ਦੁਨੀਆ ਭਰ ਵਿਚ ਤੇਜ਼ੀ ਨਾਲ ਫੈਲ ਰਿਹਾ ''ਮੰਕੀਪਾਕਸ'', ਇਟਲੀ ਸਰਕਾਰ ਨੇ 20 ਮਾਮਲਿਆਂ ਦੀ ਕੀਤੀ ਪੁਸ਼ਟੀ
Thursday, Jun 02, 2022 - 05:18 PM (IST)

ਰੋਮ/ਇਟਲੀ (ਕੈਂਥ)- ਮੰਕੀਪਾਕਸ ਦੇ ਮਾਮਲੇ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਵਧਣੇ ਸ਼ੁਰੂ ਹੋ ਗਏ ਹਨ। ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਦੁਨੀਆ ਦੇ 30 ਦੇਸ਼ਾਂ ਵਿੱਚ ਮੰਕੀਪਾਕਸ ਦੇ 550 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਹ ਉਹ ਸਾਰੇ ਦੇਸ਼ ਹਨ, ਜਿੱਥੇ ਮੰਕੀਪਾਕਸ ਆਮ ਤੌਰ 'ਤੇ ਨਹੀਂ ਪਾਇਆ ਜਾਂਦਾ ਹੈ। ਇਸ ਤਰ੍ਹਾਂ ਹੁਣ ਇਟਲੀ ਵਿਚ ਵੀ ਮੰਕੀਪਾਕਸ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਟਲੀ ਦੇ ਸਿਹਤ ਮੰਤਰਾਲਾ ਦੇ ਅੰਡਰ ਸੈਕੇਟਰੀ ਪੀਅਰ ਪਾੳਲੋ ਸਿਲੇਰੀ ਨੇ ਕਿਹਾ ਕਿ ਇਟਲੀ ਵਿੱਚ ਮੰਕੀਪਾਕਸ ਦੇ 20 ਮਾਮਲੇ ਹੋ ਚੁੱਕੇ ਹਨ। ਇਨ੍ਹਾਂ ਨੂੰ ਵੱਖ-ਵੱਖ ਜਗ੍ਹਾਵਾਂ 'ਤੇ ਮਾਹਰ ਡਾਕਟਰਾਂ ਦੀ ਟੀਮ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਇਲਾਜ ਚੱਲ ਰਿਹਾ ਹੈ।
ਡਬਲਊ.ਐੱਚ.ਓ. ਨੇ ਕਿਹਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਮੰਕੀਪਾਕਸ ਦੇ ਮਾਮਲੇ ਪੱਛਮੀ ਜਾਂ ਮੱਧ ਅਫਰੀਕਾ ਵਰਗੇ ਵੱਖ-ਵੱਖ ਭੂਗੋਲਿਕ ਖੇਤਰਾਂ ਵਿੱਚ ਵਿਆਪਕ ਤੌਰ 'ਤੇ ਫੈਲੇ ਹਨ। ਹਾਲਾਂਕਿ, ਡਬਲਯੂ.ਐਚ.ਓ. ਨੇ ਚੇਤਾਵਨੀ ਦਿੱਤੀ ਹੈ ਕਿ ਜੇ ਵਾਇਰਸ ਆਪਣੇ ਆਪ ਨੂੰ ਮਨੁੱਖੀ ਜਰਾਸੀਮ ਵਿੱਚ ਬਦਲਦਾ ਹੈ ਅਤੇ ਕਮਜ਼ੋਰ ਪ੍ਰਤੀਰੋਧਕ ਸ਼ਕਤੀ ਵਾਲੇ ਲੋਕਾਂ ਨੂੰ ਸੰਕਰਮਿਤ ਕਰਦਾ ਹੈ ਤਾਂ ਜਨਤਕ ਐਕਸਪੋਜਰ ਮਤਲਬ ਜੋਖ਼ਮ ਦਾ ਪੱਧਰ ਵੱਧ ਸਕਦਾ ਹੈ। ਮੰਕੀਪਾਕਸ, ਹਾਲਾਂਕਿ, ਜਿਨਸੀ ਸੰਬੰਧਾਂ ਰਾਹੀਂ ਫੈਲਣ ਵਾਲਾ ਵਾਇਰਸ ਨਹੀਂ ਹੈ ਪਰ ਜੇਕਰ ਕਿਸੇ ਦੇ ਸਰੀਰ 'ਤੇ ਮੰਕੀਪਾਕਸ ਦੇ ਧੱਫੜ ਹਨ ਤਾਂ ਉਹ ਦੂਜੇ ਵਿਅਕਤੀ ਦੇ ਸਰੀਰ 'ਤੇ ਆ ਸਕਦੇ ਹਨ।