ਇਜ਼ਰਾਈਲ ਦਾ ਸਭ ਤੋਂ ਮਜ਼ਬੂਤ ਹਵਾਈ ਕਵਚ 5 ਮਹੀਨਿਆਂ ’ਚ ਦੂਜੀ ਵਾਰ ਨਾਕਾਮ, 12 ਸਾਲ ਤੋਂ ਅਪਡੇਟ ਨਹੀਂ

Monday, Oct 09, 2023 - 05:23 PM (IST)

ਇੰਟਰਨੈਸ਼ਨਲ ਡੈਸਕ– ਅੱਤਵਾਦੀ ਸੰਗਠਨ ਹਮਾਸ ਨੇ ਇਜ਼ਰਾਈਲ ’ਤੇ ਸ਼ਨੀਵਾਰ ਨੂੰ ਸਭ ਤੋਂ ਵੱਡਾ ਹਮਲਾ ਕੀਤਾ। ਹਮਾਸ ਨੇ ਇਸ ਹਮਲੇ ਨੂੰ ‘ਅਲ-ਅਕਸਾ ਫਲੱਡ’ ਨਾਂ ਦਿੱਤਾ ਹੈ। ਇਸ ਦੇ ਜਵਾਬ ’ਚ ਇਜ਼ਰਾਈਲ ਨੇ ‘ਸਵਾਰਡਸ ਆਫ ਆਇਰਨ’ ਆਪ੍ਰੇਸ਼ਨ ਸ਼ੁਰੂ ਕੀਤਾ ਹੈ। ਉਂਝ 2001 ਤੋਂ ਹੀ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ ਚੱਲ ਰਹੀ ਹੈ। ਹਵਾਈ ਹਮਲਿਆਂ ਤੋਂ ਬਚਣ ਲਈ ਇਜ਼ਰਾਈਲ ਨੇ 2011 ’ਚ ਆਇਰਨ ਡੋਮ ਨਾਂ ਦਾ ਏਅਰ ਡਿਫੈਂਸ ਸਿਸਟਮ ਤਿਆਰ ਕੀਤਾ ਸੀ। ਉਦੋਂ ਇਸ ਨੂੰ ਦੁਨੀਆ ਦਾ ਸਭ ਤੋਂ ਭਰੋਸੇਮੰਦ ਏਅਰ ਡਿਫੈਂਸ ਸਿਸਟਮ ਦੱਸਿਆ ਗਿਆ ਸੀ। ਉਂਝ 10 ਮਈ, 2023 ਨੂੰ ਜਦੋਂ ਇਜ਼ਰਾਈਲ ਦੇ ਦੱਖਣੀ ਇਲਾਕੇ ’ਚ ਹਮਾਸ ਨੇ ਮਿਜ਼ਾਈਲਾਂ ਦਾਗੀਆਂ, ਉਦੋਂ ਵੀ ਇਹ ਨਾਕਾਮ ਰਿਹਾ ਸੀ। ਉਸ ਹਮਲੇ ਤੋਂ ਬਾਅਦ ਜਾਂਚ ’ਚ ਪਤਾ ਲੱਗਾ ਸੀ ਕਿ ਇਸ ਦੇ ਹਾਰਡਵੇਅਰ 2011 ਤੋਂ ਬਾਅਦ ਤੋਂ ਅਪਡੇਟ ਨਹੀਂ ਹੋਏ, ਜਦਕਿ ਸਾਫਟਵੇਅਰ ’ਚ ਵਾਰ-ਵਾਰ ਅਪਡੇਟ ਕੀਤੇ ਗਏ।

ਹਮਲੇ ਦੇ ਸਮੇਂ ਕਈ ਵਾਰ ਹਾਰਡਵੇਅਰ ਆਪਣੇ ਸਾਫਟਵੇਅਰ ਨਾਲ ਕਨੈਕਟ ਨਹੀਂ ਕਰ ਪਾ ਰਹੇ ਸਨ। ਹਾਲਾਂਕਿ ਇਸ ਦਾ ਸਕਸੈੱਸ ਰੇਟ 94 ਫ਼ੀਸਦੀ ਹੈ। ਆਇਰਨ ਡੋਮ ’ਤੇ ਬਾਰਕ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਮਾਈਕਲ ਆਰਮਸਟ੍ਰਾਂਗ ਦੱਸਦੇ ਹਨ ਕਿ ਕੋਈ ਵੀ ਮਿਜ਼ਾਈਲ ਸਿਸਟਮ ਪੂਰੀ ਤਰ੍ਹਾਂ ਭਰੋਸੇਮੰਦ ਨਹੀਂ ਹੁੰਦਾ। ਹੁਣ ਹਮਲੇ ਦਾ ਸਰੂਪ ਬਦਲ ਰਿਹਾ ਹੈ। ਯੇਰੂਸ਼ਲਮ ਪੋਸਟ ਨੇ ਵੀ ਇਕ ਆਰਟੀਕਲ ’ਚ ਦਾਅਵਾ ਕੀਤਾ ਸੀ ਕਿ ਮਈ ਦੇ ਹਮਲੇ ’ਚ ਆਇਰਨ ਡੋਮ ਦਾ ਇੰਟਰਸੈਪਸ਼ਨ ਸਕਸੈੱਸ ਰੇਟ ਸਿਰਫ 60 ਫ਼ੀਸਦੀ ਸੀ।

