ਈਰਾਨ ਨੇ ਅਮਰੀਕਾ ਵਲੋਂ ਕੀਤੇ ਗਏ ਸਾਈਬਰ ਹਮਲੇ ਦੀਆਂ ਖਬਰਾਂ ਨੂੰ ਕੀਤਾ ਖਾਰਜ

06/24/2019 2:58:22 PM

ਵਾਸ਼ਿੰਗਟਨ— ਈਰਾਨ ਨੇ ਅਮਰੀਕਾ ਵਲੋਂ ਸਾਈਬਰ ਹਮਲਾ ਕੀਤੇ ਜਾਣ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ। ਸੋਮਵਾਰ ਨੂੰ ਈਰਾਨ ਨੇ ਕਿਹਾ ਕਿ ਇਸਲਾਮਕ ਗਣਰਾਜ ਖਿਲਾਫ ਕੀਤਾ ਗਿਆ ਕੋਈ ਵੀ ਸਾਈਬਰ ਹਮਲਾ ਕਦੇ ਕਾਮਯਾਬ ਨਹੀਂ ਹੋਇਆ ਹੈ। ਅਮਰੀਕੀ ਮੀਡੀਆ ਦੀਆਂ ਖਬਰਾਂ 'ਚ ਵਾਸ਼ਿੰਗਟਨ ਵਲੋਂ ਈਰਾਨ 'ਤੇ ਸਾਈਬਰ ਹਮਲਾ ਕਰਨ ਦਾ ਦਾਅਵਾ ਕੀਤਾ ਗਿਆ ਸੀ। ਈਰਾਨ ਦੇ ਟੈਲੀਕਮਿਊਨਿਕੇਸ਼ਨ ਮੰਤਰੀ ਜਵਾਦ ਅਜ਼ਰੀ ਜਹਰੋਮੀ ਨੇ ਟਵੀਟ ਕੀਤਾ,''ਮੀਡੀਆ ਈਰਾਨ ਖਿਲਾਫ ਕਥਿਤ ਸਾਈਬਰ ਹਮਲੇ ਦੀ ਸੱਚਾਈ ਬਾਰੇ ਪੁੱਛ ਰਿਹਾ ਹੈ। ਉਨ੍ਹਾਂ ਵਲੋਂ ਸਫਲ ਹਮਲੇ ਨਹੀਂ ਕੀਤੇ ਗਏ, ਹਾਲਾਂਕਿ ਉਹ ਅਜਿਹਾ ਕਰਨ ਦੀ ਕਾਫੀ ਕੋਸ਼ਿਸ਼ ਕਰ ਰਹੇ ਹਨ।'' 

ਅਮਰੀਕਾ ਦੀ ਮੀਡੀਆ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਵਾਸ਼ਿੰਗਟਨ ਨੇ ਈਰਾਨ ਦੀ ਮਿਸਾਇਲ ਕੰਟਰੋਲ ਪ੍ਰਣਾਲੀ ਅਤੇ ਇਕ ਖੁਫੀਆ ਤੰਤਰ 'ਤੇ ਇਸ ਹਫਤੇ ਸਾਈਬਰ ਹਮਲੇ ਕੀਤੇ ਹਨ। ਖਬਰਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਈਰਾਨ ਦੇ ਅਮਰੀਕੀ ਨਿਗਰਾਨੀ ਡਰੋਨ ਸੁੱਟਣ ਦੇ ਬਾਅਦ ਇਹ ਜਵਾਬੀ ਕਾਰਵਾਈ ਕੀਤੀ ਗਈ ਸੀ। ਈਰਾਨ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਉਸ ਦੇ ਹਵਾਈ ਅੱਡੇ ਦਾ ਉਲੰਘਣ ਕਰ ਰਿਹਾ ਸੀ। ਡਰੋਨ ਹਮਲੇ ਮਗਰੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਹਮਲਾ ਕਰਨ ਦੀ ਗੱਲ ਆਖੀ ਸੀ। ਬਾਅਦ 'ਚ ਉਨ੍ਹਾਂ ਨੇ ਹਮਲੇ ਦਾ ਵਿਚਾਰ ਤਿਆਗ ਕੇ ਸ਼ਨੀਵਾਰ ਨੂੰ ਕਿਹਾ ਕਿ ਅਮਰੀਕਾ ਅਗਲੇ ਹਫਤੇ ਈਰਾਨ 'ਤੇ ਵੱਡੀ ਰੋਕ ਲਗਾਵੇਗਾ। ਇਸ ਤੋਂ ਪਹਿਲਾਂ ਅਮਰੀਕਾ ਨੇ ਓਮਾਨ ਦੀ ਖਾੜੀ 'ਚ ਟੈਂਕਰਾਂ 'ਤੇ ਹੋਏ ਹਮਲੇ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਜ਼ਿਕਰਯੋਗ ਹੈ ਕਿ ਈਰਾਨ ਦੇ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਦੇ ਵੱਖਰੇ ਹੋਣ ਦੇ ਬਾਅਦ ਤੋਂ ਹੀ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਬਣਿਆ ਹੋਇਆ ਹੈ।


Related News