ਕੀ ਹਮਾਸ ਦਾ ਚੋਟੀ ਦਾ ਨੇਤਾ ਮਾਰਿਆ ਗਿਆ? ਇਜ਼ਰਾਈਲੀ ਫੌਜ ਫੌਜ ਤਥਾਂ ਦੀ ਕਰ ਰਹੀ ਜਾਂਚ
Thursday, Oct 17, 2024 - 09:39 PM (IST)
ਯੇਰੂਸ਼ਲਮ : ਇਜ਼ਰਾਈਲ ਦੀ ਫੌਜ ਨੇ ਕਿਹਾ ਹੈ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਹਮਾਸ ਦੇ ਚੋਟੀ ਦੇ ਨੇਤਾ ਯਾਹਿਆ ਸਿਨਵਰ ਗਾਜ਼ਾ 'ਚ ਫੌਜੀ ਕਾਰਵਾਈ 'ਚ ਮਾਰਿਆ ਗਿਆ ਸੀ। ਗਾਜ਼ਾ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਇੱਕ ਸਕੂਲ 'ਤੇ ਇਜ਼ਰਾਈਲੀ ਹਵਾਈ ਹਮਲੇ ਵਿੱਚ ਘੱਟੋ-ਘੱਟ 15 ਲੋਕ ਮਾਰੇ ਗਏ, ਜਿੱਥੇ ਵਿਸਥਾਪਿਤ ਫਲਸਤੀਨੀ ਸ਼ਰਨਾਰਥੀ ਸ਼ਰਨ ਲੈ ਰਹੇ ਸਨ।
ਇਜ਼ਰਾਈਲ ਦੀ ਫੌਜ ਨੇ ਇਕ ਬਿਆਨ 'ਚ ਕਿਹਾ ਕਿ ਗਾਜ਼ਾ 'ਚ ਕਾਰਵਾਈ ਦੌਰਾਨ ਤਿੰਨ ਅੱਤਵਾਦੀ ਮਾਰੇ ਗਏ, ਪਰ ਇਸ ਨੇ ਕੋਈ ਵੇਰਵਾ ਨਹੀਂ ਦਿੱਤਾ। ਫੌਜ ਨੇ ਕਿਹਾ ਕਿ ਅਜੇ ਤੱਕ ਤਿੰਨਾਂ ਦੀ ਪਛਾਣ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਉਹ ਇਸ ਸੰਭਾਵਨਾ ਦੀ ਜਾਂਚ ਕਰ ਰਹੀ ਹੈ ਕਿ ਕੀ ਉਨ੍ਹਾਂ ਵਿੱਚੋਂ ਇੱਕ ਸਿਨਵਰ ਸੀ। ਸਿਨਵਰ 7 ਅਕਤੂਬਰ, 2023 ਨੂੰ ਇਜ਼ਰਾਈਲ 'ਤੇ ਹਮਾਸ ਦੇ ਹਮਲੇ ਦੇ ਮੁੱਖ ਆਰਕੀਟੈਕਟਾਂ 'ਚੋਂ ਇੱਕ ਸੀ ਅਤੇ ਇਜ਼ਰਾਈਲ ਨੇ ਗਾਜ਼ਾ 'ਚ ਆਪਣੀ ਜਵਾਬੀ ਕਾਰਵਾਈ ਦੀ ਸ਼ੁਰੂਆਤ ਤੋਂ ਹੀ ਉਸਨੂੰ ਖਤਮ ਕਰਨ ਦੀ ਸਹੁੰ ਖਾਧੀ ਹੈ। ਯੁੱਧ ਦੌਰਾਨ, ਸਿਨਵਰ ਕਦੇ ਵੀ ਜਨਤਕ ਤੌਰ 'ਤੇ ਸਾਹਮਣੇ ਨਹੀਂ ਆਇਆ। ਜੁਲਾਈ 'ਚ ਈਰਾਨ ਦੀ ਰਾਜਧਾਨੀ ਤਹਿਰਾਨ 'ਚ ਇੱਕ ਇਜ਼ਰਾਈਲੀ ਹਮਲੇ 'ਚ ਇਸਮਾਈਲ ਹਾਨੀਆ ਦੇ ਮਾਰੇ ਜਾਣ ਤੋਂ ਬਾਅਦ ਸਿਨਵਰ ਨੂੰ ਸਮੂਹ ਦਾ ਚੋਟੀ ਦਾ ਨੇਤਾ ਚੁਣਿਆ ਗਿਆ ਸੀ।
ਇਜ਼ਰਾਈਲ ਨੇ ਹਵਾਈ ਹਮਲੇ 'ਚ ਹਮਾਸ ਦੇ ਫੌਜੀ ਵਿੰਗ ਦੇ ਮੁਖੀ ਮੁਹੰਮਦ ਦੇਈਫ ਨੂੰ ਮਾਰਨ ਦਾ ਦਾਅਵਾ ਵੀ ਕੀਤਾ ਸੀ, ਪਰ ਸਮੂਹ ਨੇ ਕਿਹਾ ਕਿ ਉਹ ਬਚ ਗਿਆ। ਇਜ਼ਰਾਇਲੀ ਫੌਜ ਨੇ ਉੱਤਰੀ ਗਾਜ਼ਾ ਦੇ ਜਬਾਲੀਆ ਸ਼ਰਨਾਰਥੀ ਕੈਂਪ 'ਤੇ ਇਕ ਹਫਤੇ ਤੋਂ ਵੱਧ ਸਮੇਂ ਤੋਂ ਹਵਾਈ ਅਤੇ ਜ਼ਮੀਨੀ ਹਮਲੇ ਜਾਰੀ ਰੱਖੇ ਹੋਏ ਹਨ। ਫੌਜ ਨੇ ਵੀਰਵਾਰ ਨੂੰ ਅਬੂ ਹੁਸੈਨ ਸਕੂਲ 'ਤੇ ਹਮਲਾ ਕੀਤਾ ਸੀ। ਗਾਜ਼ਾ ਦੇ ਸਿਹਤ ਮੰਤਰਾਲੇ ਦੀ ਸਥਾਨਕ ਐਮਰਜੈਂਸੀ ਯੂਨਿਟ ਦੇ ਮੁਖੀ ਫਾਰੇਸ ਅਬੂ ਹਮਜ਼ਾ ਨੇ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਦਰਜਨਾਂ ਜ਼ਖਮੀ ਹੋਏ ਹਨ।
ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਨੇੜਲੇ ਕਮਲ ਅਡਵਾਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਕਈ ਔਰਤਾਂ ਅਤੇ ਬੱਚੇ ਗੰਭੀਰ ਹਾਲਤ 'ਚ ਹਨ। ਇਜ਼ਰਾਈਲ ਦੀ ਫੌਜ ਨੇ ਕਿਹਾ ਕਿ ਉਸਨੇ ਸਕੂਲ ਦੇ ਅੰਦਰ ਹਮਾਸ ਅਤੇ ਇਸਲਾਮਿਕ ਜੇਹਾਦ ਦੁਆਰਾ ਚਲਾਏ ਗਏ ਇੱਕ ਕਮਾਂਡ ਸੈਂਟਰ ਨੂੰ ਨਿਸ਼ਾਨਾ ਬਣਾਇਆ, ਜਿੱਥੇ 10 ਤੋਂ ਵੱਧ ਅੱਤਵਾਦੀ ਲੁਕੇ ਹੋਏ ਸਨ। ਇਜ਼ਰਾਈਲ ਨੇ ਗਾਜ਼ਾ 'ਚ ਵਿਸਥਾਪਿਤ ਲੋਕਾਂ ਨੂੰ ਪਨਾਹ ਦੇਣ ਵਾਲੇ ਅਸਥਾਈ ਕੈਂਪਾਂ ਤੇ ਸਕੂਲਾਂ 'ਤੇ ਵਾਰ-ਵਾਰ ਹਮਲੇ ਕੀਤੇ ਹਨ। ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਉਹ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਅਤੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ।