ਈਰਾਨ ਦੀ ਟੀਵੀ ਐਂਕਰ ਅਮਰੀਕੀ ਜੇਲ ਤੋਂ ਰਿਹਾਅ
Thursday, Jan 24, 2019 - 04:18 PM (IST)

ਵਾਸ਼ਿੰਗਟਨ (ਏ.ਪੀ.)- ਅਮਰੀਕਾ ਵਿਚ ਜਨਮੀ ਈਰਾਨ ਦੇ ਸਰਕਾਰੀ ਟੀਵੀ ਦੀ ਐਂਕਰ ਨੂੰ ਬੁੱਧਵਾਰ ਦੀ ਸ਼ਾਮ ਨੂੰ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ। ਅਮਰੀਕਾ ਵਿਚ ਉਨ੍ਹਾਂ ਨੂੰ ਗਵਾਹ ਦੇ ਤੌਰ 'ਤੇ ਗ੍ਰਿਫਤਾਰ ਕੀਤਾ ਗਿਆ ਸੀ। ਅਮਰੀਕੀ ਅਰਬ ਭੇਤਭਾਵ ਵਿਰੋਧੀ ਕਮੇਟੀ ਦੇ ਅਟਾਰਨੀ ਆਬੇਦ ਅਯੂਬ ਮੁਤਾਬਕ ਮਾਰਜੇਹ ਹਾਸ਼ਮੀ (59) ਨੂੰ 10 ਦਿਨਾਂ ਤੱਕ ਹਿਰਾਸਤ ਵਿਚ ਰੱਖਣ ਤੋਂ ਬਾਅਦ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ। ਪ੍ਰੈਸ ਟੀਵੀ ਨੈਟਵਰਕ ਦੇ ਅੰਗਰੇਜ਼ੀ ਭਾਸ਼ਾ ਦੀ ਸੇਵਾ ਵਿਚ ਕੰਮ ਕਰਨ ਵਾਲੀ ਹਾਸ਼ਮੀ ਨੂੰ 13 ਜਨਵਰੀ ਨੂੰ ਸੈਂਟ ਲੁਈਸ, ਮਿਸੌਰੀ ਵਿਚ ਫੈਡਰਲ ਏਜੰਟਾਂ ਨੇ ਹਿਰਾਸਤ ਵਿਚ ਲਿਆ ਸੀ।
ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਨਿਊ ਆਰਲੀਅੰਸ ਇਲਾਕੇ ਦਾ ਦੌਰਾ ਕਰਨ ਤੋਂ ਬਾਅਦ ਉਨ੍ਹਾਂ ਨੇ ਬਲੈਕ ਲਾਈਵਸ ਮੈਟਰਜ਼ ਨਾਂ ਨਾਲ ਡਾਕਿਊਮੈਂਟਰੀ ਬਣਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਵਾਸ਼ਿੰਗਟਨ ਲਿਜਾਇਆ ਗਿਆ ਅਤੇ ਉਦੋਂ ਤੋਂ ਉਹ ਜੇਲ ਵਿਚ ਬੰਦ ਸੀ। ਹਾਸ਼ਮੀ ਨੂੰ ਵਾਸ਼ਿੰਗਟਨ ਵਿਚ ਦੋ ਵਾਰ ਡਿਸਟ੍ਰਿਕਟ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਗ੍ਰੈਂਡ ਜਿਊਰੀ ਦੇ ਸਾਹਮਣੇ ਗਵਾਹੀ ਲਈ ਪੇਸ਼ੀ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ।