ਇਟਲੀ : ਵੈਕਸੀਨ ਲੱਗਣ ਦੇ ਬਾਵਜੂਦ ਡਾਕਟਰ ਹੋਇਆ ਕੋਰੋਨਾ ਦਾ ਸ਼ਿਕਾਰ
Tuesday, Jan 05, 2021 - 09:50 PM (IST)
ਰੋਮ, ( ਕੈਂਥ)- ਕੋਰੋਨਾ ਵਾਇਰਸ ਦਾ ਟੀਕਾਕਰਨ ਜਿੱਥੇ ਦੁਨੀਆ ਦੇ ਕਾਫ਼ੀ ਦੇਸ਼ਾਂ ਵਿਚ ਚੱਲ ਰਿਹਾ ਹੈ, ਉੱਥੇ ਇਟਲੀ ਵਿਚ ਵੀ 27 ਦਸੰਬਰ, 2020 ਤੋਂ ਇਹ ਟੀਕਾਕਰਨ ਸ਼ੁਰੂ ਕਰ ਦਿੱਤਾ ਗਿਆ ਸੀ। ਹੁਣ ਤੱਕ ਇਟਲੀ ਵਿਚ 1,50,000 ਲੋਕਾਂ ਨੂੰ ਇਹ ਟੀਕਾਕਰਨ ਕੀਤਾ ਜਾ ਚੁੱਕਾ ਹੈ। ਇੱਥੇ ਇਕ ਡਾਕਟਰ ਕੋਰੋਨਾ ਦੀ ਲਪੇਟ ਵਿਚ ਆ ਗਿਆ ਹੈ, ਜਿਸ ਨੇ ਕੋਰੋਨਾ ਵੈਕਸੀਨ ਲਗਵਾਇਆ ਸੀ। ਹੁਣ ਤੱਕ ਪਹੁੰਚੀ ਖੇਪ ਵਿਚੋਂ ਲਗਭਗ 31.3 ਫ਼ੀਸਦੀ ਖੁਰਾਕਾਂ ਦੀ ਵਰਤੋਂ ਹੋ ਚੁੱਕੀ ਹੈ ਜਦਕਿ ਇਟਲੀ ਲਈ 4,70,000 ਖ਼ੁਰਾਕਾਂ ਦੀ ਦੂਜੀ ਖੇਪ ਜਲਦੀ ਹੀ ਪਹੁੰਚ ਰਹੀ ਹੈ। ਸਭ ਤੋਂ ਵੱਧ ਫ਼ੀਸਦੀ ਵਾਲੇ ਖੇਤਰ ਲਾਜ਼ੀਓ, ਤੁਸਕਾਨਾ ਅਤੇ ਵੇਨੇਤੋ ਹਨ। ਆਉਣ ਵਾਲੇ ਦਿਨਾਂ ਵਿਚ ਟੀਕਾਕਰਨ 'ਚ ਹੋਰ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ।
ਸੀਰਾਕੁਜਾ ਦੇ ਉਮਬੇਰਤੋ ਹਸਪਤਾਲ ਦੇ ਇਕ ਡਾਕਟਰ ਜਿਸ ਨੂੰ 6 ਦਿਨ ਪਹਿਲਾਂ ਪਲੇਰਮੋ ਵਿਚ ਟੀਕਾ ਲਗਾਇਆ ਗਿਆ ਸੀ, ਦਾ ਕੋਵਿਡ-19 ਟੈਸਟ ਪਾਜ਼ੀਟਿਵ ਪਾਇਆ ਗਿਆ। ਸੂਬਾਈ ਸਿਹਤ ਅਥਾਰਟੀ ਦੁਆਰਾ ਜਾਣਕਾਰੀ ਅਨੁਸਾਰ, ਉਹ ਟੀਕਾ ਲਗਵਾਉਣ ਵਾਲੇ ਪਹਿਲੇ ਲੋਕਾਂ ਵਿਚੋਂ ਇਕ ਸੀ ਅਤੇ ਸ਼ਨੀਵਾਰ ਨੂੰ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।
ਸੁਪੀਰੀਅਰ ਹੈਲਥ ਕੌਂਸਲ ਦੇ ਮੁਖੀ ਫਰਾਂਕੋ ਲੋਕਾਤੇਲੀ ਨੇ ਦੱਸਿਆ ਕਿ ਸਾਰਸ ਕੋਵਿਡ-2 ਵਾਇਰਸ ਦੀ ਲਾਗ ਤੋਂ ਬਚਣ ਲਈ ਇਮਿਨੀਊਟੀ ਰੱਖਿਆ ਐਂਟੀ ਕੋਵਿਡ -19 ਟੀਕੇ ਦੀ ਦੂਜੀ ਖੁਰਾਕ ਦੇ ਬਾਅਦ ਹੀ ਪੂਰੀ ਹੁੰਦੀ ਹੈ।