ਕੋਰੋਨਾ ਦਾ ਗੜ੍ਹ ਰਿਹਾ ਇਟਲੀ ਹੁਣ ਦੁਨੀਆ ਲਈ ਬਣਿਆ ''ਮਾਡਲ'' ਦੇਸ਼

Tuesday, Aug 04, 2020 - 06:22 PM (IST)

ਰੋਮ (ਬਿਊਰੋ) ਕਦੇ ਕੋਰੋਨਾਵਾਇਰਸ ਮਹਾਮਾਰੀ ਦਾ ਗੜ੍ਹ ਰਹੇ ਇਟਲੀ ਦੀ ਅੰਤਰਰਾਸ਼ਟਰੀ ਮੀਡੀਆ ਵਿਚ ਕਾਫੀ ਤਾਰੀਫ ਹੋ ਰਹੀ ਹੈ। ਭਾਵੇਂਕਿ ਕੁਝ ਮਹੀਨੇ ਪਹਿਲਾਂ ਕੋਰੋਨਾਵਾਇਰਸ ਕਾਰਨ ਇਟਲੀ ਸਾਰੇ ਦੇਸ਼ਾਂ ਦੀਆਂ ਨਜ਼ਰਾਂ ਵਿਚ ਸੀ। ਚੀਨ ਦੇ ਬਾਅਦ ਕੋਰੋਨਾਵਾਇਰਸ ਨਾਲ ਬੁਰੀ ਤਰ੍ਹਾਂ ਜੂਝਣ ਵਾਲੇ ਸ਼ੁਰੂਆਤੀ ਦੇਸ਼ਾਂ ਵਿਚ ਇਟਲੀ ਵੀ ਇਕ ਸੀ। ਇੱਥੇ ਰੋਜ਼ ਵੱਡੀ ਗਿਣਤੀ ਵਿਚ ਮਾਮਲੇ ਵੱਧ ਰਹੇ ਸਨ ਅਤੇ ਹਸਪਤਾਲ ਵਿਚ ਬੈੱਡਾਂ ਦੀ ਕਮੀ ਪੈ ਰਹੀ ਸੀ। ਡਾਕਟਰਾਂ ਨੂੰ ਤਾਂ ਇਹ ਤੈਅ ਕਰਨਾ ਪੈ ਰਿਹਾ ਸੀ ਕਿ ਉਹ ਕਿਹੜੇ ਮਰੀਜ਼ ਨੂੰ ਬਚਾਉਣ ਅਤੇ ਕਿਸ ਨੂੰ ਇਲਾਜ ਤੋਂ ਬਗੈਰ ਛੱਡ ਦੇਣ। ਪਰ ਹੁਣ ਹਾਲਾਤ ਬਦਲ ਗਏ ਹਨ। 

ਕੁਝ ਹੀ ਮਹੀਨੇ ਪਹਿਲਾਂ ਮਤਲਬ ਮਾਰਚ ਅਤੇ ਅਪ੍ਰੈਲ ਵਿਚ ਇਟਲੀ ਨੂੰ ਯੂਰਪ ਵਿਚ ਕੋਰੋਨਾ ਦਾ ਕੇਂਦਰ ਕਿਹਾ ਜਾਣ ਲੱਗਾ ਸੀ ਪਰ ਹੁਣ ਇਟਲੀ ਦੇ ਕੋਰੋਨਾ ਹਸਪਤਾਲ ਖਾਲੀ ਹੋ ਚੁੱਕੇ ਹਨ। ਬੀਤੇ ਕਈ ਹਫਤਿਆਂ ਤੋਂ ਰੋਜ਼ ਨਾਲ ਆਉਣ ਵਾਲੇ ਮਾਮਲਿਆਂ ਦੀ ਗਿਣਤੀ 150 ਤੋਂ 400 ਦੇ ਵਿਚ ਹੋ ਗਈ ਹੈ। ਉੱਥੇ ਰੋਜ਼ ਹੋਣ ਵਾਲੀਆਂ ਮੌਤਾਂ ਦਾ ਅੰਕੜਾ 20 ਨਾਲੋਂ ਵੀ ਘੱਟ ਹੋ ਗਿਆ ਹੈ। ਜਦਕਿ ਬੀਤੇ ਕੁਝ ਦਿਨਾਂ ਤੋਂ ਅਮਰੀਕਾ, ਬ੍ਰਾਜ਼ੀਲ ਅਤੇ ਭਾਰਤ ਵਿਚ ਰੋਜ਼ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆ ਰਹੇ ਹਨ। ਇਹਨਾਂ ਦੇਸ਼ਾਂ ਵਿਚ ਰੋਜ਼ ਨਵੇਂ ਮਾਮਲਿਆਂ ਦਾ ਅੰਕੜਾ 50 ਹਜ਼ਾਰ ਨੂੰ ਵੀ ਪਾਰ ਕਰ ਜਾ ਰਿਹਾ ਹੈ। ਅਮਰੀਕਾ ਵਿਚ ਰੋਜ਼ ਔਸਤਨ 1,000 ਮਰੀਜ਼ਾਂ ਦੀਆਂ ਮੌਤਾਂ ਹੋ ਰਹੀਆਂ ਹਨ।

ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਇਟਲੀ ਦੇ ਹਸਪਤਾਲ ਕੋਰੋਨਾ ਮਰੀਜ਼ਾਂ ਤੋਂ ਖਾਲੀ ਹੋ ਚੁੱਕੇ ਹਨ। ਇੱਥੇ ਰੋਜ਼ ਆਉਣ ਵਾਲੇ ਮਾਮਲਿਆਂ ਦੀ ਗਿਣਤੀ ਯੂਰਪ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਘੱਟ ਹੈ। ਭਾਵੇਂਕਿ ਇਟਲੀ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਛੂਤਕਾਰੀ ਰੋਗ ਮਾਹਰ ਗਿਓਵਾਨੀ ਰੇਜ਼ਾ ਕਹਿੰਦੇ ਹਨ ਕਿ ਅਸੀਂ ਕਾਫੀ ਸਾਵਧਾਨ ਹਾਂ। ਇਟਲੀ ਦਾ ਸਬਕ ਇਹ ਹੈ ਕਿ ਮਾਮਲੇ ਬਹੁਤ ਘੱਟ ਹੋਣ ਦੇ ਬਾਅਦ ਵੀ ਦੇਸ਼ ਪੂਰੀ ਤਰ੍ਹਾਂ ਸਾਵਧਾਨ ਹੈ। ਇਟਲੀ ਦੇ ਪ੍ਰਮੁੱਖ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਹਾਲੇ ਵੀ ਖਤਰਾ ਮੰਡਰਾ ਰਿਹਾ ਹੈ ਅਤੇ ਹਾਲਾਤ ਨਾਲ ਸੰਤੁਸ਼ਟ ਹੋ ਕੇ ਬੈਠਣਾ ਮਹਾਮਾਰੀ ਨੂੰ ਬਾਲਣ ਦੇਣ ਵਾਂਗ ਹੈ। ਉਹ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝ ਰਹੇ ਹਨ ਕਿ ਤਸਵੀਰ ਕਿਸੇ ਵੀ ਸਮੇਂ ਬਦਲ ਸਕਦੀ ਹੈ।

ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਟਲੀ ਕੋਰੋਨਾ ਦੇ ਗੜ੍ਹ ਤੋਂ ਬਦਲ ਕੇ ਹੁਣ ਇਕ 'ਮਾਡਲ' ਬਣ ਗਿਆ ਹੈ। ਇਸ ਲਈ ਇਟਲੀ ਦੇ ਸਬਕ ਹੋਰ ਦੇਸ਼ਾਂ ਦੇ ਲਈ ਲਾਭਕਾਰੀ ਹੋ ਸਕਦੇ ਹਨ। ਇਟਲੀ ਦੇ ਬਿਹਤਰ ਹੋਣ ਦੇ ਪਿੱਛੇ ਸਖਤ ਤਾਲਾਬੰਦੀ ਨੂੰ ਵੀ ਕਾਫੀ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ, ਜਿੱਥੇ ਲੋਕਾਂ ਦੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ 'ਤੇ ਸਖਤ ਪਾਬੰਦੀ ਲਗਾਈ ਗਈ ਸੀ। ਸਖਤ ਤਾਲਾਬੰਦੀ ਦੇ ਨਾਲ-ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨ ਦੌਰਾਨ ਹੀ ਮੈਡੀਕਲ ਇੰਡਸਟਰੀ ਨੇ ਹਾਲਾਤ ਤੋਂ ਸਬਕ ਵੀ ਸਿੱਖਿਆ। ਉੱਥੇ ਇਟਲੀ ਦੀ ਸਰਕਾਰ ਨੇ ਵਿਗਿਆਨਕ ਅਤੇ ਤਕਨੀਕੀ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਆਧਾਰ 'ਤੇ ਫੈਸਲੇ ਕੀਤੇ। ਸਥਾਨਕ ਡਾਕਟਰ, ਹਸਪਤਾਲ, ਸਿਹਤ ਅਧਿਕਾਰੀ ਰੋਜ਼ 20 ਇੰਡੀਕੇਟਰ 'ਤੇ ਇਲਾਕੇ ਦੇ ਹਾਲਾਤ ਦੀ ਜਾਣਕਾਰੀ ਜੁਟਾਉਂਦੇ ਹਨ ਅਤੇ ਉਸ ਨੂੰ ਖੇਤਰੀ ਕੇਂਦਰਾਂ ਨੂੰ ਭੇਜਦੇ ਹਨ। ਫਿਰ ਅੰਕੜੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਕੋਲ ਆਉਂਦੇ ਹਨ। ਇਹਨਾਂ ਅੰਕੜਿਆਂ ਦੇ ਆਧਾਰ 'ਤੇ ਤਿਆਰ ਕੀਤੇ ਗਏ ਨਤੀਜਿਆਂ ਨੂੰ ਦੇਸ਼ ਦੇ ਸਿਹਤ ਦਾ ਹਫਤਾਵਰੀ ਐਕਸ-ਰੇਅ ਕਿਹਾ ਜਾਂਦਾ ਹੈ।

ਇਟਲੀ ਦੀ ਸੰਸਦ ਨੇ ਪ੍ਰਧਾਨ ਮੰਤਰੀ ਗਿਉਸੇਪੇ ਕੋਂਤੇ ਨੂੰ 15 ਅਕਤੂਬਰ ਤੱਕ ਦੇ ਲਈ ਐਮਰਜੈਂਸੀ ਸ਼ਕਤੀ ਦੇ ਦਿੱਤੀ ਹੈ। ਤਾਂ ਜੋ ਦੇਸ਼ ਕਮਜ਼ੋਰ ਨਾ ਪਵੇ ਕਿਉਂਕਿ ਵਾਇਰਸ ਹਾਲੇ ਵੀ ਮੌਜੂਦ ਹੈ। ਇਸ ਸ਼ਕਤੀ ਦੇ ਕਾਰਨ ਸਰਕਾਰ ਘੱਟ ਸਮੇਂ ਵਿਚ ਫੈਸਲੇ ਲੈ ਸਕਦੀ ਹੈ ਅਤੇ ਲੋੜ ਪੈਣ 'ਤੇ ਪਾਬੰਦੀਆਂ ਲਗਾ ਸਕਦੀ ਹੈ। ਇਟਲੀ ਨੇ ਪਹਿਲਾਂ ਹੀ ਇਕ ਦਰਜਨ ਤੋਂ ਵੱਧ ਦੇਸ਼ਾਂ 'ਤੇ ਯਾਤਰਾ ਪਾਬੰਦੀ ਲਗਾ ਦਿੱਤੀ ਹੈ। ਉੱਥੇ ਵਿਸ਼ਵ ਸਿਹਤ ਸੰਗਠਨ ਮਾਹਰ ਰਨੀਰੀ ਗੁਏਰਾ ਕਹਿੰਦੇ ਹਨ ਕਿ ਸ਼ੁਰੂਆਤੀ ਦੌਰ ਵਿਚ ਮੁਕਾਬਲਾ ਸੀ। ਗੁਆਂਢੀ ਦੇਸ਼ਾਂ ਤੋਂ ਸਹਿਯੋਗ ਨਹੀਂ ਮਿਲ ਰਿਹਾ ਸੀ। ਹਰ ਕੋਈ ਮੰਨਦਾ ਹੈ ਕਿ ਇਟਲੀ ਨੂੰ ਇਕੱਲਾ ਛੱਡ ਦਿੱਤਾ ਗਿਆ ਸੀ। ਉਦੋਂ ਮਾਸਕ ਅਤੇ ਵੈਂਟੀਲੇਟਰ ਦੀ ਸਪਲਾਈ ਵੀ ਨਹੀਂ ਹੋ ਰਹੀ ਸੀ। ਇਸ ਦਾ ਅਸਰ ਇਹ ਹੋਇਆ ਕਿ ਇਟਲੀ ਨੇ ਇਕੱਲੇ ਆਪਣੇ ਦਮ 'ਤੇ ਉਹ ਸਭ ਕੁਝ ਕੀਤਾ ਜੋ ਜ਼ਰੂਰੀ ਸੀ। ਇਹ ਹੋਰ ਦੇਸ਼ਾਂ ਨਾਲੋਂ ਵੱਧ ਪ੍ਰਭਾਵੀ ਸਾਬਤ ਹੋਇਆ। ਇੱਥੇ ਦੱਸ ਦਈਏ ਕਿ ਕੋਰਨਾ ਨਾਲ ਇਟਲੀ ਵਿਚ 35,166 ਲੋਕਾਂ ਦੀ ਮੌਤ ਹੋਈ ਹੈ ਅਤੇ ਹੁਣ ਤੱਕ ਕੁੱਲ 2,48 ਲੱਖ ਮਾਮਲੇ ਸਾਹਮਣੇ ਆਏ ਹਨ।


Vandana

Content Editor

Related News