ਇਟਲੀ : ਬੁਰਕਾ ਨਾ ਪਹਿਨਣ ’ਤੇ 14 ਸਾਲਾ ਲੜਕੀ ਦੀ ਪਰਿਵਾਰ ਵੱਲੋਂ ਬੇਰਹਿਮੀ ਨਾਲ ਕੁੱਟਮਾਰ

11/15/2021 8:06:27 PM

ਰੋਮ/ਇਟਲੀ (ਦਲਵੀਰ ਕੈਂਥ)-ਇਹ ਗੱਲ ਸਦਾ ਹੀ ਰਹੱਸਮਈ ਰਹੀ ਹੈ ਕਿ ਇਨਸਾਨ ਧਰਮ ਲਈ ਹੈ ਜਾਂ ਧਰਮ ਇਨਸਾਨ ਲਈ ਪਰ ਜੋ ਵੀ ਹੈ ਇਨਸਾਨੀਅਤ ਧਰਮ ਤੋਂ ਉੱਪਰ ਕੁਝ ਨਹੀਂ ਹੋਣਾ ਚਾਹੀਦਾ ਪਰ ਅਗਿਆਨਤਾਵੱਸ ਸਾਡੀ ਧਾਰਮਿਕ ਕੱਟੜਤਾ ਇਨਸਾਨ ਲਈ ਜਾਨ ਦਾ ਖੌਅ ਬਣ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ਯੂਰਪ ਦੇ ਵਿਕਸਿਤ ਦੇਸ਼ ਇਟਲੀ ’ਚ ਵੀ ਦੇਖਣ ਨੂੰ ਮਿਲੀ। ਇਟਲੀ ਦੀ ਰਾਜਧਾਨੀ ਰੋਮ ਨੇੜਲੇ ਸ਼ਹਿਰ ਓਸਤੀਆਂ ਵਿਖੇ ਧਾਰਮਿਕ ਕੱਟੜਤਾ ’ਤੇ ਚੱਲਦਿਆਂ ਇਕ ਬੰਗਲਾਦੇਸ਼ੀ ਪਰਿਵਾਰ ਵੱਲੋਂ ਆਪਣੀ 14 ਸਾਲਾ ਧੀ ਦੀ ਇਸ ਲਈ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕਿਉਂਕਿ ਉਹ ਬੁਰਕਾ ਪਹਿਨਣ ਤੋਂ ਇਨਕਾਰੀ ਸੀ। ਸਥਾਨਕ ਮੀਡੀਆ ਅਨੁਸਾਰ ਇਕ ਮੁਸਲਮਾਨ ਪਰਿਵਾਰ ਦੀ ਲੜਕੀ ਨੇ ਇਸਲਾਮਿਕ ਧਰਮ ਲਈ ਲਾਜ਼ਮੀ ਬੁਰਕਾ ਪਹਿਨਣ ਤੋਂ ਨਾਂਹ ਕੀਤੀ, ਜਿਸ ਕਾਰਨ ਉਸ ਲੜਕੀ ਦੀ ਮਾਂ ਅਤੇ ਭਰਾ ਨੇ ਲੜਕੀ ਨੂੰ ਇਸ ਹੱਦ ਤੱਕ ਕੁੱਟਿਆ ਕਿ ਉਸ ਦੇ ਚਿਹਰੇ ’ਤੇ ਨਿਸ਼ਾਨ ਤੱਕ ਪੈ ਗਏ ਸਨ। ਲੜਕੀ ਵੱਲੋਂ ਆਪਣੇ ਹੀ ਪਰਿਵਾਰ ਖ਼ਿਲਾਫ ਅੱਜ ਸਵੇਰੇ ਨੇੜਲੇ ਪੁਲਸ ਸਟੇਸ਼ਨ ਵਿਖੇ ਪਹੁੰਚ ਕੇ ਰਿਪੋਰਟ ਦਰਜ ਕਰਵਾ ਕੇ ਪ੍ਰਸ਼ਾਸਨ ਤੋਂ ਇਨਸਾਫ਼ ਲਈ ਮੰਗ ਕੀਤੀ ਹੈ।

ਪੁਲਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਦੇ ਧਿਆਨ ’ਚ ਲਿਆ ਕੇ ਦੋਸ਼ੀਆ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਟਲੀ ’ਚ ਕਾਨੂੰਨ ਮੁਤਾਬਕ ਤੁਸੀਂ ਨਾਬਾਲਗ ਬੱਚਿਆਂ ਨਾਲ ਕੱਟਮਾਰ ਨਹੀਂ ਕਰ ਸਕਦੇ, ਜੇਕਰ ਪੁਲਸ ਕੋਲ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਪੁਲਸ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਯੂਰਪ ਦੇ ਕਈ ਦੇਸ਼ਾਂ ਨੇ ਬੁਰਕਾ ਪਹਿਨਣ ਉੱਪਰ ਪਾਬੰਦੀ ਲਗਾਈ ਹੋਈ ਹੈ, ਜਿਨ੍ਹਾਂ ’ਚ ਫਰਾਂਸ ਅਜਿਹਾ ਦੇਸ਼ ਹੈ, ਜਿਸ ਨੇ ਇਸ ਕਾਰਵਾਈ ’ਚ ਸਭ ਤੋਂ ਪਹਿਲਾਂ ਅਪ੍ਰੈਲ 2011 ’ਚ ਇਤਿਹਾਸਕ ਫ਼ੈਸਲਾ ਲਿਆ। ਕੁਝ ਹੋਰ ਯੂਰਪੀਅਨ ਦੇਸ਼ ਵੀ ਬੁਰਕੇ ਉੱਪਰ ਰੋਕ ਲਗਾਉਣ ਲਈ ਜਲਦ ਫ਼ੈਸਲਾ ਲੈ ਸਕਦੇ ਹਨ ਪਰ ਬੱਚਿਆਂ ਨੂੰ ਮਾਰਨ-ਕੁੱਟਣ ਲਈ ਸਭ ਯੂਰਪੀਅਨ ਦੇਸ਼ਾਂ ਅੰਦਰ ਮਨਾਹੀ ਹੈ।


Manoj

Content Editor

Related News