ਇਟਲੀ : ਅਦਾਲਤ ਨੇ 18 ਸਾਲ ਪਹਿਲਾਂ ਜਾਨ ਗੁਆ ਚੁੱਕੇ ਨੌਜਵਾਨ ਦੇ ਮਾਪਿਆਂ ਨੂੰ ਦਿੱਤਾ ਇਨਸਾਫ਼, ਇੰਝ ਹੋਈ ਸੀ ਮੌਤ
Thursday, Jun 08, 2023 - 08:45 PM (IST)
ਰੋਮ/ਇਟਲੀ (ਦਲਵੀਰ ਕੈਂਥ, ਟੇਕ ਚੰਦ ਜਗਤਪੁਰ) : ਬੇਸ਼ੱਕ ਇਟਲੀ ਦਾ ਕਾਨੂੰਨੀ ਢਾਂਚਾ ਲਚਕੀਲਾ ਹੈ ਪਰ ਜਦੋਂ ਇਹ ਇਨਸਾਨੀ ਜਾਨ ਦੇ ਮੱਦੇਨਜ਼ਰ ਇਨਸਾਫ਼ ਕਰਦਾ ਹੈ ਤਾਂ ਏਸ਼ੀਅਨ ਦੇਸ਼ਾਂ ਦਾ ਕਾਨੂੰਨ ਅਧੂਰਾ ਜਿਹਾ ਲੱਗਣ ਲੱਗਦਾ ਹੈ। ਇਕ ਅਜਿਹਾ ਹੀ ਵਾਕਿਆ ਅਸੀਂ ਆਪਣੇ ਪਾਠਕਾਂ ਨਾਲ ਸਾਂਝਾ ਕਰਨ ਜਾ ਰਹੇ ਹਾਂ, ਜਿਸ ਵਿੱਚ ਬੇਸ਼ੱਕ ਇਨਸਾਫ਼ ਦੇਰੀ ਨਾਲ ਹੋਇਆ ਪਰ ਮਾਣਯੋਗ ਅਦਾਲਤ ਨੇ ਦੋਸ਼ੀਆਂ ਨੂੰ ਪੂਰਾ ਹਰਜਾਨਾ ਭਰਨ ਦੇ ਆਦੇਸ਼ ਦਿੰਦਿਆਂ ਮ੍ਰਿਤਕ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਦਿਖਾਈ ਹੈ।
ਇਹ ਵੀ ਪੜ੍ਹੋ : ਨੈਚੁਲਰ ਬਾਡੀ ਬਿਲਡਿੰਗ ਯੂਨੀਅਨ ਇੰਟਰਨੈਸ਼ਨਲ ਦਾ ਜੱਜ ਬਣਿਆ ਪਹਿਲਾ ਪੰਜਾਬੀ ਪਰਮਿੰਦਰ ਕੈਂਥ
ਰਾਜਧਾਨੀ ਰੋਮ ਨੇੜੇ ਪੈਂਦੇ ਸ਼ਹਿਰ ਅਪ੍ਰੀਲੀਆ (ਲਾਤੀਨਾ) ਵਿਖੇ 30 ਅਗਸਤ 2005 'ਚ ਇਕ ਸੜਕ ਹਾਦਸਾ ਹੋਇਆ, ਜਿਸ ਵਿੱਚ 15 ਸਾਲ ਦੇ ਨੌਜਵਾਨ ਦਨੀਏਲੇ ਜਿਓਵਾਨੋਨੀ ਦੀ ਰੋਡ ਟੁਸਕਾਨਿਨੀ 'ਚ ਪਏ ਟੋਏ ਕਾਰਨ ਮੌਤ ਹੋ ਗਈ ਸੀ। ਮਾਪਿਆਂ ਲਈ ਇਹ ਦਰਦ ਸਹਾਰਨਾ ਬਹੁਤ ਔਖਾ ਸੀ ਪਰ ਤਕਦੀਰ ਤਾਂ ਇਨਸਾਨ ਨੂੰ ਬੇਵੱਸ ਕਰ ਦਿੰਦੀ ਹੈ। ਮਰਹੂਮ ਦਨੀਏਲੇ ਜਿਓਵਾਨੋਨੀ ਦੇ ਮਾਪਿਆਂ ਨੇ ਫਿਰ ਵੀ ਹੌਸਲਾ ਨਹੀਂ ਛੱਡਿਆ ਤੇ ਉਨ੍ਹਾਂ ਪੁੱਤ ਦੀ ਮੌਤ ਦੇ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ ਲਈ ਕਰੀਬ 2 ਦਹਾਕੇ ਲੜਾਈ ਲੜੀ ਤੇ ਹੁਣ ਲਗਭਗ 18 ਸਾਲ ਦੇ ਲੰਮੇ ਸੰਘਰਸ਼ ਅਤੇ ਇੰਤਜ਼ਾਰ ਮਗਰੋਂ ਕੋਰਟ ਆਫ਼ ਅਪੀਲ ਆਫ਼ ਰੋਮ ਦੇ ਪਹਿਲੇ ਸਿਵਲ ਸੈਕਸ਼ਨ ਨੇ 15 ਸਾਲਾ ਦਨੀਏਲੇ ਜਿਓਵਾਨੋਨੀ ਦੀ ਮੌਤ ਦੇ ਮੁਕੱਦਮੇ ਨੂੰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਹੱਕ ਵਿੱਚ ਖਤਮ ਕਰ ਦਿੱਤਾ ਹੈ।
ਇਹ ਵੀ ਪੜ੍ਹੋ : 'ਹਰਿਆਣਾ ਮੇਰੀ ਜਨਮ ਭੂਮੀ, ਤੁਸੀਂ ਮੇਰੇ ਰਿਸ਼ਤੇਦਾਰ', ਜੀਂਦ 'ਚ ਤਿਰੰਗਾ ਯਾਤਰਾ ਦੌਰਾਨ ਬੋਲੇ ਅਰਵਿੰਦ ਕੇਜਰੀਵਾਲ
