ਕੋਰੋਨਾ ਕਾਰਨ ਸਵਾਲਾਂ ''ਚ ਘਿਰੇ ਇਜ਼ਰਾਇਲ ਦੇ ਸਿਹਤ ਮੰਤਰੀ, ਕੀਤੀ ਅਸਤੀਫੇ ਦੀ ਪੇਸ਼ਕਸ਼
Monday, Apr 27, 2020 - 09:41 AM (IST)

ਤੇਲ ਅਵੀਵ- ਇਜ਼ਰਾਇਲ ਵਿਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਦੇ ਤਰੀਕਿਆਂ 'ਤੇ ਲੋਕਾਂ ਦਾ ਗੁੱਸਾ ਸਿਹਤ ਮੰਤਰੀ 'ਤੇ ਉਤਰ ਰਿਹਾ ਹੈ। ਇਸ ਦੇ ਬਾਅਦ ਹੁਣ ਸਿਹਤ ਮੰਤਰੀ ਯਾਕੋਵ ਲਿਤਜਮੈਨ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਅਸਲ ਵਿਚ ਦੇਸ਼ ਵਿਚ ਹੁਣ ਫਿਰ ਤੋਂ ਸਰਕਾਰ ਦਾ ਗਠਨ ਹੋਵੇਗਾ ਅਤੇ ਉਨ੍ਹਾਂ ਨੇ ਪੀ. ਐੱਮ. ਬੈਂਜਾਮਿਨ ਨੇਤਨਯਾਹੂ ਨੂੰ ਕਿਹਾ ਕਿ ਉਹ ਸਿਹਤ ਮੰਤਰਾਲੇ ਤੋਂ ਅਸਤੀਫਾ ਦੇਣਾ ਚਾਹੁੰਦੇ ਹਨ। ਹਾਲਾਂਕਿ, ਉਨ੍ਹਾਂ ਨੇ ਨੇਤਨਯਾਹੂ ਦੇ ਨਾਂ ਚਿੱਠੀ ਵਿਚ ਸਿਹਤ ਮੰਤਰਾਲੇ ਵਿਚ ਕੋਰੋਨਾ ਨਾਲ ਲੜਨ ਦੀ ਆਪਣੇ ਪ੍ਰਦਰਸ਼ਨ ਦਾ ਕੋਈ ਜ਼ਿਕਰ ਨਹੀਂ ਕੀਤਾ। ਮਹੱਤਵਪੂਰਣ ਗੱਲ ਇਹ ਹੈ ਕਿ ਤਕਰੀਬਨ ਇਕ ਦਹਾਕੇ ਤੋਂ ਉਹ ਸਿਹਤ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ, ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਕੰਸਟਰਕਸ਼ਨ ਮੰਤਰਾਲੇ ਦੀ ਜ਼ਿੰਮੇਵਾਰੀ ਦੇਖਣਾ ਚਾਹੁਣਗੇ।
ਆਪਣੇ ਬਿਆਨ ਵਿਚ ਉਨ੍ਹਾਂ ਕਿਹਾ ਕਿ ਉਹ ਚੌਥੀ ਵਾਰ ਸਿਹਤ ਮੰਤਰੀ ਨਹੀਂ ਬਣਨਾ ਚਾਹੁੰਦੇ ਅਤੇ ਉਹ ਹਾਊਸਿੰਗ ਮਨਿਸਟਰੀ ਦੀ ਜ਼ਿੰਮੇਵਾਰੀ ਸੰਭਾਲਦੇ ਹੋਏ ਦੇਸ਼ ਦੇ ਆਵਾਸੀ ਸੰਕਟ 'ਤੇ ਕੰਮ ਕਰਨਾ ਚਾਹੁੰਦੇ ਹਨ। ਸਰਕਾਰ ਹਾਲਾਂਕਿ ਜਨਤਕ ਤੌਰ 'ਤੇ ਕੋਰੋਨਾ ਵਾਇਰਸ ਨੂੰ ਰੋਕਣ ਵਿਚ ਆਪਣੀਆਂ ਸਿਫਤਾਂ ਕਰਦੀ ਰਹੀ ਹੈ। ਇਜ਼ਰਾਇਲ ਵਿਚ ਕੋਰੋਨਾ ਦੇ 15 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਤਕਰੀਬਨ 200 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹਾਲਾਂਕਿ ਇਜ਼ਰਾਇਲ ਵਿਚ ਕੋਰੋਨਾ ਵਾਇਰਸ ਦੀ ਰੋਕਥਾਮ ਵਿਚ ਖੁਫੀਆ ਏਜੰਸੀ ਮੋਸਾਦ ਦੀ ਵੱਡੀ ਭੂਮਿਕਾ ਮੰਨੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੋਸਾਦ ਦੇ ਮੁਖੀ ਨੇ ਹੀ ਕੋਰੋਨਾ ਦੇ ਮਾਮਲੇ ਨੂੰ ਸੰਭਾਲਿਆ ਹੈ ਅਤੇ ਸਿਹਤ ਮੰਤਰਾਲਾ ਦੀ ਆਲੋਚਨਾ ਵੀ ਇਸ ਲਈ ਹੋ ਰਹੀ ਹੈ। ਮੋਸਾਦ ਮੁਖੀਕੋਹਨ ਨੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੇਸ ਆਉਣ ਦੇ ਬਾਅਦ ਦੁਨੀਆ ਭਰ ਵਿਚ ਆਪਣੇ ਏਜੰਟਾਂ ਨੂੰ ਐਕਟਿਵ ਕਰ ਦਿੱਤਾ ਸੀ ਤੇ ਸਿਹਤ ਸਬੰਧੀ ਉਪਕਰਣ ਮੰਗਾਉਣੇ ਸ਼ੁਰੂ ਕਰ ਦਿੱਤੇ ਸਨ। ਕੋਰੋਨਾ ਸਬੰਧੀ ਤਿਆਰੀਆਂ ਨੂੰ ਉਹ ਹੀ ਦੇਖ ਰਹੇ ਸਨ। ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਨੇ ਖੁਦ ਸਰਕਾਰ ਦੇ ਹੁਕਮ ਦਾ ਉਲੰਘਣ ਕਰਦੇ ਹੋਏ ਜਨਤਕ ਸਥਾਨ 'ਤੇ ਪ੍ਰਾਰਥਨਾ ਕੀਤੀ ਸੀ, ਜਿਸ ਦੇ ਬਾਅਦ ਉਹ ਵੀ ਕੋਰੋਨਾ ਦੀ ਲਪੇਟ ਵਿਚ ਆ ਗਏ ਸਨ। ਐਤਵਾਰ ਤੋਂ ਇਜ਼ਰਾਇਲ ਨੇ ਲਾਕਡਾਊਨ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ।