ਈਰਾਨ ਦੇ ਸੁਪਰੀਮ ਲੀਡਰ ਖਮਨੇਈ ਦਾ ਬਿਆਨ, ਮਿਜ਼ਾਈਲ ਹਮਲਾ ਅਮਰੀਕਾ ਦੇ ਮੂੰਹ 'ਤੇ ਥੱਪੜ
Wednesday, Jan 08, 2020 - 01:28 PM (IST)

ਤੇਹਰਾਨ (ਬਿਊਰੋ): ਈਰਾਨ ਵੱਲੋਂ ਇਰਾਕ ਵਿਚ ਅਮਰੀਕੀ ਏਅਰਬੇਸ 'ਤੇ ਕੀਤੇ ਹਮਲੇ ਦੇ ਬਾਅਦ ਉਹਨਾਂ ਦੇ ਸੁਪਰੀਮ ਲੀਡਰ ਆਯਾਤੁੱਲਾ ਖਮਨੇਈ ਦਾ ਵੱਡਾ ਬਿਆਨ ਆਇਆ ਹੈ। ਈਰਾਨ ਵੱਲੋਂ ਅਮਰੀਕੀ ਠਿਕਾਣਿਆਂ ਇਰਬਿਲ, ਅਲ-ਅਸਦ 'ਤੇ 22 ਮਿਜ਼ਾਈਲਾਂ ਦਾਗੀਆਂ ਗਈਆਂ, ਜਿਸ ਵਿਚ ਘੱਟੋ-ਘੱਟ 80 ਅਮਰੀਕੀ ਫੌਜੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਹਨਾਂ ਹਮਲਿਆਂ ਜ਼ਰੀਏ ਈਰਾਨ ਨੇ ਅਮਰੀਕਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਅਮਰੀਕਾ ਉਸ ਦੇ ਮਿਜ਼ਾਈਲ ਹਮਲਿਆਂ ਦਾ ਜਵਾਬ ਦਿੰਦਾ ਹੈ ਤਾਂ ਫਿਰ ਉਹ ਇਸ ਦਾ ਜਵਾਬ ਅਮਰੀਕਾ ਵਿਚ ਦਾਖਲ ਹੋ ਕੇ ਦੇਣਗੇ।
ਈਰਾਨ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਨੇ ਜੇਕਰ ਜਵਾਬੀ ਕਾਰਵਾਈ ਕੀਤੀ ਤਾਂ ਪੂਰੇ ਪੱਛਮੀ ਏਸ਼ੀਆ ਵਿਚ ਯੁੱਧ ਹੋਵੇਗਾ। ਇਸ ਵਿਚ ਸੁਪਰੀਮ ਲੀਡਰ ਅਯਾਤੁੱਲਾ ਖਮਨੇਈ ਨੇ ਕਿਹਾ ਹੈ ਕਿ ਇਹ ਹਮਲਾ ਅਮਰੀਕਾ ਦੇ ਮੂੰਹ 'ਤੇ ਇਕ ਕਰਾਰਾ ਥੱਪੜ ਹੈ।
ਉੱਧਰ ਅਮਰੀਕਾ ਵਿਚ ਵ੍ਹਾਈਟ ਹਾਊਸ ਵਿਚ ਵੀ ਤਣਾਅ ਭਰਿਆ ਮਾਹੌਲ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵ੍ਹਾਈਟ ਹਾਊਸ ਦੇ ਸਿਚੁਏਸ਼ਨ ਰੂਮ ਵਿਚ ਮੌਜੂਦ ਹਨ। ਉਹਨਾਂ ਦੇ ਨਾਲ ਉਪ ਰਾਸ਼ਟਰਪਤੀ ਮਾਈਕ ਪੈਨਸ , ਰੱਖਿਆ ਮੰਤਰੀ ਮਾਰਕ ਐਸਪਰ ਅਤੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਮੌਜੂਦ ਹਨ। ਟਰੰਪ ਨੇ ਆਪਣਾ ਸੰਬੋਧਨ ਵੀ ਰੱਦ ਕਰ ਦਿੱਤਾ ਹੈ।