ਇਹ ਕੋਰੋਨਾਵਾਇਰਸ ਨਹੀਂ ਸਗੋਂ ''ਟਰੰਪ ਵਾਇਰਸ'' ਹੈ : ਨੈਂਸੀ ਪੇਲੋਸੀ
Wednesday, Jul 22, 2020 - 10:58 PM (IST)
ਵਾਸ਼ਿੰਗਟਨ - ਅਮਰੀਕੀ ਸੰਸਦ ਦੇ ਹੇਠਲੇ ਸਦਨ (ਹਾਊਸ ਆਫ ਰਿਪ੍ਰੈਜ਼ੇਂਟੇਟਿਵਸ) ਦੀ ਸਪੀਕਰ ਅਤੇ ਸੀਨੀਅਰ ਡੈਮੋਕ੍ਰੇਟ ਨੇਤਾ ਨੈਂਸੀ ਪੇਲੋਸੀ ਨੇ ਕੋਰੋਨਾਵਾਇਰਸ ਨੂੰ 'ਟਰੰਪ ਵਾਇਰਸ' ਕਿਹਾ ਹੈ। ਉਨ੍ਹਾਂ ਨੇ ਇਹ ਗੱਲ ਮਹਾਮਾਰੀ ਸੰਕਟ ਨੂੰ ਠੀਕ ਤਰੀਕੇ ਨਾਲ ਨਾ ਸੰਭਾਲ ਪਾਉਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕਰਦੇ ਹੋਏ ਕਹੀ। ਨੈਂਸੀ ਪੇਲੋਸੀ ਦਾ ਇਹ ਬਿਆਨ ਟਰੰਪ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ਵਿਚ ਉਨ੍ਹਾਂ ਨੇ ਲੋਕਾਂ ਤੋਂ ਫੇਸ ਮਾਸਕ ਪਾਉਣ ਦੀ ਅਪੀਲ ਕੀਤੀ ਸੀ ਅਤੇ ਚਿਤਾਇਆ ਸੀ ਕਿ ਹਾਲਾਤ ਬਿਹਤਰ ਹੋਣ ਦੀ ਪਹਿਲਾਂ ਜ਼ਿਆਦਾ ਖਰਾਬ ਹੋ ਸਕਦੇ ਹਨ।
ਸੀ. ਐਨ. ਐਨ. ਨਾਲ ਗੱਲਬਾਤ ਵਿਚ ਪੇਲੋਸੀ ਨੇ ਕਿਹਾ ਕਿ ਰਾਸ਼ਟਰਪਤੀ ਦੇ ਅੱਜ ਦੇ ਬਿਆਨ ਨੂੰ ਸੁਣ ਕੇ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੀ ਗਲਤੀ ਮੰਨ ਲਈ ਹੈ। ਮਾਸਕ ਪਾ ਕੇ ਅਤੇ ਮਾਸਕ ਪਾਉਣ ਦੀ ਅਪੀਲ ਕਰਕੇ ਉਨ੍ਹਾਂ ਨੇ ਇਹ ਸਵੀਕਾਰ ਕਰ ਲਿਆ ਹੈ ਇਹ ਬੀਮਾਰੀ ਕੋਈ ਅਫਵਾਹ ਨਹੀਂ ਹੈ। ਇਹ ਮਹਾਮਾਰੀ ਬਿਹਤਰ ਹੋਣ ਤੋਂ ਪਹਿਲਾਂ ਬਦਤਰ ਇਸ ਲਈ ਹੋਈ ਹੈ ਕਿਉਂਕਿ ਇਸ ਬਾਰੇ ਵਿਚ ਕੋਈ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਅਸਲ ਵਿਚ ਇਹ ਸਾਫ ਤੌਰ 'ਤੇ ਟਰੰਪ ਵਾਇਰਸ ਹੈ। ਇਕ ਪਾਸੇ ਜਿਥੇ ਡੈਮੋਕ੍ਰੇਟ ਕੋਰੋਨਾ ਦੀ ਵਿਗੜਦੀ ਸਥਿਤੀ ਨੂੰ ਲੈ ਕੇ ਰਿਪਬਲਿਕਨਾਂ 'ਤੇ ਨਿਸ਼ਾਨਾ ਵਿੰਨ੍ਹ ਰਹੇ ਹਨ ਉਥੇ ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਵਾਇਰਸ ਨੂੰ ਚੀਨੀ ਵਾਇਰਸ ਕਹਿੰਦੇ ਆਏ ਹਨ। ਟਰੰਪ ਨੇ ਕਿਹਾ ਕਿ ਇਹ ਵਾਇਰਸ ਚੀਨ ਤੋਂ ਆਇਆ ਹੈ ਅਤੇ ਤਾਂ ਇਸ ਨੂੰ ਚੀਨੀ ਵਾਇਰਸ ਹੀ ਕਿਹਾ ਜਾ ਸਕਦਾ ਹੈ। ਅਮਰੀਕਾ ਵਿਚ ਹੁਣ ਤੱਕ ਕੋਰੋਨਾ ਦੇ 4,051,681 ਮਾਮਲੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 145,329 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,896,310 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।