ਲਿਬਨਾਨ ਨਾਲ ਜੰਗਬੰਦੀ ਮਗਰੋਂ ਮੁੜ ਗਾਜ਼ਾ ਵੱਲ ਹੋ ਤੁਰਿਆ ਇਜ਼ਰਾਈਲ ! ਰਾਕੇਟ ਹਮਲੇ ''ਚ 2 ਦੀ ਮੌਤ

Saturday, Jun 20, 2026 - 05:50 PM (IST)

ਲਿਬਨਾਨ ਨਾਲ ਜੰਗਬੰਦੀ ਮਗਰੋਂ ਮੁੜ ਗਾਜ਼ਾ ਵੱਲ ਹੋ ਤੁਰਿਆ ਇਜ਼ਰਾਈਲ ! ਰਾਕੇਟ ਹਮਲੇ ''ਚ 2 ਦੀ ਮੌਤ

ਇੰਟਰਨੈਸ਼ਨਲ ਡੈਸਕ- ਇਰਾਨ-ਲਿਬਨਾਨ ਨਾਲ ਹੋਈ ਜੰਗਬੰਦੀ ਮਗਰੋਂ ਇਜ਼ਰਾਈਲ ਨੇ ਇਕ ਵਾਰ ਫ਼ਿਰ ਤੋਂ ਆਪਣਾ ਪੁਰਾਣਾ ਰੂਪ ਧਾਰਨ ਕਰ ਲਿਆ ਹੈ। ਗਾਜ਼ਾ ਪੱਟੀ 'ਚ ਸ਼ਨੀਵਾਰ ਤੜਕੇ ਹੋਏ ਇਜ਼ਰਾਈਲੀ ਹਮਲੇ ਵਿੱਚ ਘੱਟੋ-ਘੱਟ 2 ਬੱਚੀਆਂ ਦੀ ਮੌਤ ਹੋ ਗਈ ਹੈ। ਫਲਸਤੀਨੀ ਸਿਹਤ ਅਧਿਕਾਰੀਆਂ ਮੁਤਾਬਕ, ਇਜ਼ਰਾਈਲ ਅਤੇ ਹਮਾਸ ਵਿਚਾਲੇ ਅਕਤੂਬਰ ਵਿੱਚ ਹੋਏ ਸੀਜ਼ਫ਼ਾਇਰ ਦੇ ਬਾਵਜੂਦ ਇਲਾਕੇ ਵਿੱਚ ਲਗਭਗ ਹਰ ਰੋਜ਼ ਹਮਲੇ ਹੋ ਰਹੇ ਹਨ। ਗਾਜ਼ਾ ਸਿਹਤ ਮੰਤਰਾਲੇ ਅਨੁਸਾਰ, ਇਸ ਜੰਗਬੰਦੀ ਤੋਂ ਬਾਅਦ ਹੋਏ ਹਮਲਿਆਂ ਵਿੱਚ ਹੁਣ ਤੱਕ 1,007 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ।

ਸ਼ਨੀਵਾਰ ਤੜਕੇ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 2 ਵਜੇ ਗਾਜ਼ਾ ਸ਼ਹਿਰ ਦੇ ਇੱਕ ਅਪਾਰਟਮੈਂਟ 'ਤੇ ਰਾਕੇਟ ਡਿੱਗਿਆ, ਜਿਸ ਕਾਰਨ ਘੱਟੋ-ਘੱਟ 2 ਬੱਚੀਆਂ ਦੀ ਮੌਤ ਹੋ ਗਈ ਹੈ, ਜਦਕਿ ਮਲਬੇ ਹੇਠੋਂ ਲਾਸ਼ਾਂ ਨੂੰ ਕੱਢਣ ਦਾ ਕੰਮ ਜਾਰੀ ਹੋਣ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਹਮਲੇ ਵਿੱਚ ਜ਼ਖਮੀਆਂ ਦੀ ਸਹੀ ਗਿਣਤੀ ਬਾਰੇ ਵੀ ਅਜੇ ਪੂਰੀ ਜਾਣਕਾਰੀ ਨਹੀਂ ਮਿਲੀ ਹੈ।

ਹਮਲੇ ਵਿੱਚ ਮਾਰੀਆਂ ਗਈਆਂ ਦੋਵਾਂ ਬੱਚੀਆਂ ਦੀ ਪਛਾਣ ਸਕੀਆਂ ਭੈਣਾਂ- 4 ਸਾਲਾ ਜ਼ੀਨਾ ਅਤੇ 14 ਸਾਲਾ ਲਾਨਾ ਵਜੋਂ ਹੋਈ ਹੈ। ਉਨ੍ਹਾਂ ਦੇ ਚਚੇਰੇ ਭਰਾ ਮੁਹੰਮਦ ਸਫ਼ਾਦੀ, ਜੋ ਖ਼ੁਦ ਇਸ ਹਮਲੇ ਵਿੱਚ ਜ਼ਖਮੀ ਹੋਇਆ ਹੈ, ਨੇ ਦੱਸਿਆ, "ਅਸੀਂ ਘਰ ਬੈਠੇ ਸੀ ਅਤੇ ਅਚਾਨਕ ਸਾਡੇ 'ਤੇ ਰਾਕੇਟ ਡਿੱਗ ਪਿਆ। ਜਿਸ ਜੰਗਬੰਦੀ ਦੀਆਂ ਗੱਲਾਂ ਹੋ ਰਹੀਆਂ ਹਨ, ਕੀ ਇਹ ਵਾਕਈ ਜੰਗਬੰਦੀ ਹੈ ? ਅਸੀਂ ਆਮ ਨਾਗਰਿਕ ਹਾਂ।"

ਹਾਲਾਂਕਿ ਇਜ਼ਰਾਈਲੀ ਫ਼ੌਜ ਨੇ ਇਸ ਹਮਲੇ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ, ਪਰ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਸਿਰਫ਼ ਹਮਾਸ ਅਤੇ ਹੋਰ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ। ਦੱਸ ਦੇਈਏ ਕਿ ਜੰਗਬੰਦੀ ਤੋਂ ਬਾਅਦ ਹੁਣ ਤੱਕ 5 ਇਜ਼ਰਾਈਲੀ ਸੈਨਿਕ ਵੀ ਮਾਰੇ ਜਾ ਚੁੱਕੇ ਹਨ।


author

Harpreet SIngh

Content Editor

Related News