ਆਇਰਲੈਂਡ: ਗੈਸ ਸਟੇਸ਼ਨ ''ਚ ਧਮਾਕਾ, 7 ਲੋਕਾਂ ਦੀ ਮੌਤ, ਕਈ ਲਾਪਤਾ
Saturday, Oct 08, 2022 - 04:33 PM (IST)

ਲੰਡਨ (ਭਾਸ਼ਾ)- ਉੱਤਰੀ-ਪੱਛਮੀ ਆਇਰਲੈਂਡ ਦੇ ਇੱਕ ਪਿੰਡ ਵਿੱਚ ਇੱਕ ਗੈਸ ਸਟੇਸ਼ਨ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ 7 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਐਮਰਜੈਂਸੀ ਕਰਮਚਾਰੀਆਂ ਨੇ ਦੇਰ ਰਾਤ ਤੱਕ ਪੀੜਤਾਂ ਦੀ ਭਾਲ ਜਾਰੀ ਰੱਖੀ। ਆਇਰਲੈਂਡ ਵਿੱਚ ਪੁਲਸ ਨੇ ਸ਼ਨੀਵਾਰ ਨੂੰ ਕਿਹਾ ਕਿ ਕਾਉਂਟੀ ਡੋਨੇਗਲ ਦੇ ਕ੍ਰਿਸਲੋ ਕਸਬੇ ਵਿੱਚ ਐਪਲਗ੍ਰੀਨ ਸਰਵਿਸ ਸਟੇਸ਼ਨ ਵਿੱਚ ਹੋਏ ਧਮਾਕੇ ਤੋਂ ਬਾਅਦ ਰਾਤ ਭਰ ਵਿਚ 4 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ, ਇਸ ਤੋਂ ਬਾਅਦ 3 ਹੋਰ ਮੌਤਾਂ ਦੀ ਸੂਚਨਾ ਮਿਲੀ। ਘੱਟੋ-ਘੱਟ ਅੱਠ ਲੋਕ ਹਸਪਤਾਲ ਵਿੱਚ ਦਾਖ਼ਲ ਹਨ ਅਤੇ ਕਈ ਲਾਪਤਾ ਹਨ।
ਪੁਲਿਸ ਫੋਰਸ, ਐਨ ਗਾਰਡਾ ਸਿਓਚਨਾ ਦੇ ਅਨੁਸਾਰ, "ਦੂਜਿਆਂ ਨੂੰ ਲੱਭਣ ਲਈ ਮੁਹਿੰਮ ਜਾਰੀ ਹੈ।" ਆਇਰਲੈਂਡ ਅਤੇ ਗੁਆਂਢੀ ਉੱਤਰੀ ਆਇਰਲੈਂਡ ਵਿੱਚ ਐਮਰਜੈਂਸੀ ਕਰਮਚਾਰੀ ਪੁਲਸ ਦੇ ਨਾਲ ਇੱਕ "ਖੋਜ ਮੁਹਿੰਮ" ਵਿੱਚ ਲੱਗੇ ਹੋਏ ਹਨ। ਧਮਾਕੇ ਕਾਰਨ ਗੈਸ ਸਟੇਸ਼ਨ ਦੀ ਇਮਾਰਤ ਢਹਿ ਗਈ ਹੈ। ਇਸ ਵਿੱਚ ਪਿੰਡ ਦੀ ਇੱਕ ਮੁੱਖ ਦੁਕਾਨ ਅਤੇ ਡਾਕਖਾਨਾ ਮੌਜੂਦ ਸੀ। ਧਮਾਕੇ ਕਾਰਨ ਆਸ-ਪਾਸ ਦੀਆਂ ਹੋਰ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਾ ਹੈ। ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਆਇਰਿਸ਼ ਪ੍ਰਧਾਨ ਮੰਤਰੀ ਮਾਈਕਲ ਮਾਰਟਿਨ ਨੇ ਕਿਹਾ ਕਿ ਇਹ "ਡੋਨੇਗਲ ਅਤੇ ਸਮੁੱਚੇ ਦੇਸ਼ ਲਈ ਸਭ ਤੋਂ ਬੁਰੇ ਦਿਨਾਂ ਵਿੱਚੋਂ ਇੱਕ ਸੀ"।