ਭਾਰਤ ਨੂੰ ਅਰਬਾਂ ਡਾਲਰ ਦਾ ਝਟਕਾ, ਈਰਾਨ-ਚੀਨ ਵਿਚਾਲੇ ਹੋਇਆ ਵੱਡਾ ਵਪਾਰਕ ਸਮਝੌਤਾ
Tuesday, May 18, 2021 - 04:41 PM (IST)

ਤੇਹਰਾਨ (ਬਿਊਰੋ): ਅਮਰੀਕੀ ਪਾਬੰਦੀਆਂ ਵਿਚਾਲੇ ਚੀਨ ਨਾਲ ਦੋਸਤੀ ਵਧਾ ਰਹੇ ਈਰਾਨ ਨੇ ਭਾਰਤ ਨੂੰ ਅਰਬਾਂ ਡਾਲਰ ਦਾ ਝਟਕਾ ਦਿੱਤਾ ਹੈ। ਈਰਾਨ ਨੇ ਭਾਰਤ ਨੂੰ ਫਰਜਾਦ ਬੀ ਗੈਸ ਪ੍ਰਾਜੈਕਟ ਤੋਂ ਬਾਹਰ ਕਰ ਦਿੱਤਾ ਹੈ। ਇਸ ਗੈਸ ਫੀਲਡ ਦੀ ਖੋਜ ਭਾਰਤ ਦੀ ਓ.ਐੱਨ.ਜੀ.ਸੀ. ਵਿਦੇਸ਼ ਲਿਮੀਟਿਡ ਨੇ ਕੀਤੀ ਸੀ। ਈਰਾਨ ਨੇ ਹੁਣ ਇਸ ਗੈਸ ਫੀਲਡ ਨੂੰ ਖੁਦ ਹੀ ਵਿਕਸਿਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਈਰਾਨ ਨੇ ਚਾਬਹਾਰ ਰੇਲਵੇ ਲਿੰਕ ਪ੍ਰਾਜੈਕਟ ਲਈ ਭਾਰਤ ਦੇ 2 ਅਰਬ ਡਾਲਰ ਦੇ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਸੀ। ਪੈਸੇ ਦੀ ਕਮੀ ਨਾਲ ਜੂਝ ਰਹੇ ਈਰਾਨ ਨੇ ਅਚਾਨਕ ਤੋਂ ਅਜਿਹਾ ਕਿਉਂ ਕੀਤਾ ਇਸ ਬਾਰੇ ਵਿਸਥਾਰ ਨਾਲ ਸਮਝਦੇ ਹਾਂ।
ਈਰਾਨ ਨੇ ਇਸੇ ਸਾਲ ਚੀਨ ਨਾਲ 25 ਸਾਲ ਲਈ 400 ਅਰਬ ਡਾਲਰ ਦਾ ਸਮਝੌਤਾ ਕੀਤਾ ਹੈ। ਮਈ 2018 ਵਿਚ ਪਰਮਾਣੂ ਸਮਝੌਤੇ ਤੋਂ ਅਮਰੀਕਾ ਦੇ ਹਟਣ ਮਗਰੋਂ ਈਰਾਨ ਬੁਰੀ ਤਰ੍ਹਾਂ ਨਾਲ ਅਮਰੀਕੀ ਪਾਬੰਦੀਆਂ ਦੀ ਮਾਰ ਝੱਲ ਰਿਹਾ ਹੈ ਅਤੇ ਉਸ ਕੋਲ ਪੈਸੇ ਦੀ ਭਾਰੀ ਕਮੀ ਹੈ। ਚੀਨ ਨਾਲ ਮਹਾਸਮਝੌਤੇ ਦੇ ਬਾਅਦ ਹੁਣ ਈਰਾਨ ਕੋਲ ਕਾਫੀ ਪੈਸਾ ਆ ਰਿਹਾ ਹੈ। ਇਹੀ ਨਹੀ ਚੀਨ ਨੇ ਭਾਰਤ ਦੇ ਵਿਪਰੀਤ ਈਰਾਨ ਤੋਂ ਤੇਲ ਦੇ ਆਯਾਤ ਨੂੰ ਕਾਫੀ ਵਧਾ ਦਿੱਤਾ ਹੈ। ਇਸ ਨਾਲ ਵੀ ਈਰਾਨ ਨੂੰ ਚੀਨ ਤੋਂ ਕਾਫੀ ਪੈਸਾ ਮਿਲ ਰਿਹਾ ਹੈ। ਚੀਨ ਪੈਸੇ ਦੇ ਬਲ 'ਤੇ ਹੁਣ ਈਰਾਨ ਫਰਜਾਦ ਬੀ ਗੈਸ ਫੀਲਡ ਨੂੰ ਖੁਦ ਹੀ ਵਿਕਸਿਤ ਕਰਨ ਜਾ ਰਿਹਾ ਹੈ।
ਅਗਲੇ 25 ਸਾਲ ਤੱਕ ਈਰਾਨ ਤੋਂ ਖਰੀਦੇਗਾ ਤੇਲ
ਈਰਾਨ ਅਤੇ ਚੀਨ ਨੇ ਅਗਲੇ 10 ਸਾਲ ਵਿਚ ਦੋ-ਪੱਖੀ ਵਪਾਰ ਨੂੰ 10 ਗੁਣਾ ਵਧਾ ਕੇ 600 ਅਰਬ ਡਾਲਰ ਕਰਨ ਦਾ ਟੀਚਾ ਰੱਖਿਆ ਹੈ। ਚੀਨ-ਈਰਾਨ ਦੇ ਇਸ ਮਹਾਸਮਝੌਤੇ ਦੇ 18 ਸਫਿਆਂ ਦੇ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ ਚੀਨ ਬਹੁਤ ਘੱਟ ਕੀਮਤ ਵਿਚ ਅਗਲੇ 25 ਸਾਲ ਤੱਕ ਈਰਾਨ ਤੋਂ ਤੇਲ ਖਰੀਦੇਗਾ। ਇਸ ਦੇ ਬਦਲੇ ਵਿਚ ਚੀਨ ਬੈਕਿੰਗ, ਬੁਨਿਆਦੀ ਢਾਂਚੇ ਜਿਵੇਂ ਦੂਰਸੰਚਾਰ, ਬੰਦਰਗਾਹ, ਰੇਲਵੇ ਅਤੇ ਟਰਾਂਸਪੋਰਟ ਆਦਿ ਵਿਚ ਨਿਵੇਸ਼ ਕਰੇਗਾ।ਮੰਨਿਆ ਜਾ ਰਿਹਾ ਹੈ ਕਿ ਇਸ ਸਮਝੌਤੇ ਦੇ ਬਾਅਦ ਈਰਾਨ ਦੀ ਚੀਨ ਦੇ ਜੀ.ਪੀ.ਐੱਸ. ਕਹੇ ਜਾਣ ਵਾਲੇ ਬਾਇਦੂ ਤੱਕ ਪਹੁੰਚ ਹੋ ਜਾਵੇਗੀ। ਇਹੀ ਨਹੀਂ ਚੀਨ ਈਰਾਨ ਵਿਚ 5ਜੀ ਸਰਵਿਸ ਸ਼ੁਰੂ ਕਰਨ ਵਿਚ ਮਦਦ ਕਰ ਸਕਦਾ ਹੈ। ਚੀਨ ਈਰਾਨ ਦਾ ਸਭ ਤੋਂ ਵੱਡਾ ਵਪਾਰਕ ਹਿੱਸੇਦਾਰ ਹੈ।
ਪੜ੍ਹੋ ਇਹ ਅਹਿਮ ਖਬਰ- ਸਾਊਦੀ ਅਰਬ ਨੇ ਦਿੱਤਾ ਝਟਕਾ, ਭਾਰਤੀਆਂ ਨੂੰ ਛੱਡ ਪਾਕਿ ਲੋਕਾਂ ਨੂੰ ਦਿੱਤੀ ਯਾਤਰਾ ਦੀ ਮਨਜ਼ੂਰੀ
