਰਵਾਇਆ। ਸਥਾਨਕ ਪ੍ਰਸ਼ਾਸਨ ਨੇ ਸਾਰੇ ਮਾਮਲੇ ਦੀ ਗੰਭੀਰਤਾ ਨੂੰ ਸਮਝਿਆ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਦਾ ਜਿੰਦਰਾ ਖੁਲਵਾਇਆ ਤੇ ਫਿਰ ਨਵੀਂ ਪ੍ਰਬੰਧਕ ਕਮੇਟੀ ਲਈ ਕਾਰਵਾਈ ਨੂੰ ਅਮਲੀ ਰੂਪ ਦਿੱਤਾ। ਪ੍ਰਸ਼ਾਸ਼ਨ ਨੇ ਸਾਰੇ ਮਸਲੇ ਨੂੰ ਹੱਲ ਕਰਨ ਲਈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਚੋਣ ਵੋਟਾਂ ਨਾਲ ਕਰਨ ਦਾ ਫ਼ੈਸਲਾ ਦੇ ਦਿੱਤਾ, ਜਿਸ ਨੂੰ ਸਮੂਹ ਸਿੱਖ ਸੰਗਤ ਨੇ ਗੁਰੂ ਦੇ ਜੈਕਾਰੇ ਲਗਾਉਂਦਿਆਂ ਪ੍ਰਵਾਨ ਕੀਤਾ। ਪ੍ਰਸ਼ਾਸ਼ਨ ਨੇ ਮੌਜੂਦਾ ਪ੍ਰਬੰਧਕਾਂ ਨੂੰ ਇਸ ਚੋਣ ਵਿੱਚ ਭਾਗੀਦਾਰ ਬਣਨ ਤੋਂ ਰੋਕ ਦਿੱਤਾ ਤੇ ਨਵੀਂ 6 ਮੈਂਬਰਾਂ ਕਮੇਟੀ ਦਾ ਗਠਨ ਕੀਤਾ, ਜਿਸ ਵਿੱਚ 3 ਮੈਂਬਰ ਸਿੱਖ ਸੰਗਤ ਦੇ 3 ਮੈਂਬਰ ਮੌਜੂਦਾ ਪ੍ਰਬੰਧਕ ਕਮੇਟੀ ਦੇ ਉਹ ਸ਼ਾਮਿਲ ਕੀਤੇ ਜਿਹੜੇ ਕਿ ਸੰਗਤ ਵਿੱਚੋਂ ਹੀ ਲਏ ਗਏ।
ਪੜ੍ਹੋ ਇਹ ਅਹਿਮ ਖ਼ਬਰ-ਅਬੂ ਧਾਬੀ 'ਚ 700 ਕਰੋੜ ਦੀ ਲਾਗਤ ਨਾਲ ਬਣ ਰਿਹੈ 'ਹਿੰਦੂ ਮੰਦਰ', ਵੇਖੋ ਸ਼ਾਨਦਾਰ ਤਸਵੀਰਾਂ
ਇਨ੍ਹਾਂ 6 ਮੈਂਬਰਾਂ ਵਿੱਚੋਂ ਹੀ ਪ੍ਰਧਾਨਗੀ ਲਈ ਪ੍ਰਸ਼ਾਸ਼ਨ ਨੇ ਆਪਣੀ ਦੇਖ-ਰੇਖ ਹੇਠ 28 ਜਨਵਰੀ 2024 ਨੂੰ ਵੋਟਾਂ ਦੁਆਰਾ ਚੋਣ ਕਰਵਾ ਦਿੱਤੀ ਹੈ ਜਿਸ ਵਿੱਚ ਸਿੱਖ ਸੰਗਤ ਦਾ ਬਹੁਮਤ ਜਿੱਤ ਵਜੋਂ ਉਹਨਾਂ ਮੈਂਬਰਾਂ ਨੂੰ ਮਿਲਿਆ ਜਿਨ੍ਹਾਂ ਨੂੰ ਸੰਗਤ ਨੇ ਚੁਣਿਆ ਸੀ। ਚੋਣ ਵਿੱਚ 892 ਵੋਟਾਂ ਪਈਆਂ ਜਿਨ੍ਹਾਂ ਵਿੱਚੋਂ 856 ਵੋਟਾਂ ਸੰਗਤ ਦੇ ਉਮੀਦਵਾਰਾਂ ਨੂੰ ਪਈਆਂ। ਸਿੱਖ ਸੰਗਤ ਦੇ ਇਸ ਫ਼ੈਸਲੇ 'ਤੇ ਸਥਾਨਕ ਪ੍ਰਸ਼ਾਸ਼ਨ ਨੇ ਮੋਹਰ ਲਗਾਉਂਦਿਆਂ ਇਨ੍ਹਾਂ 6 ਮੈਂਬਰਾਂ ਨੂੰ ਐਸੋਸ਼ੀਏਸ਼ਨ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਿੰਘ ਸਭਾ ਸਾਹਿਬ ਪਸੀਆਨੋ ਦੀ ਪੋਰਦੀਨੋਨੇ ਦਾ ਪ੍ਰਬੰਧ ਚਲਾਉਣ ਲਈ ਅਧਿਕਾਰਤ ਕਰ ਦਿੱਤਾ ਹੈ ਜਿਸ ਸੰਬਧੀ ਪ੍ਰਬੰਧਕੀ ਢਾਂਚਾ 6 ਮੈਂਬਰੀ ਕਮੇਟੀ ਤਹਿ ਕਰੇਗੀ। ਇਹ ਚੋਣ ਹੋ ਸਕਦਾ ਇਟਾਲੀਅਨ ਪ੍ਰਸ਼ਾਸ਼ਨ ਲਈ ਸਧਾਰਨ ਹੋਵੇ ਪਰ ਇਟਲੀ ਦੇ ਸਿੱਖ ਸਮਾਜ ਲਈ ਵੋਟਾਂ ਦੁਆਰਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਚੋਣ ਕਰਨ ਦੀ ਕਾਰਵਾਈ ਸਧਾਰਨ ਨਹੀਂ।