ਹਮਲਾ ਉਦੋਂ, ਜਦੋਂ ਨੇਤਨਯਾਹੂ ਘਰ ’ਚ ਘਿਰੇ
ਹਮਾਸ ਨੇ ਹਮਲਾ ਅਜਿਹੇ ਸਮੇਂ ਕੀਤਾ, ਜਦੋਂ ਇਜ਼ਰਾਈਲ ਅਜੇ ਘਰੇਲੂ ਮੋਰਚੇ ’ਤੇ ਰੁੱਝਿਆ ਸੀ। ਪੀ. ਐੱਮ. ਬੇਂਜਾਮਿਨ ਨੇਤਨਯਾਹੂ ਇਸ ਕਾਰਜਕਾਲ ’ਚ ਲਗਾਤਾਰ ਚੁਣੌਤੀਆਂ ਨਾਲ ਜੂਝ ਰਹੇ ਸਨ। ਉਨ੍ਹਾਂ ਨੇ ਨਿਆਪਾਲਿਕਾ ਦੀਆਂ ਸ਼ਕਤੀਆਂ ਘੱਟ ਕਰਨ ਦਾ ਕਦਮ ਚੁੱਕਿਆ, ਜਿਸ ਕਾਰਨ ਲੋਕ ਨਾਰਾਜ਼ ਹੋ ਕੇ ਸੜਕਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਇਲਾਵਾ ਧੁਰ ਦੱਖਣਪੰਥੀ ਦਲਾਂ ਨਾਲ ਗਠਜੋੜ ਦੇ ਚਲਦਿਆਂ ਵਿਰੋਧੀ ਸਰਕਾਰ ’ਤੇ ਹਮਲਾਵਰ ਹਨ।

ਅੱਤਵਾਦੀਆਂ ਨੇ ਲੋਕਾਂ ਨਾਲ ਕੀਤੀ ਬੇਰਹਿਮੀ
ਸੋਸ਼ਲ ਮੀਡੀਆ ’ਤੇ ਗਾਜ਼ਾ ਦੇ ਕੋਲ ਕਿਬੁਰਜ ਕੀ ਡੋਰਿਨ ਨਾਂ ਦੀ ਮਹਿਲਾ ਦੀ ਵੀਡੀਓ ਆਈ ਹੈ। ਉਹ ਚੀਖ ਰਹੀ ਹੈ ਕਿ ਅੱਤਵਾਦੀ ਘਰ ’ਚ ਵੜ ਗਏ ਹਨ। ਉਹ ਬਾਥਰੂਮ ’ਚ ਲੁਕੀ ਹੈ, ਪਤੀ ਦਰਵਾਜ਼ਾ ਬੰਦ ਕਰਕੇ ਬੈਠਾ ਹੈ। ਅੱਤਵਾਦੀ ਗੋਲੀਆਂ ਚਲਾ ਰਹੇ ਹਨ, ਕੋਈ ਸਾਨੂੰ ਬਚਾ ਲਓ। ਕਈ ਵੀਡੀਓਜ਼ ’ਚ ਬੰਦੂਕਧਾਰੀ ਇਜ਼ਰਾਈਲ ਦੀਆਂ ਸੜਕਾਂ ’ਤੇ ਘੁੰਮਦੇ ਦਿਖੇ। ਕੁਝ ਤਾਂ ਮਹਿਲਾਵਾਂ ’ਤੇ ਲੱਤਾਂ-ਮੁੱਕੇ ਮਾਰਦੇ ਵੀ ਦਿਖੇ।

