ਇਸਲਾਮਿਕ ਕ੍ਰਾਂਤੀ ਤੋਂ ਬਾਅਦ ਈਰਾਨ ਦੇ ਪਹਿਲੇ ਰਾਸ਼ਟਰਪਤੀ ਬਣੇ ਬਨੀਸਦਾਰ ਦਾ ਦੇਹਾਂਤ
Saturday, Oct 09, 2021 - 04:34 PM (IST)
ਤਹਿਰਾਨ (ਭਾਸ਼ਾ) - 1979 ਦੀ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਈਰਾਨ ਦੇ ਪਹਿਲੇ ਰਾਸ਼ਟਰਪਤੀ ਬਣੇ ਅਬੋਲਹਸਾਨ ਬਨੀਸਦਾਰ ਦਾ 88 ਸਾਲ ਦੀ ਉਮਰ ਵਿਚ ਸ਼ਨੀਵਾਰ ਨੂੰ ਪੈਰਿਸ ਵਿਚ ਦੇਹਾਂਤ ਹੋ ਗਿਆ। ਦੇਸ਼ ਦੇ ਧਰਮ ਤੰਤਰ ਬਣਨ ਅਤੇ ਮੌਲਵੀਆਂ ਦੀ ਵਧਦੀ ਤਾਕਤ ਨੂੰ ਚੁਣੌਤੀ ਦੇਣ ਕਾਰਨ ਉਨ੍ਹਾਂ ਨੂੰ ਮਹਾਂਦੋਸ਼ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਉਹ ਤਹਿਰਾਨ ਛੱਡ ਕੇ ਚਲੇ ਗਏ। ਬਨੀਸਦਾਰ ਦੇ ਪਰਿਵਾਰ ਨੇ ਇਕ ਬਿਆਨ ਵਿਚ ਕਿਹਾ ਕਿ ਲੰਬੀ ਬਿਮਾਰੀ ਤੋਂ ਬਾਅਦ ਉਨ੍ਹਾਂ ਦਾ ਪੈਰਿਸ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ।
ਮੰਨਿਆ ਜਾਂਦਾ ਹੈ ਕਿ ਬਨੀਸਦਾਰ ਕਦੇ ਸਰਕਾਰ 'ਤੇ ਆਪਣੀ ਪਕੜ ਨਹੀਂ ਬਣਾ ਸਕੇ, ਜਿਸ ਕਾਰਨ ਸਥਿਤੀ ਉਨ੍ਹਾਂ ਦੇ ਕੰਟਰੋਲ ਤੋਂ ਬਾਹਰ ਚਲੀ ਗਈ, ਜਿਵੇਂ ਕਿ ਅਮਰੀਕੀ ਦੂਤਘਰ ਬੰਧਕ ਸੰਕਟ ਅਤੇ ਇਰਾਨ ਵੱਲੋਂ ਇਰਾਕ 'ਤੇ ਹਮਲਾ, ਜਿਸ ਦੀ ਕਾਰਨ ਸਥਿਤੀ ਭਿਆਨਕ ਹੋਈ ਅਤੇ ਅੰਤ ਵਿਚ ਇਕ ਕ੍ਰਾਂਤੀ ਹੋਈ। ਅਸਲ ਸ਼ਕਤੀਆਂ ਈਰਾਨ ਦੇ ਚੋਟੀ ਦੇ ਧਾਰਮਿਕ ਨੇਤਾ ਅਯਾਤੁੱਲਾਹ ਰੁਹੁੱਲਾਹ ਖੋਮੇਨੀ ਦੇ ਹੱਥਾਂ ਵਿਚ ਰਹੀਆਂ, ਜਿਸਦੇ ਲਈ ਬਨੀਸਦਾਰ ਨੇ ਫਰਾਂਸ ਤੋਂ ਜਲਾਵਤਨੀ ਵਿਚ ਰਹਿੰਦੇ ਹੋਏ ਕੰਮ ਕੀਤਾ ਅਤੇ ਕ੍ਰਾਂਤੀ ਦੌਰਾਨ ਤਹਿਰਾਨ ਵਾਪਸ ਪਰਤੇ। ਹਾਲਾਂਕਿ, ਖੋਮੇਨੀ ਨੇ ਉਨ੍ਹਾਂ ਨੂੰ 16 ਮਹੀਨਿਆਂ ਦੇ ਅੰਦਰ-ਅੰਦਰ ਬਰਖ਼ਾਸਤ ਕਰ ਦਿੱਤਾ ਅਤੇ ਉਨ੍ਹਾਂ ਨੂੰ ਵਾਪਸ ਪੈਰਿਸ ਭੇਜ ਦਿੱਤਾ, ਜਿੱਥੇ ਉਹ ਦਹਾਕਿਆਂ ਤੱਕ ਰਹੇ।