ਇਜ਼ਰਾਈਲ ਨੇ ਜੇਲ ਤੋਂ ਭੱਜੇ 4 ਫਿਲਸਤੀਨੀ ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ
Monday, Sep 13, 2021 - 11:18 AM (IST)
ਯੇਰੂਸ਼ਲਮ (ਯੂ. ਐੱਨ. ਆਈ.) – ਇਜ਼ਰਾਈਲ ਨੇ ਜੇਲ ਤੋਂ ਫਰਾਰ ਫਿਲਸਤੀਨੀ ਅੱਤਵਾਦੀਆਂ ’ਚੋਂ 4 ਨੂੰ ਫਿਰ ਤੋਂ ਫੜ ਲਿਆ ਹੈ, ਜੋ ਇਸ ਹਫਤੇ ਦੇ ਸ਼ੁਰੂ ’ਚ ਉੱਚ ਸੁਰੱਖਿਆ ਵਾਲੀ ਜੇਲ ਤੋਂ ਭੱਜ ਗਏ ਸਨ। ਅੱਤਵਾਦੀਆਂ ਦੇ ਸੋਮਵਾਰ ਨੂੰ ਜੇਲ ਤੋਂ ਭੱਜਣ ਤੋਂ ਬਾਅਦ ਵੱਡੇ ਪੱਧਰ ’ਤੇ ਤਲਾਸ਼ੀ ਲਈ ਕਬਜ਼ੇ ਵਾਲੇ ਵੈਸਟ ਬੈਂਕ ’ਚ ਫੌਜ ਨੇ ਡੇਰਾ ਪਾਇਆ ਹੋਇਆ ਸੀ। ਜਿਨ੍ਹਾਂ 2 ਭਗੌੜਿਆਂ ਨੂੰ ਫੜਿਆ ਗਿਆ ਸੀ, ਉਹ ਉੱਤਰੀ ਇਜ਼ਰਾਈਲ ਦੇ ਨਾਸਰਤ ਦੇ ਬਾਹਰ ਖੜ੍ਹੀ ਇਕ ਲਾਰੀ ਵਿਚ ਲੁਕੇ ਹੋਏ ਪਾਏ ਗਏ ਸਨ।
2 ਅੱਤਵਾਦੀਆਂ ਵਿਚੋਂ ਇਕ ਦੀ ਪਛਾਣ ਜ਼ਕਰੀਆ ਜ਼ੁਬੈਦੀ (45) ਵਜੋਂ ਹੋਈ ਹੈ, ਜੋ ਵੈਸਟ ਬੈਂਕ ਦੇ ਸ਼ਹਿਰ ਜੇਨਿਨ ਵਿਚ ਫਿਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਦੇ ਫਤਿਹ ਅੰਦੋਲਨ ਦਾ ਇਕ ਸਾਬਕਾ ਅੱਤਵਾਦੀ ਨੇਤਾ ਹੈ, ਜਦੋਂ ਕਿ ਦੂਜੇ ਅੱਤਵਾਦੀ ਦੀ ਪਛਾਣ ਮੁਹੰਮਦ ਅਰਦਾਹ (39) ਵਜੋਂ ਹੋਈ ਹੈ। ਇਸਲਾਮਿਕ ਜੇਹਾਦ ਦੇ ਹਥਿਆਰਬੰਦ ਵਿੰਗ ਵਿਚ ਭੂਮਿਕਾ ਪਾਏ ਜਾਣ ਤੋਂ ਬਾਅਦ 2002 ਵਿਚ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸ਼ਾਮ ਨੂੰ, ਪੁਲਸ ਨੇ ਭਗੌੜੇ ਇਸਲਾਮਿਕ ਜੇਹਾਦ ਦੇ 2 ਮੈਂਬਰ ਯਾਕੂਬ ਕਾਦਰੀ (48) ਅਤੇ ਮਹਿਮੂਦ ਅਬਦੁੱਲਾ ਅਰਦਾਹ (45) ਨੂੰ ਦੁਬਾਰਾ ਗ੍ਰਿਫਤਾਰ ਕੀਤਾ। ਅਰਦਾਹ ਜੇਲ ਤੋਂ ਭੱਜਣ ਦਾ ਮਾਸਟਰਮਾਈਂਡ ਸੀ। ਬਾਕੀ 2 ਭਗੌੜੇ ਅੱਤਵਾਦੀਆਂ ਦੀ ਭਾਲ ਅਜੇ ਵੀ ਜਾਰੀ ਹੈ।