ਯੂਕੇ ''ਚ ਅੰਤਰਰਾਸ਼ਟਰੀ ਦਮਨਕਾਰੀ ਦਬਾਅ ਦੀ ਜਾਂਚ ਤੇਜ਼, ਸਿੱਖ ਆਗੂ ਨੇ ਪਤਨੀ ਦੀ ਮੌਤ ਲਈ ਭਾਰਤੀ ਰਾਜ ਵੱਲ ਚੁੱਕੀ ਉਂਗਲ

Sunday, Aug 02, 2026 - 11:34 PM (IST)

ਯੂਕੇ ''ਚ ਅੰਤਰਰਾਸ਼ਟਰੀ ਦਮਨਕਾਰੀ ਦਬਾਅ ਦੀ ਜਾਂਚ ਤੇਜ਼, ਸਿੱਖ ਆਗੂ ਨੇ ਪਤਨੀ ਦੀ ਮੌਤ ਲਈ ਭਾਰਤੀ ਰਾਜ ਵੱਲ ਚੁੱਕੀ ਉਂਗਲ

ਲੰਡਨ (ਸਰਬਜੀਤ ਸਿੰਘ ਬਨੂੜ) : ਯੂਕੇ ਸੰਸਦ ਦੀ ਮਨੁੱਖੀ ਅਧਿਕਾਰਾਂ ਬਾਰੇ ਸੰਯੁਕਤ ਕਮੇਟੀ ਵੱਲੋਂ ਬਰਤਾਨੀਆ ਵਿੱਚ ਸਰਹੱਦਾਂ ਪਾਰ ਦਮਨਕਾਰੀ ਕਾਰਵਾਈਆਂ ਸਬੰਧੀ ਕੀਤੀ ਜਾ ਰਹੀ ਜਾਂਚ ਨੇ ਬਰਤਾਨੀਆ ਵਿੱਚ ਰਹਿੰਦੇ ਸਿੱਖ ਆਗੂਆਂ, ਪੱਤਰਕਾਰਾਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਵੱਲੋਂ ਲਗਾਏ ਗਏ ਗੰਭੀਰ ਦੋਸ਼ਾਂ ਨੂੰ ਸੰਸਦੀ ਪੱਧਰ ’ਤੇ ਪਹੁੰਚਾ ਦਿੱਤਾ ਹੈ। ਕਮੇਟੀ ਅੱਗੇ ਪੇਸ਼ ਕੀਤੀਆਂ ਲਿਖਤੀ ਅਤੇ ਮੌਖਿਕ ਗਵਾਹੀਆਂ ਵਿੱਚ ਕਥਿਤ ਵਿਦੇਸ਼ੀ ਦਬਾਅ, ਧਮਕੀਆਂ, ਨਿਗਰਾਨੀ ਅਤੇ ਸੁਰੱਖਿਆ ਖ਼ਤਰਿਆਂ ਸਬੰਧੀ ਕਈ ਦਾਅਵੇ ਦਰਜ ਕਰਵਾਏ ਗਏ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖਾਲਸਾ ਇੰਟਰਨੈਸ਼ਨਲ ਦੇ ਆਗੂ ਗੁਰਚਰਨ ਸਿੰਘ ਨੇ ਦਾਅਵਾ ਕੀਤਾ ਕਿ ਸਿੱਖ ਅਧਿਕਾਰਾਂ ਅਤੇ ਸਵੈ-ਨਿਰਣੇ ਦੇ ਹੱਕ ਵਿੱਚ ਕੀਤੀ ਜਾ ਰਹੀ ਸਰਗਰਮੀ ਕਾਰਨ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਲੰਬੇ ਸਮੇਂ ਤੋਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਆਪਣੀ ਪਤਨੀ ਜਸਬੀਰ ਕੌਰ ਦੀ ਸ਼ੱਕੀ ਮੌਤ ਦਾ ਜ਼ਿਕਰ ਕਰਦਿਆਂ ਇਸ ਮਾਮਲੇ ਵਿੱਚ ਇਨਸਾਫ਼ ਅਤੇ ਜਵਾਬਦੇਹੀ ਦੀ ਮੰਗ ਕੀਤੀ। ਗੁਰਚਰਨ ਸਿੰਘ ਦੇ ਚਾਰ ਬੱਚੇ ਹਨ। ਉਨ੍ਹਾਂ ਨੇ ਆਪਣੀ ਗਵਾਹੀ ਵਿੱਚ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਖ਼ਿਲਾਫ਼ ਹੋ ਰਹੇ ਦਬਾਅ ਦਾ ਸਬੰਧ ਭਾਰਤੀ ਰਾਜ ਦੇ ਹਿੱਤਾਂ ਨਾਲ ਜੁੜੇ ਤੱਤਾਂ ਨਾਲ ਹੈ।

ਇਹ ਵੀ ਪੜ੍ਹੋ : ਸ਼ਾਂਤੀ ਰੈਲੀ ਦੌਰਾਨ ਹੋ ਗਿਆ ਵੱਡਾ ਧਮਾਕਾ ! ਸੜਕ 'ਤੇ ਵਿਛ ਗਈਆਂ ਲਾਸ਼ਾਂ, ਖੈਬਰ ਪਖਤੂਨਖਵਾ 'ਚ ਹਾਈ ਅਲਰਟ

ਇਸੇ ਜਾਂਚ ਦੌਰਾਨ ਸਿੱਖਸ ਫਾਰ ਜਸਟਿਸ ਦੇ ਖਾਲਿਸਤਾਨੀ ਸਿੱਖ ਆਗੂ ਪਰਮਜੀਤ ਸਿੰਘ ਪੰਮਾ ਨੇ ਵੀ ਆਪਣੀ ਗਵਾਹੀ ਵਿੱਚ ਯੂਕੇ ਵਿੱਚ ਮਿਲੀਆਂ ਕਥਿਤ ਧਮਕੀਆਂ, ਸੁਰੱਖਿਆ ਚਿੰਤਾਵਾਂ ਅਤੇ ਵਿਦੇਸ਼ੀ ਦਬਾਅ ਸਬੰਧੀ ਆਪਣੇ ਤਜਰਬੇ ਕਮੇਟੀ ਅੱਗੇ ਰੱਖੇ। ਉਨ੍ਹਾਂ ਨੇ ਕਿਹਾ ਕਿ ਜਨਤਕ ਸਰਗਰਮੀਆਂ ਕਾਰਨ ਯੂਕੇ ਦੀਆਂ ਸੁਰੱਖਿਆ ਏਜੰਸੀਆਂ ਨੂੰ ਅਜਿਹੇ ਮਾਮਲਿਆਂ ਨੂੰ ਹੋਰ ਗੰਭੀਰਤਾ ਨਾਲ ਲਿਆ ਹੈ। ਕਮੇਟੀ ਅੱਗੇ ਕੁਝ ਪੱਤਰਕਾਰਾਂ ਅਤੇ ਮੀਡੀਆ ਨਾਲ ਜੁੜੇ ਵਿਅਕਤੀਆਂ ਨੇ ਵੀ ਗਵਾਹੀਆਂ ਦਿੰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਆਪਣੀ ਪੱਤਰਕਾਰੀ ਅਤੇ ਵਿਚਾਰ ਪ੍ਰਗਟ ਕਰਨ ਕਾਰਨ ਧਮਕੀਆਂ, ਡਰਾਉਣ-ਧਮਕਾਉਣ ਦੀਆਂ ਕੋਸ਼ਿਸ਼ਾਂ ਅਤੇ ਦਬਾਅ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਵਿਦੇਸ਼ੀ ਦਖ਼ਲਅੰਦਾਜ਼ੀ ਅਤੇ ਦਮਨਕਾਰੀ ਤਰੀਕਿਆਂ ਨੂੰ ਨਾ ਰੋਕਿਆ ਗਿਆ ਤਾਂ ਇਸ ਦਾ ਅਸਰ ਯੂਕੇ ਵਿੱਚ ਪ੍ਰੈੱਸ ਦੀ ਆਜ਼ਾਦੀ, ਲੋਕਤੰਤਰੀ ਅਧਿਕਾਰਾਂ ਅਤੇ ਬੋਲਣ ਦੀ ਆਜ਼ਾਦੀ ’ਤੇ ਪੈ ਸਕਦਾ ਹੈ।

