ਸਿੰਗਾਪੁਰ ਤੋਂ ਭਾਰਤ ਪੈਸੇ ਭੇਜਣਾ ਹੋਵੇਗਾ ਆਸਾਨ, ਮਿਲੇਗੀ ਇਹ ਖ਼ਾਸ ਸਹੂਲਤ
Saturday, Nov 12, 2022 - 06:03 PM (IST)

ਨਵੀਂ ਦਿੱਲੀ : ਭਾਰਤ ਅਤੇ ਸਿੰਗਾਪੁਰ ਇਕ ਨਵੀਂ ਪਰਸਪਰ ਵਿਵਸਥਾ ਨੂੰ ਅੰਤਿਮ ਰੂਪ ਦੇਣ 'ਚ ਲੱਗੇ ਹੋਏ ਹਨ, ਜਿਸ ਦੇ ਤਹਿਤ ਦੋਵੇਂ ਦੇਸ਼ਾਂ ਦੇ ਲੋਕ ਇਕ-ਦੂਜੇ ਦੇ ਮੋਬਾਇਲ ਪੇਮੈਂਟ ਸਿਸਟਮ ਦੀ ਵਰਤੋਂ ਕਰਕੇ ਬੈਂਕ ਖਾਤਿਆਂ 'ਚ ਤੁਰੰਤ ਪੈਸੇ ਟ੍ਰਾਂਸਫਰ ਕਰ ਸਕਣਗੇ। ਇਸ ਦੇ ਤਹਿਤ ਸਿੰਗਾਪੁਰ 'ਚ ਵਸੇ ਕਰੀਬ 2.5 ਲੱਖ ਭਾਰਤੀ ਜਲਦ ਹੀ ਮੋਬਾਇਲ ਪੇਮੈਂਟ ਸਿਸਟਮ, ਯੂ.ਪੀ.ਆਈ. ਰਾਹੀਂ ਬਹੁਤ ਘੱਟ ਕੀਮਤ 'ਤੇ ਆਪਣੇ ਘਰ ਪੈਸੇ ਭੇਜ ਸਕਣਗੇ।
ਇਹ ਵੀ ਪੜ੍ਹੋ : Apple ਨੇ ਬਣਾਇਆ ਨਵਾਂ ਰਿਕਾਰਡ , ਇਕ ਦਿਨ 'ਚ ਕੀਤੀ Elon Musk ਦੀ ਕੁੱਲ ਨੈੱਟਵਰਥ ਤੋਂ ਜ਼ਿਆਦਾ 'ਕਮਾਈ'
ਸਿੰਗਾਪੁਰ ਵਿਚ ਭਾਰਤ ਦੇ ਹਾਈ ਕਮਿਸ਼ਨਰ ਪੀ ਕੁਮਾਰਨ ਨੇ ਆਸੀਆਨ-ਇੰਡੀਆ ਮੀਡੀਆ ਇੰਟਰਐਕਸ਼ਨ ਪ੍ਰੋਗਰਾਮ ਨੂੰ ਦੱਸਿਆ ਕਿ ਭਾਰਤ ਦੇ ਯੂਪੀਆਈ ਮੋਬਾਈਲ ਪੇਮੈਂਟ ਇੰਟਰਫੇਸ ਅਤੇ ਸਿੰਗਾਪੁਰ ਦੇ ਬਰਾਬਰ ਸਿਸਟਮ ਵਿਚਕਾਰ ਸੰਪਰਕ ਸਥਾਪਤ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਇਹ ਵਿਵਸਥਾ ਇਸ ਸਾਲ ਦੇ ਅੰਤ ਤੱਕ ਚਾਲੂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਿੰਗਾਪੁਰ ਵਿਚ ਕੰਮ ਕਰ ਰਹੇ ਲੱਖਾਂ ਪ੍ਰਵਾਸੀ ਮਜ਼ਦੂਰਾਂ ਨੂੰ ਬਹੁਤ ਘੱਟ ਖਰਚੇ 'ਤੇ ਜਲਦੀ ਆਪਣੇ ਘਰ ਪੈਸੇ ਭੇਜਣ ਦੀ ਸਹੂਲਤ ਮਿਲੇਗੀ। ਇਸ ਸਮੇਂ ਉਨ੍ਹਾਂ ਨੂੰ ਪੈਸੇ ਦੀ ਅਦਲਾ-ਬਦਲੀ ਕਰਨ ਲਈ ਬਹੁਤ ਸਾਰਾ ਪੈਸਾ ਖਰਚ ਕਰਨਾ ਪੈ ਰਿਹਾ ਹੈ।
ਕੁਮਾਰਨ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਅਤੇ ਸਿੰਗਾਪੁਰ ਦੀ ਮੁਦਰਾ ਅਥਾਰਟੀ 'ਚ ਕਾਫੀ ਕੰਮ ਹੋ ਚੁੱਕਾ ਹੈ। ਇਹ ਪ੍ਰੋਜੈਕਟ ਲਗਭਗ ਪੂਰਾ ਹੋ ਚੁੱਕਾ ਹੈ, ਹੁਣ ਕਿਸੇ ਵੀ ਸਮੇਂ ਦੋਵਾਂ ਦੇਸ਼ਾਂ ਦੇ ਚੋਟੀ ਦੇ ਨੇਤਾ ਇੱਕ ਦੂਜੇ ਨਾਲ ਗੱਲ ਕਰ ਸਕਦੇ ਹਨ ਅਤੇ ਇਸ ਦੇ ਸ਼ੁਰੂ ਹੋਣ ਦਾ ਐਲਾਨ ਕਰ ਸਕਦੇ ਹਨ। ਭਾਰਤ ਦੇ ਹਾਈ ਕਮਿਸ਼ਨਰ ਨੇ ਕਿਹਾ ਕਿ ਭਵਿੱਖ ਵਿੱਚ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਘ (ਆਸੀਆਨ) ਦੇ ਕੁਝ ਹੋਰ ਦੇਸ਼ਾਂ ਵਿੱਚ ਇਸ ਦਾ ਵਿਸਤਾਰ ਕਰਨਾ ਆਸਾਨ ਹੋਵੇਗਾ।
ਇਹ ਵੀ ਪੜ੍ਹੋ : Elon Musk ਦੀ ਮੁਲਾਜ਼ਮਾਂ ਨੂੰ ਚਿਤਾਵਨੀ, ਹਫ਼ਤੇ 'ਚ 80 ਘੰਟੇ ਕਰਨਾ ਪੈ ਸਕਦਾ ਹੈ ਕੰਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।