ਇਟਲੀ ''ਚ ਮੁੜ ਕੋਵਿਡ-19 ਦਾ ਕਹਿਰ, 297 ਮਰੀਜ਼ਾਂ ਦੀ ਮੌਤ ਤੇ 31758 ਨਵੇਂ ਕੇਸ
Sunday, Nov 01, 2020 - 11:52 AM (IST)

ਰੋਮ/ਇਟਲੀ (ਕੈਂਥ): ਇਟਲੀ ਵਿਚ ਬੀਤੇ ਕੁਝ ਦਿਨਾਂ ਤੋਂ ਕੋਵਿਡ-19 ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿਚ ਅਥਾਹ ਵਾਧਾ ਹੋ ਰਿਹਾ ਹੈ ਅਤੇ ਹੁਣ ਦੁਬਾਰਾ ਤੋਂ ਇਟਲੀ ਵਿਚ ਕੋਵਿਡ-19 ਦਾ ਕਹਿਰ ਰਿਕਾਰਡ ਕੀਤਾ ਜਾ ਰਿਹਾ ਹੈ। ਇਹ ਇਟਲੀ ਵਿਚ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਹੈ।ਇਟਲੀ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾਵਾਇਰਸ ਸੰਕਰਮਣ ਦੇ 31758 ਨਵੇਂ ਮਾਮਲੇ ਸਾਹਮਣੇ ਆਏ ਅਤੇ 297 ਮਰੀਜ਼ਾਂ ਦੀ ਮੌਤ ਹੋਈ। ਇਹ ਜਾਣਕਾਰੀ ਸ਼ਨੀਵਾਰ ਨੂੰ ਸਿਹਤ ਮੰਤਰਾਲਾ ਨੇ ਦਿੱਤੀ।
ਇਟਲੀ ਦੇ ਉੱਤਰੀ ਖੇਤਰ ਲੋਂਬਾਰਦੀ ਦਾ ਮਿਲਾਨ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੇ ਇਟਾਲੀਅਨ ਫੌਜੀਆਂ ਵੱਲੋਂ ਵਿਸ਼ੇਸ਼ ਕੋਵਿਡ ਕੈਂਪ ਬਣਾਏ ਜਾ ਰਹੇ ਹਨ, ਜਿਹਨਾਂ ਵਿਚ ਕੋਰੋਨਾ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ।ਇਟਲੀ 'ਚ ਹੁਣ ਤੱਕ ਕੁੱਲ 38,618 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ। ਕੋਰੋਨਾਵਾਇਰਸ ਕਾਰਨ ਇਟਲੀ ਦੇ ਪ੍ਰਧਾਨ ਮੰਤਰੀ ਨੇ ਬੀਤੇ ਹਫ਼ਤੇ ਬਾਰਾਂ ਅਤੇ ਰੈਸਟੋਰੈਂਟਾਂ ਨੂੰ ਸ਼ਾਮ 6 ਵਜੇ ਬੰਦ ਹੋਣ ਦਾ ਹੁਕਮ ਦਿੱਤਾ ਹੈ।
ਪੜ੍ਹੋ ਇਹ ਅਹਿਮ ਖਬਰ- ਫਿਲੀਪੀਨਜ਼ 'ਚ ਭਿਆਨਕ ਤੂਫਾਨ ਦੀ ਦਸਤਕ, ਸੁਰੱਖਿਅਤ ਸਥਾਨਾਂ 'ਤੇ ਪਹੁੰਚਾਏ ਗਏ 10 ਲੱਖ ਲੋਕ
ਇਸ ਤੋਂ ਇਲਾਵਾ ਜਿੰਮ, ਸਿਨੇਮਾਘਰ ਅਤੇ ਥੀਏਕਟਰਾਂ ਨੂੰ ਵੀ ਬੰਦ ਕੀਤਾ ਗਿਆ ਹੈ। ਇਟਲੀ ਵਿਚ ਸਟੇਟ ਲੰਮਬਾਰਦੀ, ਵਨੇਤੋ, ਤੁਸਕਾਨਾ, ਲਾਸੀਓ, ਮੋਨਸਾ, ਵਾਰੇਜੇ, ਵਰੀਆਨਸਾ, ਕੰਪਾਨੀਆ ਵਿਚ ਸਭ ਤੋ ਵੱਧ ਕੋਰੋਨਾ ਮਰੀਜ਼ਾਂ ਦੀ ਗਿਣਤੀ ਰਿਕਾਰਡ ਕੀਤੀ ਗਈ।ਕੋਰੋਨਾ ਦੇ ਕਹਿਰ ਕਾਰਨ ਜਿੱਥੇ ਫਰਾਂਸ, ਜਰਮਨ ਤੇ ਇੰਗਲੈਂਡ ਵਿੱਚ ਤਾਲਾਬੰਦੀ ਹੋ ਗਈ ਹੈ ਉੱਥੇ ਹੀ ਇਟਲੀ ਵਿੱਚ ਵੀ ਕੋਵਿਡ-19 ਦੇ ਮਰੀਜ਼ ਵੱਧਣ ਕਾਰਨ ਜਲਦ ਤਾਲਾਬੰਦੀ ਹੋ ਸਕਦੀ ਹੈ।