ਇਟਲੀ ਦੀ ਕੋਵਿਡ-19 ਵਿਰੁੱਧ ਚੱਲ ਰਹੀ ਜੰਗ ਵਿੱਚ ਹੁਣ ਤੱਕ 337 ਡਾਕਟਰ ਸ਼ਹੀਦ
Saturday, Mar 13, 2021 - 03:39 PM (IST)
ਰੋਮ ਇਟਲੀ (ਦਲਵੀਰ ਕੈਂਥ) : ਡਾਕਟਰ ਦੂਜਾ ਰੱਬ ਹੈ ਇਸ ਲੋਕ ਕਹਾਵਤ ਨੂੰ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਦੁਨੀਆ ਭਰ ਦੇ ਡਾਕਟਰਾਂ ਨੇ ਜਿਹੜੇ ਕਿ ਕੋਵਿਡ-19 ਨਾਲ ਚੱਲ ਰਹੀ ਲੜਾਈ ਵਿੱਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਦਿਨ-ਰਾਤ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ ਲੱਗੇ ਹਨ ਅਤੇ ਹੱਸਦੇ ਹੱਸਦੇ ਇਸ ਲੜਾਈ ਵਿੱਚ ਸ਼ਹਾਦਤਾਂ ਪਾ ਰਹੇ ਹਨ। ਕਿਉਂਕਿ ਅਕਸਰ ਹੀ ਸੁਣਦੇ ਹਾਂ ਕਿ ਰੱਬ ਤੋਂ ਬਾਅਦ ਡਾਕਟਰ ਹੀ ਕੀਮਤੀ ਜਾਨਾਂ ਆਪਣੇ ਜ਼ਿੰਦਗੀ ਦੇ ਤਜ਼ਰਬੇ ਨਾਲ ਬਚਾਉਦੇ ਹਨ ਪਰ ਜਦੋਂ ਮਰੀਜ਼ਾਂ ਦਾ ਇਲਾਜ ਕਰਦੇ ਮਰਜ਼ ਖੁਦ ਨੂੰ ਚਿੰਬੜ ਜਾਵੇ ਤਾਂ ਲੱਖਾਂ ਜ਼ਿੰਦਗੀਆਂ ਨੂੰ ਮੌਤ ਦੇ ਮੂੰਹ ਚੋਂ ਮੌੜਨ ਵਾਲੇ ਡਾਕਟਰ ਨੂੰ ਮੌਤ ਅੱਖ ਦੇ ਝਮੱਕੇ ਨਾਲ ਇਸ ਸੰਸਾਰ ਤੋਂ ਲੈ ਜਾਂਦੀ ਹੈ।
ਅਜਿਹੀ ਹੀ ਉਦਾਹਰਣ ਇਟਲੀ ਵਿਚ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਤਾਜਾ ਰਿਪੋਰਟ ਅਨੁਸਾਰ ਇਟਲੀ ਦੀ ਨੈਸ਼ਨਲ ਡਾਕਟਰਾਂ ਦੀ ਸੰਸਥਾ ਨੈਸ਼ਨਲ ਫੈਡਰੇਸ਼ਨ ਆਫ ਮੈਡੀਕਲ ਆਰਡਰਜ ਅਨੁਸਾਰ ਹੁਣ ਤੱਕ ਇਟਲੀ ਵਿੱਚ ਕੋਵਿਡ-19 ਦਾ ਇਲਾਜ ਕਰਦੇ 337 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਵਿੱਚ ਜਦੋਂ ਤੋਂ ਭਾਵ ਕਰੀਬ ਇੱਕ ਸਾਲ ਤੋਂ ਕੋਰੋਨਾ ਵਾਇਰਸ ਨਾਮ ਦੀ ਮਹਾਮਾਰੀ ਦੀ ਸ਼ੁਰੂਆਤ ਹੋਈ ਹੈ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਕੋਰੋਨਾ ਵਾਇਰਸ ਦੇ ਮਰੀਜਾਂ ਦਾ ਇਲਾਜ ਕਰਦੇ ਹੋਏ 337 ਡਾਕਟਰ ਅਤੇ ਨਰਸਾਂ ਇਸ ਦੁਨੀਆ ਨੂੰ ਅਲਵਿਦਾ ਆਖਦੇ ਹੋਏ ਸ਼ਹੀਦੀ ਦਾ ਜਾਮ ਪੀ ਚੁੱਕੇ ਹਨ। ਜਿਨ੍ਹਾਂ ਵਿੱਚ ਸੇਵਾ ਮੁਕਤ ਹੋਏ ਡਾਕਟਰ ਜੋ ਕਿ ਦੁਬਾਰਾ ਕੰਮ 'ਤੇ ਬੁਲਾਏ ਗਏ ਸਨ, ਵੀ ਸ਼ਾਮਿਲ ਹਨ ।
ਬੀਤੇ ਦਿਨ ਪ੍ਰੈੱਸ ਨੂੰ ਦਿੱਤੇ ਬਿਆਨ ਵਿੱਚ ਨੈਸ਼ਨਲ ਫੈਡਰੇਸ਼ਨ ਆਫ ਮੈਡੀਕਲ ਆਰਡਰਜ ਦੇ ਪ੍ਰਧਾਨ ਫਿਲੀਪੋ ਅਨੈਲੀ ਨੇ ਕਿਹਾ ਜਦੋਂ ਤੋਂ ਇਟਲੀ ਵਿੱਚ ਕੋਰੋਨਾ ਦਾ ਪ੍ਰਭਾਵ ਸ਼ੁਰੂ ਹੋਇਆ ਸੀ ਤਾਂ ਅਸੀਂ ਕਦੇ ਵੀ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ ਕੀਤੀ, ਕਿ ਮਰੀਜ਼ਾਂ ਨੂੰ ਨਵੀ ਜ਼ਿੰਦਗੀ ਦੇਣ ਵਾਲੇ ਡਾਕਟਰਾਂ ਅਤੇ ਨਰਸਾਂ ਨੂੰ ਵੀ ਇਹ ਮਹਾਮਾਰੀ ਆਪਣੀ ਲਪੇਟ ਵਿੱਚ ਲੈ ਲਵੇਗੀ।ਡਾਕਟਰਾਂ ਤੋਂ ਇਲਾਵਾ ਹੋਰ ਵੀ ਕਈ ਮੁਲਾਜ਼ਮ ਇਸ ਜੰਗ ਵਿੱਚ ਸ਼ਹੀਦ ਹੋਏ ਹਨ। ਕੋਵਿਡ-19 ਦੀ ਲੜਾਈ ਵਿੱਚ ਸ਼ਹੀਦ ਹੋਣ ਵਾਲੇ ਤਮਾਮ ਮੁਲਾਜ਼ਮਾਂ ਨੂੰ ਇਟਲੀ ਦਾ ਬੱਚਾ-ਬੱਚਾ ਸਲਾਮ ਕਰ ਰਿਹਾ ਹੈ।