ਇਟਲੀ: 12 ਨਵੰਬਰ ਨੂੰ ਨਾਨਕ ਦੇਵ ਮਹਾਰਾਜ ਜੀ ਦੇ 553ਵੇਂ ਆਗਮਨ ਪੁਰਬ ਨੂੰ ਸਮਰਪਿਤ ਸਜੇਗਾ ਨਗਰ ਕੀਰਤਨ
Thursday, Nov 03, 2022 - 12:33 PM (IST)
ਰੋਮ (ਕੈਂਥ): ਇਟਲੀ ਦੇ ਇਮਿਲੀਆ ਰੋਮਾਨਾ ਸੂਬੇ ਦਾ ਸਭ ਤੋਂ ਪੁਰਾਣਾ ਸਥਾਪਿਤ ਕੀਤਾ ਗਿਆ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ (ਰਿਜੋਇਮਿਲੀਆ) ਹੈ।ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਜਿਹੜੀ ਕਿ ਪਿਛਲੇ 3 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਇਟਲੀ ਵਿੱਚ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਬਾਣੇ ਨੂੰ ਘਰ-ਘਰ ਪਹੁੰਚਾਉਣ ਲਈ ਦਿਨ-ਰਾਤ ਇੱਕ ਕਰਦੀ ਹੋਈ ਲੋੜਵੰਦ ਤੇ ਬੇਸਹਾਰਾ ਲੋਕਾਂ ਦੀ ਸਹਾਇਤਾ ਲਈ 24 ਘੰਟੇ ਸੇਵਾ ਵਿੱਚ ਰਹਿੰਦੀ ਹੈ ਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਹੁਣ ਤੱਕ 3000 ਤੋਂ ਉਪੱਰ ਯੂਰਪ ਦੀ ਸੰਗਤ ਨੂੰ ਖੰਡੇ ਬਾਟੇ ਦੀ ਪਹੁਲ ਛੱਕਾ ਸਿੰਘ ਸਜਾ ਚੁੱਕੀ ਹੈ।
ਇਸ ਗੁਰਦੁਆਰਾ ਸਾਹਿਬ ਵੱਲੋਂ ਹਰ ਸਾਲ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਪਰ ਇਸ ਸਾਲ ਪਹਿਲੀ ਵਾਰ ਸਿੱਖ ਧਰਮ ਦੇ ਮੋਢੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ 553ਵੇਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 12 ਨਵੰਬਰ ਦਿਨ ਸ਼ਨੀਵਾਰ ਨੂੰ 1 ਵਜੇ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਵਿੱਚ ਸਜਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ,ਢਾਡੀ,ਕੀਰਤਨੀਏ ਤੇ ਕਵੀਸ਼ਰ ਮਹਾਨ ਸਿੱਖ ਦਾ ਲਾਸਾਨੀ ਤੇ ਗੌਰਵਮਈ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਉਣਗੇ।
ਇਸ ਮੌਕੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਵੱਲੋਂ ਗੱਤਕੇ ਦੇ ਜੌਹਰ ਵੀ ਦਿਖਾਏ ਜਾਣਗੇ।ਇਟਾਲੀਅਨ ਪੰਜਾਬੀ ਪ੍ਰੈੱਸ ਕੱਲਬ ਨੂੰ ਇਹ ਜਾਣਕਾਰੀ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ (ਰਿਜੋਇਮਿਲੀਆ) ਦੇ ਪ੍ਰਧਾਨ ਭਾਈ ਜੋਗਿੰਦਰ ਸਿੰਘ ,ਉਪ-ਪ੍ਰਧਾਨ ਭਾਈ ਇਕਬਾਲ ਸਿੰਘ ਸੋਢੀ ਤੇ ਭਾਈ ਹਰਦੇਵ ਸਿੰਘ ਨਾਭਾ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਇਸ ਨਗਰ ਕੀਰਤਨ ਵਿੱਚ ਜਿੱਥੇ ਇਟਲੀ ਭਰ ਤੋਂ ਸੰਗਤ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਸ਼ਮੂਲੀਅਤ ਕਰੇਗੀ, ਉੱਥੇ ਇਟਾਲੀਅਨ ਪ੍ਰਸ਼ਾਸ਼ਨ ਅਧਿਕਾਰੀ ਵੀ ਉਚੇਚੇ ਤੌਰ 'ਤੇ ਹਾਜ਼ਰੀ ਭਰਨਗੇ।ਭਾਰਤ ਦੀ ਧਰਤੀ ਤੋਂ ਉਚੇਚੇ ਤੌਰ 'ਤੇ ਗਿਆਨੀ ਰਜਿੰਦਰ ਸਿੰਘ ਵੀ ਹਾਜ਼ਰੀ ਭਰਨਗੇ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ : ਵਿਧਾਨ ਸਭਾ 'ਚ ਰਚਨਾ ਸਿੰਘ ਨੇ 'ਪੰਜਾਬੀ' 'ਚ ਦਿੱਤਾ ਭਾਸ਼ਣ
ਸਮੂਹ ਸੰਗਤਾਂ ਨੂੰ ਇਸ ਮਹਾਨ ਦਿਵਸ ਮੌਕੇ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਪ੍ਰਬੰਧਕਾਂ ਵੱਲੋਂ ਅਪੀਲ ਹੈ।ਜ਼ਿਕਰਯੋਗ ਹੈ ਕਿ ਇਹ ਗੁਰਦੁਆਰਾ ਸਾਹਿਬ ਜਿੱਥੇ ਸਿੱਖ ਭਾਈਚਾਰੇ ਦੀ ਸੇਵਾ ਲਈ ਸਦਾ ਹੀ ਮੋਹਰੀ ਰਿਹਾ ਹੈ ਉੱਥੇ ਇਟਾਲੀਅਨ ਭਾਈਚਾਰੇ ਦੀ ਸੇਵਾ ਵਿੱਚ ਵੀ ਸਦਾ ਹਾਜ਼ਰੀ ਭਰਦਾ ਹੈ। ਇਸ ਗੁਰਦੁਆਰਾ ਸਾਹਿਬ ਵੱਲੋਂ ਇਟਲੀ ਦੇ ਮਾੜੇ ਸਮੇਂ ਵਿੱਚ ਇਟਲੀ ਦੇ ਮੋਢੇ ਨਾਲ ਮੋਢਾ ਲਗਾ ਸਹਾਇਤਾ ਕੀਤੀ ਗਈ। ਜਿਸ ਵਿੱਚ 15 ਹਜ਼ਾਰ ਯੂਰੋ ਦੀ ਆਰਥਿਕ ਮਦਦ ਤੇ ਦੋ ਗੱਡੀਆਂ ਦੇਣ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ।ਇਸ ਗੁਰਦੁਆਰਾ ਸਾਹਿਬ ਵੱਲੋਂ ਨੰਨੇ-ਮੁੰਨੇ ਬੱਚਿਆਂ ਨੂੰ ਕੀਰਤਨ ਸਿਖਾਉਣ ਲਈ ਵੀ ਵਿਸੇ਼ਸ ਉਪਰਾਲੇ ਕੀਤੇ ਜਾਂਦੇ ਹਨ।