ਪ੍ਰਮਾਣੂ ਵਿਗਿਆਨੀ ਦੀ ਹੱਤਿਆ ਦਾ ਬਦਲਾ ਲਵੇਗਾ ਈਰਾਨ
Saturday, Nov 28, 2020 - 11:38 PM (IST)
ਤਹਿਰਾਨ – ਈਰਾਨ ਦੇ ਸਰਵਉੱਚ ਨੇਤਾ ਨੇ ਦੇਸ਼ ਦੇ ਫੌਜੀ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੇ ਇਕ ਵਿਗਿਆਨੀ ਦੀ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਨੂੰ ਯਕੀਨੀ ਸਜ਼ਾ ਦੇਣ ਦਾ ਸੱਦਾ ਦਿੱਤਾ ਹੈ। ਈਰਾਨ ਨੇ ਇਸ ਹੱਤਿਆ ਲਈ ਇਜ਼ਰਾਇਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਜ਼ਰਾਇਲ ਨੇ ਇਸ ਵਿਸ਼ੇ ’ਤੇ ਅਜੇ ਤਕ ਕੋਈ ਟਿੱਪਣੀ ਨਹੀਂ ਕੀਤੀ।
ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਤਣਾਅ ਦਰਮਿਆਨ ਵਿਗਿਆਨੀਆਂ ਦੀ ਹੱਤਿਆ ’ਤੇ ਸ਼ੱਕ ਦੀ ਸੂਈ ਇਜ਼ਰਾਇਲ ’ਤੇ ਉੱਠਦੀ ਰਹੀ ਹੈ। ਮੋਹਸਿਨ ’ਤੇ ਜਿਸ ਢੰਗ ਨਾਲ ਹਮਲਾ ਕੀਤਾ ਗਿਆ, ਉਹ ਬੜੀ ਸਾਵਧਾਨੀ ਨਾਲ ਯੋਜਨਾ ਬਣਾ ਕੇ ਫੌਜੀਆਂ ਵਲੋਂ ਘਾਤ ਲਾ ਕੇ ਕੀਤਾ ਗਿਆ ਹਮਲਾ ਜਾਪਦਾ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡੇਨ ਕਹਿ ਚੁੱਕੇ ਹਨ ਕਿ ਉਨ੍ਹਾਂ ਦਾ ਪ੍ਰਸ਼ਾਸਨ ਦੁਨੀਆ ਦੀਆਂ ਹੋਰ ਤਾਕਤਾਂ ਨਾਲ ਤਹਿਰਾਨ ਦੇ ਪ੍ਰਮਾਣੂ ਕਰਾਰ ’ਤੇ ਵਾਪਸ ਆ ਸਕਦਾ ਹੈ, ਜਿਸ ਤੋਂ ਟਰੰਪ ਪ੍ਰਸ਼ਾਸਨ ਪਿੱਛੇ ਹਟ ਗਿਆ ਸੀ।
ਸ਼ੁੱਕਰਵਾਰ ਨੂੰ ਈਰਾਨ ਦੇ ਰੱਖਿਆ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕਿਹਾ ਕਿ ਹਥਿਆਰਬੰਦ ਅੱਤਵਾਦੀਆਂ ਨੇ ਰੱਖਿਆ ਮੰਤਰਾਲੇ ਦੇ ਖੋਜ ਅਤੇ ਨਵੀਨਤਾ ਵਿਭਾਗ ਦੇ ਪ੍ਰਮੁੱਖ ਮੋਹਸਿਨ ਫਖਰੀਜ਼ਾਦੇਹ ਨੂੰ ਲਿਜਾ ਰਹੀ ਕਾਰ ਨੂੰ ਨਿਸ਼ਾਨਾ ਬਣਾਇਆ। ਅੱਤਵਾਦੀਆਂ ਅਤੇ ਉਨ੍ਹਾਂ ਦੇ ਬਾਡੀਗਾਰਡਾਂ ਵਿਚਾਲੇ ਹੋਈ ਝੜਪ ਵਿਚ ਫਖਰੀਜ਼ਾਦੇਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਬਦ-ਕਿਸਮਤੀ ਨਾਲ ਉਨ੍ਹਾਂ ਨੂੰ ਬਚਾਉਣ ਦੀ ਮੈਡੀਕਲ ਟੀਮ ਦੀਆਂ ਤਮਾਮ ਕੋਸ਼ਿਸ਼ਾਂ ਨਾਕਾਮ ਰਹੀਆਂ। ਈਰਾਨ ਦੀ ਨਿਊਜ਼ ਏਜੰਸੀ ਫਾਰਸ ਮੁਤਾਬਕ ਗਵਾਹਾਂ ਨੇ ਪਹਿਲੇ ਧਮਾਕੇ ਅਤੇ ਫਿਰ ਮਸ਼ੀਨ ਗਨ ਨਾਲ ਕੀਤੀ ਫਾਇਰਿੰਗ ਦੀ ਆਵਾਜ਼ ਸੁਣੀ ਸੀ। ਏਜੰਸੀ ਮੁਤਾਬਕ ਗਵਾਹਾਂ ਨੇ 3-4 ਅੱਤਵਾਦੀਆਂ ਦੇ ਵੀ ਮਾਰੇ ਜਾਣ ਦੀ ਗੱਲ ਕਹੀ ਹੈ।