ਇਟਲੀ : ਦੂਸਰੇ ਵਿਸ਼ਵ ਯੁੱਧ ''ਚ ਸ਼ਹੀਦ ਹੋਏ ਭਾਰਤੀ ਸਿੱਖ ਫੌਜੀਆਂ ਦੀ ਯਾਦ ''ਚ ਸਮਾਰਕ ਸਥਾਪਿਤ
Tuesday, Apr 28, 2026 - 11:24 AM (IST)
ਮਿਲਾਨ (ਸਾਬੀ ਚੀਨੀਆ) ਇਟਲੀ ਦੇ ਸੂਬਾ ਇਮੀਲੀਆ ਰੋਮਾਨੀਆਂ 'ਚ ਪੈਂਦੇ ਜ਼ਿਲ੍ਹਾ ਰਿਜੋਮਿਲੀਆ ਦੇ ਸ਼ਹਿਰ ਲੁਜਾਰਾ ਵਿਖੇ ਦੂਸਰੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਭਾਰਤੀ ਸਿੱਖ ਫੌਜੀਆਂ ਦੀ ਯਾਦ 'ਚ ਸਮਾਰਕ ਦੀ ਸਥਾਪਨਾ ਕੀਤੀ ਗਈ। ਇਹ ਕਾਰਜ ਕਮੂਨੇ ਦੀ ਲੁਸਾਰਾ ਵੱਲੋਂ ਵਰਲੱਡ ਸਿੱਖ ਸ਼ਹੀਦ ਮਿਲਟਰੀ (ਰਜਿ) ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਸਮਾਰਕ ਦਾ ਬੀਤੇ ਦਿਨ ਇਟਲੀ ਦੇ ਆਜ਼ਾਦੀ ਦਿਹਾੜੇ ਮੌਕੇ ਲੁਸਾਰਾ ਦੀ ਮੇਅਰ ਦੀਬੀਆ ਸਤੇਲੀ ਤੇ ਕਮੇਟੀ ਪ੍ਰਧਾਨ ਪ੍ਰਿਥੀਪਾਲ ਸਿੰਘ ਨੇ ਇਟਾਲੀਅਨ ਅਤੇ ਭਾਰਤੀਆ ਦੀ ਹਾਜਰੀ 'ਚ ਉਦਘਾਟਨ ਕੀਤਾ।

ਇਸ ਮੌਕੇ ਸੰਗਤਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਕੇ ਸਮਾਰਕ ਦਾ ਸਵਾਗਤ ਕੀਤਾ। ਇਸ ਮੌਕੇ ਜਸਵੀਰ ਸਿੰਘ ਨੇ ਸ਼ਹੀਦ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਮੇਅਰ ਦੀਬੀਆ ਸਤੇਲੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮੈਂ ਅੱਜ ਇਟਲੀ ਦੀ ਆਜਾਦੀ ਦੇ ਮੌਕੇ 'ਤੇ ਇਕ ਸਮਾਰਕ ਭਾਰਤੀ ਭਾਈਚਾਰੇ ਨੂੰ ਤੋਹਫੇ ਦੇ ਤੌਰ 'ਤੇ ਦੇ ਰਹੀ ਹਾਂ ਕਿਉਕਿ ਇਟਲੀ ਨੂੰ ਹਿਟਲਰ ਤੋਂ ਆਜਾਦ ਕਰਵਾਉਣ ਲਈ ਭਾਰਤੀ ਫੌਜ ਦੀ ਬਹੁਤ ਵੱਡੀ ਦੇਣ ਹੈ। ਉਹਨਾਂ ਕਿਹਾ ਕਿ ਇਟਲੀ ਵਿੱਚ ਭਾਰਤੀ ਫੌਜ ਦੇ ਹਜ਼ਾਰਾਂ ਫੌਜੀ ਸ਼ਹੀਦ ਹੋਏ ਤੇ ਜਿਹਨਾਂ ਚ ਵੱਡੀ ਗਿਣਤੀ ਵਿੱਚ ਸਿੱਖ ਫੌਜੀ ਹਨ। ਉਹਨਾਂ ਕਿਹਾ ਕਿ ਸਿੱਖ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਹਨ ਤੇ ਜਿਹੜੇ ਆਪਣੀਆਂ ਜਾਨਾਂ ਦੇ ਕੇ ਦੂਜਿਆਂ ਦੀਆਂ ਜਾਨਾਂ ਬਚਾਉਂਦੇ ਹਨ। ਬਾਅਦ 'ਚ ਕਮੇਟੀ ਵਰਲਡ ਸਿੱਖ ਸ਼ਹੀਦ ਮਿਲਟਰੀ ਦੇ ਸੈਕਟਰੀ ਸਤਿਨਾਮ ਸਿੰਘ ਤੇ ਅਰਮਾਨ ਸਿੰਘ ਸਿੱਧੂ ਨੇ ਬੋਲਦਿਆਂ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਇਸ ਸਮਾਗਮ ਵਿੱਚ ਇਮੀਲੀਆ ਰਮਾਨੀਆਂ ਸੂਬੇ ਦੇ ਮੈੰਬਰ ਅੰਦਰੀਆ ਕੌਸਤਾ ਤੇ ਲੁਜਾਰਾ ਸ਼ਹਿਰ ਤੋਂ ਸਟੇਫਨੀ ਮੁਸੀ ਤੋਂ ਇਲਾਵਾ ਸ਼ਹਿਰ ਦੇ ਹੋਰਨਾਂ ਇਟਾਲੀਅਨ ਸ਼ਖਸੀਅਤਾਂ ਤੇ ਪੁਲਿਸ ਪ੍ਰਸ਼ਾਸਨ ਕਾਰਾਬੇਨੇਰੀ, ਪੁਲਿਸੀਆ ਦੀ ਨਗਰ ਕੌਂਸਲ ਤੇ ਹੋਰ ਸ਼ਹਿਰ ਦੇ ਆਜ਼ਾਦੀ ਘੁਲਾਟੀਏ ਤੇ ਬਹੁਤ ਵੱਡੀ ਗਿਣਤੀ ਇਟਾਲੀਅਨ ਤੇ ਭਾਰਤੀ ਲੋਕਾਂ ਨੇ ਬਹੁਤ ਵੱਡੀ ਗਿਣਤੀ ਚ ਸ਼ਮੂਲੀਅਤ ਕੀਤੀ। ਇਸ ਮੌਕੇ ਇਕਬਾਲ ਸਿੰਘ ਸੋਢੀ, ਮਨਜਿੰਦਰ ਸਿੰਘ ਖਾਲਸਾ, ਜਸਵੀਰ ਸਿੰਘ ਧਨੋਤਾ, ਗੁਰਮੇਲ ਸਿੰਘ ਭੱਟੀ, ਸੋਢੀ ਸਾਹਬ ਸਿੰਘ, ਮੋਹਣ ਸਿੰਘ, ਰਾਜ ਕੁਮਾਰ ਕੋਰੇਜੋ, ਜਸਪ੍ਰੀਤ ਸਿੰਘ ਸਿਧੂ ਕੋਰੇਜੋ, ਮੋਹਣ ਸਿੰਘ ਲੁਜਾਰਾ, ਸਤਿੰਦਰ ਸਿੰਘ ਸੁਜਾਰਾ, ਮੁਖਤਿਆਰ ਸਿੰਘ ਤੇ ਮੋਤੀ ਮਹਿਰਾ ਟਰੱਸਟ, ਕੁਲਜੀਤ ਸਿੰਘ ਨੋਵੋਲਾਰਾ, ਰਾਜ ਕੁਮਾਰ ਅਤੇ ਜਸਪ੍ਰੀਤ ਸਿੰਘ ਸ਼ਾਮਲ ਹੋਏ। ਇਸ ਮੌਕੇ ਤੇ ਗੁਰਦੁਆਰਾ ਸਿੰਘ ਸਭਾ ਨੋਵੋਲਾਰਾ ਤੇ ਗੁਰਦੁਆਰਾ ਸਾਹਿਬ ਕੋਰੇਜੋ ਦੇ ਸਹਿਯੋਗ ਨਾਲ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਮੋਤੀ ਮਹਿਰਾ ਟਰੱਸਟ ਵਲੋਂ ਪੀਜਿਆ ਦਾ ਵਿਸ਼ੇਸ਼ ਲੰਗਰ ਲਾਇਆ ਗਿਆ। ਇੱਥੇ ਦੱਸਣਯੋਗ ਹੈ ਕਿ ਵਰਲੱਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਪਿਛਲੇ 20 ਸਾਲਾਂ ਤੋਂ ਦੂਸਰੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੀਆਂ ਯਾਦਗਾਰਾਂ ਬਣਾ ਰਹੀ ਹੈ ਜੋ ਹੁਣ ਤੱਕ ਸੰਗਤਾਂ ਦੇ ਸਹਿਯੋਗ ਨਾਲ 12 ਯਾਦਗਾਰਾਂ ਸਥਾਪਿਤ ਹੋ ਚੁੱਕੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
