ਇਟਲੀ ''ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ ''ਚ ਸੋਗ ਦੀ ਲਹਿਰ
Wednesday, Apr 29, 2026 - 05:59 PM (IST)
ਸਲੇਰਨੋ (ਦਲਵੀਰ ਸਿੰਘ ਕੈਂਥ) ਭਾਰਤੀ ਨੌਜਵਾਨ ਜਿਹੜੇ ਭੱਵਿਖ ਬਿਹਤਰ ਬਣਾਉਣ ਲਈ ਇਟਲੀ ਆਉਂਦੇ ਹਨ, ਉਨ੍ਹਾਂ ਵਿਚੋਂ ਕੁਝ ਹਾਲਾਤਾਂ ਦੇ ਧੱਕੇ ਚੜ੍ਹ ਸਦਾ ਦੀ ਨੀਂਦ ਸੌਂ ਜਾਂਦੇ ਹਨ। ਅਜਿਹਾ ਹੀ ਦਿਲ ਨੂੰ ਚੀਰ ਦੇਣ ਵਾਲਾ ਇੱਕ ਹਾਦਸਾ ਸੂਬਾ ਕੰਪਾਨੀਆਂ ਦੇ ਜ਼ਿਲ੍ਹਾ ਸਲੇਰਨੋ ਵਿਖੇ ਦੇਖਣ ਨੂੰ ਮਿਲਿਆ। ਇੱਥੇ ਇੱਕ ਭਾਰਤੀ ਨੌਜਵਾਨ ਜਿਹੜਾ ਕਿ ਖੇਤੀ-ਬਾੜੀ ਦਾ ਕੰਮ ਕਰਕੇ ਆਪਣੇ ਪਰਿਵਾਰ ਲਈ 2 ਵਕਤ ਦੀ ਰੋਟੀ ਦਾ ਵਸੀਲਾ ਕਰਦਾ ਸੀ, ਉਸ ਦੀ ਬੀਤੇ ਦਿਨ ਸਲੇਰਨੋ ਹਸਪਤਾਲ ਵਿੱਚ ਦਰਦਨਾਕ ਮੌਤ ਹੋ ਗਈ। ਭਾਰਤੀ ਨੌਜਵਾਨ ਦੀ ਇਸ ਬੇਵਕਤੀ ਮੌਤ ਕਾਰਨ ਸਮੁੱਚੇ ਭਾਰਤੀ ਭਾਈਚਾਰੇ ਵਿੱਚ ਮਾਤਮ ਛਾਅ ਗਿਆ ਹੈ। ਇਸ ਗੱਲ ਨੂੰ ਉਹਨਾਂ ਤਮਾਮ ਭਾਰਤੀ ਕਿਰਤੀਆਂ ਲਈ ਵੱਡਾ ਦੁਖਾਂਤ ਹੀ ਮੰਨਿਆ ਜਾ ਸਕਦਾ ਹੈ, ਜਿਹੜੇ ਪਹਿਲਾਂ ਇਟਲੀ ਆਉਣ ਲਈ ਏਜੰਟਾਂ ਕੋਲੋ ਦੋਨੋ ਹੱਥੀ ਆਪਣੀ ਲੁੱਟ ਤੇ ਸ਼ੋਸ਼ਣ ਕਰਵਾਉਂਦੇ ਫਿਰ ਬਾਅਦ ਵਿੱਚ ਇਟਲੀ ਆਕੇ ਆਪਣੇ ਮਾਲਕ ਤੋਂ ਦਿਮਾਗੀ ਤੇ ਸਰੀਰਕ ਪ੍ਰੇਸ਼ਾਨੀ ਦਾ ਸ਼ਿਕਾਰ ਹੁੰਦੇ ਹਨ।
ਇਟਲੀ ਦੇ ਰਾਸ਼ਟਰੀ ਮੀਡੀਏ ਵਿੱਚ ਮੁੱਖ ਸੁਰਖ਼ੀ ਬਣੀ ਇਸ ਘਟਨਾ ਵਿੱਚ ਨਸ਼ਰ ਹੋਈ ਜਾਣਕਾਰੀ ਅਨੁਸਾਰ 36 ਸਾਲਾ ਭਾਰਤੀ ਨੀਰਜ ਪਾਲ, ਜਿਹੜਾ ਕਿ 10 ਅਪ੍ਰੈਲ ਤੋਂ ਸਲੇਰਨੋ ਦੇ "ਸਨ ਜਿਓਵਾਨੀ ਦੀ ਦੀਓ ਰੂਜੀ ਦ ਅਰਾਗੋਨਾ" ਹਸਪਤਾਲ ਵਿਖੇ ਜ਼ਿੰਦਗੀ ਅਤੇ ਮੌਤ ਨਾਲ ਜੰਗ ਲੜ ਰਿਹਾ ਸੀ, ਬੀਤੇ ਦਿਨ ਜ਼ਿੰਦਗੀ ਦੀ ਜੰਗ ਹਾਰ ਗਿਆ। ਇਹ ਨੌਜਵਾਨ ਜਿਹੜਾ ਕਿ ਸੈਪਟੀਸੀਮੀਆ ਨਾਮ ਦੀ ਬਿਮਾਰੀ ਦਾ ਸ਼ਿਕਾਰ ਸੀ ਤੇ ਬਿਮਾਰੀ ਕਾਰਨ ਉਸ ਦੀਆਂ ਲੱਤਾਂ ਬੁਰੀ ਤਰ੍ਹਾਂ ਪ੍ਰਭਾਵਿਤ ਸਨ ਪਰ ਅਫ਼ਸੋਸ ਉਸ ਨੂੰ ਸਮੇਂ ਸਿਰ ਡਾਰਟਰੀ ਇਲਾਜ ਨਹੀਂ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਨੀਰਜ ਪਾਲ ਨੂੰ ਸਮੇਂ ਸਿਰ ਹਸਤਪਾਲ ਨਹੀਂ ਪਹੁੰਚਾਇਆ ਗਿਆ। 10 ਅਪ੍ਰੈਲ ਨੂੰ ਕੋਈ ਅਗਿਆਤ ਵਿਅਕਤੀ ਨੀਰਜਪਾਲ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦੇ ਐਮਰਜੈਂਸੀ ਕਮਰੇ ਦੇ ਬਾਹਰ ਛੱਡ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਮਰ ਜਾਓ ਜਾਂ ਮਾਰ ਦਿਓ! ਕਿਮ ਜੋਂਗ ਨੇ ਯੂਕਰੇਨ ਖ਼ਿਲਾਫ਼ ਆਪਣੀ ਫੌਜ ਨੂੰ ਦੇ'ਤੇ ਸਖ਼ਤ ਹੁਕਮ
ਬਿਮਾਰੀ ਨੇ ਨੀਰਜਪਾਲ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ, ਜਿਸ ਦੇ ਚੱਲਦਿਆਂ ਬੀਤੇ ਦਿਨ ਉਸ ਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਨੀਰਜ ਪਾਲ ਦੀ ਮੌਤ ਹੋ ਗਈ। ਇਸ ਘਟਨਾ ਨੂੰ ਲਾਸੀਓ ਸੂਬੇ ਵਿੱਚ ਹੋਈ ਭਾਰਤੀ ਨੌਜਵਾਨ ਸਤਨਾਮ ਸਿੰਘ ਦੇ ਕੇਸ ਵਾਂਗਰ ਦੇਖਿਆ ਜਾ ਰਿਹਾ ਹੈ, ਜਿਸ ਵਿੱਚ ਕੰਮ ਦੇ ਮਾਲਕ ਦੀ ਗਲਤੀ ਕਾਰਨ ਸਤਨਾਮ ਸਿੰਘ ਦੀ ਦਰਦਨਾਕ ਮੌਤ ਹੋਈ ਸੀ । ਹੁਣ ਇਹ ਘਟਨਾ ਵੀ ਕੁਝ ਇਸ ਤਰ੍ਹਾਂ ਹੀ ਲੱਗ ਰਹੀ ਹੈ, ਜਿਸ ਕਾਰਨ ਸਮੁੱਚੇ ਭਾਰਤੀ ਭਾਈਚਾਰੇ ਤੋਂ ਇਲਾਵਾ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਵਿੱਚ ਬਹੁਤ ਜ਼ਿਆਦਾ ਰੋਹ ਦੇਖਿਆ ਜਾ ਰਿਹਾ ਹੈ । ਲੋਕਾਂ ਦਾ ਕਹਿਣਾ ਹੈ ਕਿ ਪਤਾ ਨਹੀਂ ਕਿਉਂ ਕੁਝ ਇਟਾਲੀਅਨ ਕੰਮਾਂ ਦੇ ਮਾਲਕ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਇੰਨਾ ਸਸਤਾ ਸਮਝ ਰਹੇ ਹਨ ।ਅਜਿਹੇ ਇਟਾਲੀਅਨ ਲੋਕਾਂ ਨੂੰ ਆਪਣੀ ਸੋਚ ਨੂੰ ਤੁਰੰਤ ਬਦਲਣ ਦੀ ਲੋੜ ਹੈ। ਨੀਰਜ ਪਾਾਲ ਦੀ ਮੌਤ 'ਤੇ ਇਟਲੀ ਦੀਆਂ ਤਮਾਮ ਮਜ਼ਦੂਰ ਜੱਥੇਬੰਦੀਆਂ ਨੇ ਜਲਦ ਇਸ ਧੱਕੇਸ਼ਾਹੀ ਤੇ ਅਨਿਆਏ ਖ਼ਿਲਾਫ਼ ਲਾਮਬੰਦ ਹੋ ਕੇ ਸੰਘਰਸ਼ ਕਰਨ ਦੀ ਗੱਲ ਕਰਦਿਆਂ ਘਟਨਾ ਦੀ ਤਿੱਖੀ ਅਲੌਚਨਾ ਕੀਤੀ ਹੈ। ਸਥਾਨਕ ਪ੍ਰਸ਼ਾਸਨ ਘਟਨਾ ਦੀ ਗੰਭੀਰਤਾ ਨਾਲ ਪੜਤਾਲ ਕਰ ਰਿਹਾ ਹੈ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