ਇਸ ਚੋਣ ਨਾਲ ਇਹ ਗੁਰਦੁਆਰਾ ਸਾਹਿਬ ਇਟਲੀ ਦਾ ਪਹਿਲਾਂ ਅਜਿਹਾ ਗੁਰਦੁਆਰਾ ਸਾਹਿਬ ਬਣ ਗਿਆ ਜਿਸ ਦੇ ਪ੍ਰਧਾਨ ਨੂੰ ਸੰਗਤ ਨੇ ਉਸ ਵੇਲੇ ਵੋਟਾਂ ਨਾਲ ਚੁਣ ਕਿ ਨਵੀਂ ਪਿਰਤ ਪਾ ਦਿੱਤੀ ਹੈ ਜਦੋਂ ਮੌਜੂਦਾ ਪ੍ਰਬੰਧਕ ਪ੍ਰਧਾਨਗੀ ਦੀ ਕੁਰਸੀ ਨੂੰ ਨਾਗ ਵਲ ਪਾਕੇ ਬੈਠ ਗਏ ਸਨ ਜਦੋਂ ਕਿ ਇਟਲੀ ਦੇ ਸਿੱਖ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਹੁਣ ਉਹ ਤਮਾਮ ਸਿੱਖ ਸੰਗਤਾਂ ਆਉਣ ਵਾਲੇ ਸਮੇਂ ਇਸ ਨਵੀਂ ਪਿਰਤ ਨੂੰ ਅਪਨਾ ਸਕਦੀ ਹੈ ਜਿਨ੍ਹਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨਾ ਸੰਗਤ ਨੂੰ ਕੋਈ ਲੜ-ਸਿਰਾ ਫੜ੍ਹਾ ਰਹੇ ਹਨ ਤੇ ਨਾ ਹੀ ਕਮੇਟੀ ਬਦਲਣ ਲਈ ਸੰਜੀਦਾ ਹਨ ਜਦੋਂ ਕਿ ਦੂਜੇ ਪਾਸੇ ਕੁਝ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਚੋਣਾਂ ਦਾ ਨਾਮ ਸੁਣਦਿਆਂ ਹੀ ਸੰਗਤ ਨੂੰ ਭਰੋਸੇ ਵਿੱਚ ਲੈਣਾ ਸੁਰੂ ਕਰ ਦਿੱਤਾ ਹੈ ਜਿਹੜੀਆਂ ਕਿ ਪਹਿਲਾਂ ਸੰਗਤ ਨੂੰ ਟਿੱਚ ਕਰ ਜਾਣਦੀਆਂ ਸਨ। ਹੁਣ ਇਹ ਗੱਲ ਵੀ ਖੁੱਲ ਕਿ ਸਾਹਮਣੇ ਆ ਚੁੱਕੀ ਹੈ ਕਿ ਐਸੋਸ਼ੀਏਸ਼ਨ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਿੰਘ ਸਭਾ ਸਾਹਿਬ ਪਸੀਆਨੋ ਦੀ ਪੋਰਦੀਨੋਨੇ ਦੀ ਪੁਰਾਣੀ ਕਮੇਟੀ ਨੂੰ ਬਚਾਉਣ ਲਈ ਇਟਲੀ ਦੀ ਇੱਕ ਸਿਰਮੌਰ ਸਿੱਖ ਜੱਥੇਬੰਦੀ ਪੂਰੀ ਵਾਹ ਲਗਾ ਰਹੀ ਸੀ। ਪ੍ਰਬੰਧ ਪੁਰਾਣੀ ਕਮੇਟੀ ਕੋਲ ਹੀ ਰਹੇ ਜਦੋਂ ਕਿ ਸਿੱਖ ਸੰਗਤ ਦਾ ਫ਼ੈਸਲਾ ਗੁਰੂ ਸਾਹਿਬ ਦਾ ਫ਼ੈਸਲਾ ਹੋ ਨਿੱਬੜਣ ਨਾਲ ਸਿਰਮੌਰ ਸਿੱਖ ਜੱਥੇਬੰਦੀ ਪੱਖੋ ਹੌਲੀ ਹੋਈ ਨਜ਼ਰ ਆ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।