ਇਹ ਖ਼ਬਰ ਵੀ ਪੜ੍ਹੋ : ਹਮਾਸ ਦੇ ਲੜਾਕਿਆਂ ਦੀ ਹੈਵਾਨੀਅਤ, ਪਰਿਵਾਰ ਸਾਹਮਣੇ ਇਜ਼ਰਾਇਲੀ ਕੁੜੀ ਦਾ ਬੇਰਹਿਮੀ ਨਾਲ ਕੀਤਾ ਕਤਲ

ਅਪ੍ਰੈਲ ਤੋਂ ਬਣਨ ਲੱਗੇ ਸਨ ਵੱਡੇ ਹਮਲੇ ਦੇ ਹਾਲਾਤ
ਤਾਜ਼ਾ ਹਮਲੇ ਦੇ ਸੰਕੇਤ ਅਪ੍ਰੈਲ ਤੋਂ ਮਿਲਣ ਲੱਗੇ ਸਨ। ਅਸਲ ’ਚ ਵੈਸਟ ਬੈਂਕ ਇਲਾਕੇ ’ਚ ਵਾਰ-ਵਾਰ ਇਜ਼ਰਾਈਲੀ ਫੌਜੀ ਮੁਹਿੰਮ ਚਲਾਈ ਜਾ ਰਹੀ ਸੀ। ਉਦੋਂ ਗਾਜ਼ਾ ਨੇ ਇਜ਼ਰਾਈਲ ਨੂੰ ਉਸੇ ਭਾਸ਼ਾ ’ਚ ਜਵਾਬ ਦੇਣਾ ਤੈਅ ਕੀਤਾ।

ਮਈ ’ਚ ਇਜ਼ਰਾਈਲ ਤੇ ਹਮਾਸ ’ਚ ਛੋਟੀ ਲੜਾਈ ਹੋਈ। ਇਕ ਹਫ਼ਤੇ ਬਾਅਦ ਇਜ਼ਰਾਈਲੀ ਹਵਾਈ ਹਮਲਿਆਂ ’ਚ ਹਮਾਸ ਦੇ 3 ਨੇਤਾ ਮਾਰੇ ਗਏ। ਮਿਸਰ, ਯੂ. ਐੱਨ. ਦੀ ਵਿਚੋਲਗੀ ਨਾਲ ਸੰਘਰਸ਼ ਰੋਕ ਲੱਗੀ। ਉਸ ਤੋਂ ਬਾਅਦ ਸੰਘਰਸ਼ ਮੁੜ ਸ਼ੁਰੂ ਹੋਇਆ।

100 ਸਾਲਾਂ ਤੋਂ ਚੱਲ ਰਿਹਾ ਵਿਵਾਦ, ਉਦੋਂ ਤੋਂ ਖ਼ੂਨੀ ਸੰਘਰਸ਼
ਇਜ਼ਰਾਈਲ-ਫਲਸਤੀਨ ਵਿਵਾਦ 100 ਸਾਲ ਪੁਰਾਣਾ ਹੈ। ਦੂਜੇ ਵਿਸ਼ਵ ਯੁੱਧ ਤੇ ਨਾਜ਼ੀਆਂ ਦੇ ਹੱਥੋਂ ਯਹੂਦੀਆਂ ਦੇ ਕਤਲੇਆਮ ਤੋਂ ਬਾਅਦ ਉਨ੍ਹਾਂ ਲਈ ਅਲੱਗ ਦੇਸ਼ ਦੀ ਮੰਗ ਤੇਜ਼ ਹੋਈ। ਯਹੂਦੀ ਯੇਰੂਸ਼ਲਮ ਆ ਕੇ ਵਸਣ ਲੱਗੇ। ਇਹ ਇਲਾਕਾ ਮੁਸਲਿਮ, ਯਹੂਦੀ ਤੇ ਇਸਾਈਆਂ ਤਿੰਨਾਂ ਲਈ ਪਵਿੱਤਰ ਹੈ। 1947 ’ਚ ਸੰਯੁਕਤ ਰਾਸ਼ਟਰ ਦਾ ਫਲਸਤੀਨ ਨੂੰ ਯਹੂਦੀਆਂ-ਅਰਬਾਂ ’ਚ ਵੰਡਣ ਦਾ ਐਲਾਨ ਫੇਲ ਹੋ ਗਿਆ। 14 ਮਈ, 1948 ਨੂੰ ਇਜ਼ਰਾਈਲ ਦੀ ਸਥਾਪਨਾ ਹੋਈ। ਇਸ ਦੇ ਨਾਲ ਖੇਤਰੀ ਵਿਵਾਦ ਸ਼ੁਰੂ ਹੋਇਆ। ਅਗਲੇ ਦਿਨ ਮਿਸਰ, ਜੋਰਡਨ, ਸੀਰੀਆ ਤੇ ਇਰਾਕ ਨੇ ਹਮਲਾ ਕਰ ਦਿੱਤਾ। ਯੁੱਧ ਰੁਕਣ ’ਤੇ ਸੰਯੁਕਤ ਰਾਸ਼ਟਰ ਨੇ ਅਰਬ ਰਾਜ ਲਈ ਅੱਧੀ ਜ਼ਮੀਨ ਤੈਅ ਕੀਤੀ। 1967 ’ਚ 6 ਦਿਨਾਂ ਤਕ ਚੱਲਿਆ ਅਰਬ-ਇਜ਼ਰਾਈਲ ਸੰਘਰਸ਼ ਇਥੇ ਆਖਰੀ ਵੱਡੀ ਲੜਾਈ ਸੀ। ਉਦੋਂ ਤੋਂ ਦੋਵਾਂ ਪਾਸਿਓਂ ਹਮਲਿਆਂ ਦਾ ਦੌਰ ਜਾਰੀ ਹੈ।