ਇਸ ਜਾਂਚ ਵਿੱਚ ਸਿਰਫ਼ ਸਿੱਖ ਆਗੂ ਹੀ ਨਹੀਂ, ਸਗੋਂ ਮਨੁੱਖੀ ਅਧਿਕਾਰ ਸੰਸਥਾਵਾਂ, ਕਾਨੂੰਨੀ ਮਾਹਿਰਾਂ, ਅਕਾਦਮਿਕ ਵਿਦਵਾਨਾਂ ਅਤੇ ਹੋਰ ਭਾਈਚਾਰਕ ਨੁਮਾਇੰਦਿਆਂ ਨੇ ਵੀ ਆਪਣੇ ਵਿਚਾਰ ਅਤੇ ਸਬੂਤ ਕਮੇਟੀ ਅੱਗੇ ਪੇਸ਼ ਕੀਤੇ ਹਨ। ਕਮੇਟੀ ਇਨ੍ਹਾਂ ਗਵਾਹੀਆਂ ਦੇ ਆਧਾਰ ’ਤੇ ਇਹ ਅਧਿਐਨ ਕਰ ਰਹੀ ਹੈ ਕਿ ਕੀ ਯੂਕੇ ਵਿੱਚ ਰਹਿ ਰਹੇ ਲੋਕ ਵਿਦੇਸ਼ੀ ਰਾਜਾਂ ਜਾਂ ਉਨ੍ਹਾਂ ਨਾਲ ਜੁੜੇ ਤੱਤਾਂ ਵੱਲੋਂ ਕਥਿਤ ਅੰਤਰਰਾਸ਼ਟਰੀ ਦਮਨਕਾਰੀ ਦਬਾਅ (Transnational Repression) ਦਾ ਸਾਹਮਣਾ ਕਰ ਰਹੇ ਹਨ ਅਤੇ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਕਿਹੜੇ ਕਾਨੂੰਨੀ ਅਤੇ ਨੀਤੀਗਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਵਿਦੇਸ਼ਾਂ ਵਿੱਚ ਰਹਿੰਦੇ ਸਿੱਖ ਕਾਰਕੁਨਾਂ ਅਤੇ ਆਗੂਆਂ ਦੀ ਸੁਰੱਖਿਆ ਦਾ ਮੁੱਦਾ ਅੰਤਰਰਾਸ਼ਟਰੀ ਪੱਧਰ ’ਤੇ ਹੋਰ ਗੰਭੀਰਤਾ ਨਾਲ ਉੱਭਰਿਆ ਹੈ। ਕੈਨੇਡਾ, ਅਮਰੀਕਾ ਅਤੇ ਯੂਕੇ ਵਿੱਚ ਇਸ ਸਬੰਧੀ ਕਈ ਜਾਂਚਾਂ, ਸੁਰੱਖਿਆ ਚੇਤਾਵਨੀਆਂ ਅਤੇ ਸੰਸਦੀ ਕਾਰਵਾਈਆਂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ : ਬਿਹਾਰ ਪੇਪਰ ਲੀਕ ਮਾਮਲੇ 'ਚ ਵੱਡੀ ਕਾਰਵਾਈ, ਬਾਇਓਮੈਟ੍ਰਿਕ ਸੁਪਰਵਾਈਜ਼ਰ ਸਮੇਤ 3 ਗ੍ਰਿਫ਼ਤਾਰ

ਯੂਕੇ ਸੰਸਦ ਦੀ ਵੈੱਬਸਾਈਟ ’ਤੇ ਇਹ ਲਿਖਤੀ ਗਵਾਹੀਆਂ ਜਨਤਕ ਤੌਰ ’ਤੇ ਉਪਲਬਧ ਹਨ ਅਤੇ ਕਮੇਟੀ ਦੀ ਚੱਲ ਰਹੀ ਜਾਂਚ ਦਾ ਹਿੱਸਾ ਹਨ। ਇਹ ਜਾਂਚ ਇਸ ਗੱਲ ਦਾ ਮੁਲਾਂਕਣ ਕਰ ਰਹੀ ਹੈ ਕਿ ਵਿਦੇਸ਼ੀ ਰਾਜਾਂ ਵੱਲੋਂ ਕਥਿਤ ਤੌਰ ’ਤੇ ਯੂਕੇ ਵਿੱਚ ਰਹਿ ਰਹੇ ਲੋਕਾਂ ਨੂੰ ਪ੍ਰਭਾਵਿਤ ਕਰਨ ਜਾਂ ਡਰਾਉਣ ਦੀਆਂ ਕੋਸ਼ਿਸ਼ਾਂ ਨਾਲ ਕਿਵੇਂ ਨਜਿੱਠਿਆ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News