ਚੀਨ-ਈਰਾਨ ਸਮਝੌਤੇ ਵਿਚ ਮਿਲਟਰੀ ਸਹਿਯੋਗ ਜਿਵੇਂ ਹਥਿਆਰਾਂ ਦਾ ਵਿਕਾਸ, ਸੰਯੁਕਤ ਟਰੇਨਿੰਗ ਅਤੇ ਖੁਫੀਆ ਸੂਚਨਾਵਾਂ ਦੀ ਟਰੇਨਿੰਗ ਵੀ ਸ਼ਾਮਲ ਹੈ ਜੋ ਅੱਤਵਾਦ, ਨਸ਼ੀਲੇ ਪਦਾਰਥਾਂ ਅਤੇ ਇਨਸਾਨਾਂ ਦੀ ਤਸਕਰੀ ਅਤੇ ਸਰਹੱਦ ਪਾਰ ਅਪਰਾਧਾਂ ਨੂੰ ਰੋਕਣ ਲਈ ਹੋਵੇਗੀ। ਕਿਹਾ ਜਾ ਰਿਹਾ ਹੈ ਕਿ ਚੀਨ ਆਪਣੇ 5 ਹਜ਼ਾਰ ਸੈਨਿਕਾਂ ਨੂੰ ਵੀ ਈਰਾਨ ਵਿਚ ਤਾਇਨਾਤ ਕਰੇਗਾ। ਚੀਨ ਦੀ ਯੋਜਨਾ ਪਾਕਿਸਤਾਨ ਵਿਚ ਚੱਲ ਰਹੇ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ ਨੂੰ ਈਰਾਨ ਤੱਕ ਅੱਗੇ ਵਧਾਉਣ ਦੀ ਹੈ।
ਭਾਰਤੀ ਨਿਵੇਸ਼ ਲਈ ਸੰਕਟ
ਚੀਨ ਜੇਕਰ ਇਸ ਇਲਾਕੇ ਵਿਚ ਆਪਣੀ ਮਿਲਟਰੀ ਪਕੜ ਬਣਾ ਲੈਂਦਾ ਹੈ ਤਾਂ ਪੱਛਮੀ ਏਸ਼ੀਆ ਵਿਚ ਅਮਰੀਕੀ ਮਿਲਟਰੀ ਪ੍ਰਭਾਵ 'ਤੇ ਸੰਕਟ ਆ ਜਾਵੇਗਾ। ਚੀਨ ਅਫਰੀਕਾ ਦੇ ਜਿਬੂਤੀ ਵਿਚ ਪਹਿਲਾਂ ਹੀ ਵਿਸ਼ਾਲ ਬੇਸ ਬਣਾ ਚੁੱਕਾ ਹੈ। ਵਿਸ਼ਲੇਸ਼ਕਾਂ ਦੀ ਮੰਨੀਏ ਤਾਂ ਇਸ ਸਮਝੌਤੇ ਨਾਲ ਭਾਰਤ ਨੂੰ ਵੀ ਝਟਕਾ ਲੱਗ ਸਕਦਾ ਹੈ। ਭਾਰਤ ਨੇ ਈਰਾਨ ਦੇ ਬੰਦਰਗਾਹ ਚਾਬਹਾਰ ਦੇ ਵਿਕਾਸ 'ਤੇ ਅਰਬਾਂ ਰੁਪਏ ਖਰਚ ਕੀਤੇ ਹਨ। ਅਮਰੀਕਾ ਦੇ ਦਬਾਅ ਦੇ ਕਾਰਨ ਈਰਾਨ ਨਾਲ ਭਾਰਤ ਦੇ ਰਿਸ਼ਤੇ ਨਾਜ਼ੁਕ ਦੌਰ ਵਿਚ ਹਨ। ਚਾਬਹਾਰ ਵਪਾਰ ਦੇ ਨਾਲ-ਨਾਲ ਰਣਨੀਤਕ ਤੌਰ 'ਤੇ ਬਹੁਤ ਮਹੱਤਵਪੂਰਨ ਹੈ। ਚੀਨ ਦੀ ਈਰਾਨ ਵਿਚ ਮੌਜੂਦਗੀ ਨਾਲ ਭਾਰਤੀ ਨਿਵੇਸ਼ ਲਈ ਸੰਕਟ ਪੈਦਾ ਹੋ ਗਿਆ ਹੈ।