ਅਦਾਲਤ ਵੱਲੋਂ ਸੜਕ 'ਚ ਪਏ ਟੋਏ ਨੂੰ ਦੋਸ਼ੀ ਠਹਿਰਾਉਂਦਿਆਂ ਨਗਰਪਾਲਿਕਾ ਅਪ੍ਰੀਲੀਆ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਅਪ੍ਰੀਲੀਆ ਨਗਰਪਾਲਿਕਾ ਦੁਆਰਾ ਆਪਣੇ ਬਚਾਅ ਲਈ ਦਾਇਰ ਕੀਤੀ ਅਪੀਲ ਨੂੰ ਰੱਦ ਕਰ ਦਿੱਤਾ ਅਤੇ ਪੀੜਤ ਦੇ ਪਿਤਾ ਤੇ ਭਰਾਵਾਂ ਲਈ ਮੁਆਵਜ਼ੇ ਦੀ ਰਕਮ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਜੱਜ ਪੈਨਲ ਨੇ ਪਰਿਵਾਰਕ ਮੈਂਬਰਾਂ ਦੇ ਵਕੀਲ ਈਜ਼ੀਓ ਬੋਨਾਨੀ ਦੀ ਅਪੀਲ ਨੂੰ ਵੀ ਸਵੀਕਾਰ ਕਰ ਲਿਆ, ਜਿਸ ਵਿੱਚ ਮੁਆਵਜ਼ੇ ਦੀ ਰਕਮ ਨੂੰ ਵਧਾ ਦਿੱਤਾ ਗਿਆ ਤੇ ਹੁਣ ਅਦਾਲਤ ਵੱਲੋਂ ਨਗਰਪਾਲਿਕਾ ਅਪ੍ਰੀਲੀਆ ਨੂੰ 650 ਹਜ਼ਾਰ ਯੂਰੋ ਪੀੜਤ ਦੇ ਪਰਿਵਾਰ ਨੂੰ ਅਦਾ ਕਰਨ ਦਾ ਅੰਦੇਸ਼ ਦਿੱਤਾ ਹੈ, ਜਿਸ ਵਿੱਚ ਮ੍ਰਿਤਕ ਦੇ ਪਿਤਾ ਲਈ 350 ਹਜ਼ਾਰ ਯੂਰੋ ਤੇ ਭਰਾ ਅਤੇ ਭੈਣ ਲਈ 150-150 ਹਜ਼ਾਰ ਯੂਰੋ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ...ਜਦੋਂ ਇਕ MP ਆਪਣੇ ਨੰਨ੍ਹੇ-ਮੁੰਨੇ ਬੱਚੇ ਨਾਲ ਸੰਸਦ ਮੈਂਬਰ ਦੇ ਚੈਂਬਰ 'ਚ ਹੋਈ ਦਾਖਲ
ਦੂਜੇ ਪਾਸੇ ਅਦਾਲਤ ਨੇ ਅਪ੍ਰੀਲੀਆ ਦੀ ਨਗਰਪਾਲਿਕਾ ਦੀ ਅਪੀਲ ਨੂੰ ਰੱਦ ਕਰ ਦਿੱਤਾ ਅਤੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਪਹਿਲਾਂ ਹੀ ਸਪੱਸ਼ਟ ਕੀਤਾ ਸੀ ਕਿ ਰੋਡ ਟੁਸਕਾਨਿਨੀ ਦੁਆਰਾ ਸੜਕ ਦੀ ਪਰਤ ਦੀ ਸਥਿਤੀ ਮਾੜੀ ਸੀ। ਇਸ ਸਬੰਧੀ ਪ੍ਰਬੰਧਕ ਲੂਸੀਆਨੋ ਜਿਓਵਾਨਿਨੀ ਨੂੰ ਅਪਰਾਧਿਕ ਜ਼ਿੰਮੇਵਾਰੀ ਦੇ ਸਬੰਧ 'ਚ ਦੋਸ਼ੀ ਮੰਨਿਆ ਗਿਆ ਤੇ ਅਦਾਲਤ ਵੱਲੋਂ ਸੜਕ ਦੀ ਮਾੜੀ ਹਾਲਤ ਲਈ ਅਪ੍ਰੀਲੀਆ ਦੀ ਨਗਰਪਾਲਿਕਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਮਾਣਯੋਗ ਅਦਾਲਤ ਦੇ ਇਸ ਫ਼ੈਸਲੇ ਨੇ ਜਿੱਥੇ ਇਕ ਵਾਰ ਫਿਰ ਲੋਕਾਂ ਦਾ ਕਾਨੂੰਨ ਪ੍ਰਤੀ ਵਿਸ਼ਵਾਸ ਜਿੱਤ ਲਿਆ ਹੈ, ਉੱਥੇ ਪ੍ਰਵਾਸੀ ਲੋਕ ਇਹ ਸੋਚਣ ਲਈ ਮਜ਼ਬੂਰ ਲੱਗ ਰਹੇ ਹਨ ਕਿ ਅਜਿਹਾ ਪਾਰਦਰਸ਼ੀ ਕਾਨੂੰਨੀ ਇਨਸਾਫ਼ ਉਨ੍ਹਾਂ ਦੇ ਦੇਸ਼ਾਂ ਵਿੱਚ ਕਿਉਂ ਨਹੀਂ ਹੁੰਦਾ?
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।