ਈਰਾਨ ਦੇ ਨੇਤਾ ਨੇ ਇਜ਼ਰਾਈਲ ਨੂੰ ''ਕੈਂਸਰ ਟਿਊਮਰ'' ਦਿੱਤਾ ਕਰਾਰ

Saturday, May 23, 2020 - 01:38 AM (IST)

ਈਰਾਨ ਦੇ ਨੇਤਾ ਨੇ ਇਜ਼ਰਾਈਲ ਨੂੰ ''ਕੈਂਸਰ ਟਿਊਮਰ'' ਦਿੱਤਾ ਕਰਾਰ

ਤਹਿਰਾਨ(ਏਜੰਸੀ)- ਈਰਾਨ ਦੇ ਸੁਪਰੀਮ ਨੇਤਾ ਆਯਤੁੱਲਾ ਅਲੀ ਖਾਮਨੇਈ ਨੇ ਸ਼ੁੱਕਰਵਾਰ ਨੂੰ ਇਜ਼ਰਾਇਲ 'ਤੇ ਨਿਸ਼ਾਨਾ ਵਿੰਨ੍ਹਦਿਆਂ ਉਸ ਨੂੰ ਇਕ 'ਕੈਂਸਰ ਟਿਊਮਰ' ਕਰਾਰ ਦਿੱਤਾ। ਉਨ੍ਹਾਂ ਨੇ ਫਿਲਸਤੀਨੀਆਂ ਦੇ ਸਮਰਥਨ ਵਿਚ ਸਾਲਾਨਾ ਭਾਸ਼ਣ ਦੌਰਾਨ ਕਿਹਾ ਕਿ ਇਸ ਨੂੰ ਬਿਨਾਂ ਸ਼ੱਕ ਪੁੱਟ ਸੁਟਿਆ ਜਾਵੇਗਾ ਤੇ ਨਸ਼ਟ ਕਰ ਦਿੱਤਾ ਜਾਵੇਗਾ। ਇਸ ਨੂੰ ਮੱਧ-ਪੂਰਬ ਵਿਚ ਈਰਾਨ ਦੇ ਸਭ ਤੋਂ ਕੱਟੜ ਦੁਸ਼ਮਣ ਲਈ ਇਕ ਨਵੀਂ ਧਮਕੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। 

ਖਾਮਨੇਈ ਨੇ 'ਕੁਦਸ ਦਿਵਸ' ਮੌਕੇ 'ਤੇ ਇਹ ਭਾਸ਼ਣ ਦਿੱਤਾ, ਜਿਸ ਦੌਰਾਨ ਤਹਿਰਾਨ ਸਣੇ ਦੇਸ਼ ਦੇ ਹੋਰ ਹਿੱਸਿਆਂ ਵਿਚ ਸਰਕਾਰ ਸਮਰਥਿਤ ਵਿਸ਼ਾਲ ਪ੍ਰਦਰਸ਼ਨ ਦਿਖਾਈ ਦਿੰਦਾ ਹੈ। ਯੇਰੂਸ਼ਲਮ ਦਾ ਅਰਬੀ ਨਾਂ 'ਅਲ-ਕੁਦਸ' ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਈਰਾਨ ਨੇ ਵਿਆਪਕ ਤੌਰ 'ਤੇ ਪ੍ਰਦਰਸ਼ਨਕਾਰੀਆਂ ਨੂੰ ਘਰਾਂ ਵਿਚ ਹੀ ਰਹਿਣ ਦਾ ਸੱਦਾ ਦਿੱਤਾ। ਖਾਮਨੇਈ ਨੇ ਰਾਸ਼ਟਰ ਦੇ ਨਾਂ 'ਤੇ 30 ਮਿੰਟ ਦਾ ਭਾਸ਼ਣ ਦਿੱਤਾ, ਜਿਸ ਦਾ ਸਰਕਾਰੀ ਚੈਨਲ 'ਤੇ ਪ੍ਰਸਾਰਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕਈ ਵਾਰ ਇਜ਼ਰਾਇਲ ਨੂੰ ਕੈਂਸਰ ਤੇ ਟਿਊਮਰ ਕਰਾਰ ਦਿੱਤਾ। ਨਾਲ ਹੀ ਇਜ਼ਰਾਇਲ ਦੀ ਫੌਜ ਤੇ ਹੋਰ ਸਹਾਇਤਾ ਲਈ ਅਮਰੀਕਾ ਤੇ ਪੱਛਮੀ ਦੇਸ਼ਾਂ ਦੀ ਨਿੰਦਾ ਵੀ ਕੀਤੀ।


author

Baljit Singh

Content Editor

Related News