ਹਮਲੇ ਤੋਂ ਦੁਨੀਆ ਹੈਰਾਨ

ਪੱਛਮੀ ਦੇਸ਼ ਇਜ਼ਰਾਈਲ ਦੇ ਨਾਲ

  • ਅਮਰੀਕੀ ਡਿਫੈਂਸ ਸੈਕਟਰੀ ਲਾਇਡ ਆਸਟਿਨ ਨੇ ਕਿਹਾ ਹੈ ਕਿ ਉਹ ਇਸ ਗੱਲ ਦਾ ਧਿਆਨ ਰੱਖਣਗੇ ਕਿ ਇਜ਼ਰਾਈਲ ਨੂੰ ਆਪਣੀ ਸੁਰੱਖਿਆ ’ਚ ਕਿਸੇ ਤਰ੍ਹਾਂ ਦੀ ਘਾਟ ਨਾ ਰਹੇ।
  • ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਹੈ ਕਿ ਉਹ ਹਮਾਸ ਦੇ ਹਮਲੇ ਤੋਂ ਹੈਰਾਨ ਹਨ। ਇਜ਼ਰਾਈਲ ਨੂੰ ਸੁਰੱਖਿਆ ਦਾ ਹੱਕ ਹੈ।
  • ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਨ ਨੇ ਕਿਹਾ ਕਿ ਉਹ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਹਨ।

ਈਰਾਨ, ਕਤਰ ਇਜ਼ਰਾਈਲ ਦੇ ਵਿਰੋਧ ’ਚ

  • ਈਰਾਨ ਦੇ ਸਰਵਉੱਚ ਨੇਤਾ ਅਲੀ ਖਾਮੇਨੇਈ ਦੇ ਸਲਾਹਕਾਰ ਨੇ ਕਿਹਾ ਕਿ ਫਲਸਤੀਨ ਤੇ ਯੇਰੂਸ਼ਲਮ ਦੀ ਆਜ਼ਾਦੀ ਤਕ ਉਹ ਫਲਸਤੀਨੀ ਲੜਾਕਿਆਂ ਨਾਲ ਖੜ੍ਹੇ ਰਹਿਣਗੇ।
  • ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨੇ ਵਾਰ-ਵਾਰ ਇਜ਼ਰਾਈਲ ਨੂੰ ਕਬਜ਼ੇ, ਫਲਸਤੀਨੀ ਨਾਗਰਿਕਾਂ ਦੇ ਅਧਿਕਾਰਾਂ ਤੋਂ ਵਾਂਝੇ ਰੱਖਣ ਪ੍ਰਤੀ ਚਿਤਾਵਨੀ ਦਿੱਤੀ ਸੀ।
  • ਕਤਰ ਨੇ ਗਲੋਬਲ ਭਾਈਚਾਰੇ ਨੂੰ ਕਦਮ ਚੁੱਕਣ ਲਈ ਕਿਹਾ ਹੈ ਤਾਂ ਕਿ ਇਜ਼ਰਾਈਲ ਨੂੰ ਅੰਤਰਰਾਸ਼ਟਰੀ ਕਾਨੂੰਨ ਤੋੜਨ ਤੋਂ ਰੋਕਿਆ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News