ਇਟਾਲੀਅਨ ਪੁਲਸ ਵੱਲੋਂ 200 ਮਿਲੀਅਨ ਯੂਰੋ ਦੀ ਚਰਸ ਕਾਬੂ

08/17/2018 10:07:52 PM

ਰੋਮ (ਕੈਂਥ) - ਇਟਲੀ ਦੀ ਗੁਆਰਦੀਆ ਦੀ ਫਿਨਾਂਸਾ ਪੁਲਸ ਪੂਰੇ ਦੇਸ਼ 'ਚ ਗੈਰ-ਕਾਨੂੰਨੀ ਕੰਮ ਕਰਨ ਵਾਲੇ ਅਨਸਰਾਂ ਨੂੰ ਨੱਥ ਪਾਉਣ ਲਈ ਜੰਗੀ ਪੱਧਰ 'ਤੇ ਸਰਗਰਮ ਹੈ ਅਤੇ ਇਸੇ ਕਾਰਵਾਈ ਅਧੀਨ ਹੀ ਬੀਤੇ ਦਿਨੀਂ ਪੁਲਸ ਨੇ ਸਚੀਲੀਆ ਸੂਬੇ 'ਚ ਉੱਤਰੀ ਅਫ਼ਰੀਕੀ ਸਮੁੰਦਰੀ ਤੱਟ ਤੋਂ ਸ਼ੱਕੀ ਕਿਰਿਆ ਕਾਰਨ ਇਕ ਕਿਸ਼ਤੀ 'ਤੇ ਛਾਪਾ ਮਾਰਿਆ ਜਿਸ 'ਚ ਸਮੁੰਦਰੀ ਜਹਾਜ਼ਾਂ ਦੇ 18 ਟੈਂਕਾਂ 'ਚ 4,00,000 ਲੀਟਰ ਤੇਲ ਰੱਖਿਆ ਹੋਇਆ ਸੀ। ਜਦੋਂ ਪੁਲਸ ਨੇ ਇਨ੍ਹਾਂ ਟੈਂਕਾਂ ਦੀ ਜਾਂਚ ਕੀਤੀ ਤਾਂ ਬਾਅਦ 'ਚ 2 ਕਿਸ਼ਤੀਆਂ ਦੇ ਡੀਜ਼ਲ ਟੈਂਕਾਂ 'ਚੋ 200 ਮਿਲੀਅਨ ਯੂਰੋ ਦੀ ਚਰਸ ਬਰਾਮਦ ਕੀਤੀ ਗਈ। ਪੁਲਸ ਨੇ ਚਰਸ, ਡੀਜ਼ਲ ਦੋਨਾਂ ਨੂੰ ਹੀ ਕਬਜ਼ੇ 'ਚ ਲੈ ਲਿਆ ਅਤੇ ਨਾਲ ਹੀ ਸੰਬਧਿਤ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗੁਆਰਦੀਆ ਦੀ ਫਿਨਾਂਸਾ ਪੁਲਸ ਪਲੇਰਮੋ ਸਾਖ਼ਾ ਦੇ ਕਰਨਲ ਫਰਾਂਨਚੇਸਕੋ ਮਾਸੋਤਾ ਨੇ ਆਪਣੇ ਬਿਆਨ 'ਚ ਕਿਹਾ ਕਿ ਇਸ ਸਮੇਂ ਯੂਰਪ ਭਰ ਦੇ ਬਾਜ਼ਾਰਾਂ 'ਚ ਨਸ਼ੇ ਦੀ ਸੰਭਾਵਨਾ ਸਭ ਤੋਂ ਵੱਧ ਹੈ ਪਰ ਉਨ੍ਹਾਂ ਇਹ ਸਾਫ਼ ਨਹੀਂ ਦੱਸਿਆ ਕਿ ਇਸ ਡੀਜ਼ਲ ਨੂੰ ਕਾਲੇ ਬਾਜ਼ਾਰ 'ਚ ਵੇਚਣ ਜਾਂ ਤਸਕਰੀ ਲਈ ਲਿਜਾਇਆ ਜਾ ਰਿਹਾ ਸੀ।


ਕਰਨਲ ਫਰਾਂਨਚੇਸਕੋ ਮਾਸੋਤਾ ਨੇ ਕਿਹਾ ਕਿ ਕਿਸ਼ਤੀ ਇਕ ਅਜਿਹਾ ਸਾਧਨ ਹੈ ਜੋ ਕਿ ਔਖ ਵੇਲੇ ਹੋਰ ਸਮੁੰਦਰੀ ਜਹਾਜ਼ਾਂ ਦੀ ਮਦਦ ਕਰਨ ਲਈ ਵਰਤੀ ਜਾਂਦੀ ਹੈ ਪਰ ਉਸ ਉੱਪਰ ਇੰਨਾ ਜ਼ਿਆਦਾ ਸਮਾਨ ਰੱਖਣਾ ਸ਼ੱਕੀ ਹਾਲਾਤ ਪੈਦਾ ਕਰਦਾ ਸੀ। ਕਿਸ਼ਤੀ 'ਚ ਆਨ ਬੋਰਡ ਟਰਾਂਸਮੀਟਰ ਦੇ ਵਾਰ-ਵਾਰ ਬੰਦ ਕੀਤੇ ਜਾਣ ਨਾਲ ਉਨ੍ਹਾਂ ਦਾ ਸ਼ੱਕ ਹੋ ਵੀ ਪੱਕਾ ਹੋ ਗਿਆ ਸੀ। ਕਰਨਲ ਫਰਾਂਨਚੇਸਕੋ ਮਾਸੋਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ 4 ਸਾਲਾ 'ਚ 1.4 ਅਰਬ ਯੂਰੋ ਦੇ ਮੁੱਲ ਦੇ 139 ਟਨ ਨਸ਼ੀਲੇ ਪਦਾਰਥਾਂ ਨੂੰ ਕਾਬੂ ਕੀਤਾ ਜਾ ਚੁੱਕਿਆ ਹੈ ਜੋ ਕਿ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿਰੁੱਧ ਚਲਾਈ ਮੁਹਿੰਮ ਦੀ ਪਹਿਲਕਦਮੀ ਵਜੋਂ “ਲਿਬੇਕਸੀਓ ਇੰਟਰਨੈਸ਼ਨਲ'' ਲਈ ਗੁਆਰਦੀਆ ਦੀ ਫਿਨਾਂਸਾ ਪੁਲਸ ਪਲੇਰਮੋ ਦੀ ਵੱਡੀ ਕਾਰਵਾਈ ਹੈ।


Related News