ਇਜ਼ਰਾਇਲ ਦਾ ਵੱਡਾ ਫ਼ੈਸਲਾ, 5 ਤੋਂ 11 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਲੱਗੇਗੀ ਕੋਰੋਨਾ ਵੈਕਸੀਨ
Monday, Nov 15, 2021 - 11:22 AM (IST)
ਯੇਰੂਸ਼ਲਮ (ਭਾਸ਼ਾ): ਇਜ਼ਰਾਇਲ ਨੇ 5 ਤੋਂ 11 ਸਾਲ ਦੇ ਬੱਚਿਆਂ ਨੂੰ ਕੋਵਿਡ-19 ਰੋਕੂ ਟੀਕਾ ਲਗਾਉਣ ਦੀ ਐਤਵਾਰ ਨੂੰ ਮਨਜ਼ੂਰੀ ਦੇ ਦਿੱਤੀ। ਅਮਰੀਕੀ ਅਧਿਕਾਰੀਆਂ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਇਸ ਉਮਰ ਵਰਗ ਦੇ ਬੱਚਿਆਂ ਨੂੰ ਟੀਕਾ ਲਗਾਉਣ ਦੀ ਮਨਜ਼ੂਰੀ ਦਿੱਤੀ ਸੀ। ਇਸੇ ਪਿੱਠਭੂਮੀ ਵਿਚ ਇਜ਼ਰਾਇਲ ਦੇ ਸਿਹਤ ਮੰਤਰਾਲਾ ਨੇ ਵੀ ਇਹ ਫ਼ੈਸਲਾ ਲਿਆ। ਇਜ਼ਰਾਇਲ ਆਪਣੀ ਬਾਲਗ ਅਤੇ ਨਾਬਾਲਗ ਆਬਾਦੀ ਲਈ ਵਿਆਪਕ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਵਾਲੇ ਦੁਨੀਆ ਦੇ ਪਹਿਲੇ ਦੇਸ਼ਾਂ ਵਿਚੋਂ ਇਕ ਸੀ। ਉਸ ਨੇ ਇਨ੍ਹਾਂ ਗਰਮੀਆਂ ਵਿਚ ਟੀਕੇ ਦੀ ਵਾਧੂ ਖ਼ੁਰਾਕ ਦੇਣ ਦੀ ਇਕ ਵਿਆਪਕ ਮੁਹਿੰਮ ਵੀ ਚਲਾਈ ਸੀ ਅਤੇ ਅਜਿਹਾ ਕਰਨ ਵਾਲਾ ਵੀ ਉਹ ਪਹਿਲਾ ਦੇਸ਼ ਸੀ।
ਮਾਹਰਾਂ ਦਾ ਕਹਿਣਾ ਹੈ ਕਿ ਇਜ਼ਰਾਇਲ ਦੇ ਤੇਜ਼ੀ ਨਾਲ ਟੀਕਾਕਰਨ ਦੇ ਯਤਨਾਂ ਕਾਰਨ ਹੀ ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਿਆ ਜਾ ਸਕਿਆ ਹੈ ਅਤੇ ਇਸ ਦੇ ਡੈਲਟਾ ਵੈਰੀਐਂਟ ਦੇ ਪ੍ਰਕੋਪ ਨੂੰ ਵੀ ਕਾਬੂ ਕੀਤਾ ਜਾ ਸਕਿਆ ਹੈ। ਸਿਹਤ ਮੰਤਰਾਲਾ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਮੰਤਰਾਲਾ ਦੇ ਡਾਇਰੈਕਟਰ ਜਨਰਲ ਡਾ. ਨਾਚਮੈਨ ਐਸ਼ ਨੇ ਬੱਚਿਆਂ ਨੂੰ ਫਾਈਜ਼ਰ/ਬਾਇਓਐਨਟੈਕ ਦਾ ਟੀਕਾ ਲਗਾਉਣ ਦੀ ਮਾਹਰ ਸਲਾਹਕਾਰਾਂ ਦੀ ਸਿਫਾਰਿਸ਼ ਸਵੀਕਾਰ ਕਰ ਲਈ ਹੈ। ਇਸ ਵਿਚ ਕਿਹਾ ਗਿਆ ਕਿ ਜ਼ਿਆਦਾਤਰ ਸਲਾਹਕਾਰਾਂ ਦਾ ਇਹ ਮੰਨਣਾ ਹੈ ਕਿ ਟੀਕੇ ਦੇ ਲਾਭ ਇਸ ਦੇ ਜੋਖ਼ਮ ਦੇ ਮੁਕਾਬਲੇ ਕਿਤੇ ਜ਼ਿਆਦਾ ਹਨ। ਮੰਤਰਾਲਾ ਨੇ ਕਿਹਾ ਕਿ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੀ ਤਾਰੀਖ਼ ਦਾ ਐਲਾਨ ਜਲਦ ਹੀ ਕੀਤਾ ਜਾਏਗਾ।
ਇਹ ਵੀ ਪੜ੍ਹੋ : ਭਾਰਤੀ ਮੂਲ ਦੇ ਪਾਦਰੀ ਨੂੰ ਇੰਗਲੇਂਡ ’ਚ ਕੀਤਾ ਗਿਆ ਬਿਸ਼ਪ ਨਿਯੁਕਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।