ਕੋਵਿਡ-19 : ਈਰਾਨ ਅਤੇ ਸਪੇਨ ''ਚ ਨਵੀਆਂ ਮੌਤਾਂ, ਕੁੱਲ ਮ੍ਰਿਤਕਾਂ ਦੀ ਗਿਣਤੀ 8,200 ਦੇ ਪਾਰ
Wednesday, Mar 18, 2020 - 05:23 PM (IST)
ਤੇਹਰਾਨ (ਭਾਸ਼ਾ): ਦੁਨੀਆ ਭਰ ਵਿਚ ਕੋਵਿਡ-19 ਦਾ ਕਹਿਰ ਜਾਰੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਈਰਾਨ ਵਿਚ 147 ਨਵੀਆਂ ਮੌਤਾਂ ਹੋਈਆਂ ਹਨ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 1,135 ਪਹੁੰਚ ਗਈ ਹੈ। ਉੱਧਰ ਸਪੇਨ ਵਿਚ 558 ਮੌਤਾਂ ਹੋਣ ਦੀ ਖਬਰ ਹੈ। ਸਪੇਨ ਵਿਚ ਫਿਲਹਾਲ 13,700 ਇਨਫੈਕਟਿਡ ਮਾਮਲੇ ਹਨ। ਇਹਨਾਂ ਅੰਕੜਿਆਂ ਨੂੰ ਮਿਲਾ ਕੇ ਦੁਨੀਆ ਭਰ ਵਿਚ ਮ੍ਰਿਤਕਾਂ ਦੀ ਗਿਣਤੀ 8,200 ਤੋਂ ਵਧੇਰੇ ਹੋ ਚੁੱਕੀ ਹੈ ਜਦਕਿ ਇਨਫੈਕਟਿਡ ਮਾਮਲਿਆਂ ਦੀ ਗਿਣਤੀ ਤਕਰੀਬਨ 2 ਲੱਖ ਦੇ ਪਾਰ ਹੋ ਚੁੱਕੀ ਹੈ।
ਈਰਾਨ ਦੇ ਉਪ ਸਿਹਤ ਮੰਤਰੀ ਅਲਿਰਜ਼ਾ ਹਾਈਸੀ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ 1,192 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ 17,161 ਹੋ ਗਈ। ਤੇਹਰਾਨ ਸੂਬੇ ਵਿਚ 213 ਦੇ ਨਾਲ ਸਭ ਤੋਂ ਵੱਧ ਮਾਮਲੇ ਸੀ। ਮੱਧ ਈਰਾਨ ਵਿਚ ਇਸਫਹਾਨ 162 ਦੇ ਨਾਲ ਦੂਜੇ ਸਥਾਨ 'ਤੇ ਸੀ। ਇਸ ਦੇ ਬਾਅਦ ਉੱਤਰ-ਪੱਛਮ ਵਿਚ ਪੂਰੀ ਅਜ਼ਰਬੈਜਾਨ ਵਿਚ 84 ਮਾਮਲੇ ਸਨ। ਉਪ ਮੰਤਰੀ ਨੇ ਸ਼ਿਕਾਇਤ ਕੀਤੀ ਕਿ ਤੇਹਰਾਨ ਵਿਚ ਲੋਕ ਬਜ਼ਾਰਾਂ ਵਿਚ ਬਿਜ਼ੀ ਹਨ ਅਤੇ ਚਿਤਾਵਨੀ ਦੇ ਬਾਵਜੂਦ ਉਹ ਆਪਣੀਆਂ ਕਾਰਾਂ ਵਿਚ ਯਾਤਰਾ ਕਰ ਰਹੇ ਹਨ। ਰਾਈਸੀ ਨੇ ਕਿਹਾ ਕਿ ਲੋਕਾਂ ਨੂੰ ਸਿਰਫ ਦੇ ਹਫਤਿਆਂ ਲਈ ਹੌਂਸਲਾ ਬਣਾਈ ਰੱਖਣ ਦੀ ਲੋੜ ਹੈ। ਅਸੀਂ ਜਲਦੀ ਹੀ ਇਸ ਵਾਇਰਸ ਨੂੰ ਦੂਰ ਕਰ ਲਵਾਂਗੇ। ਈਰਾਨ ਵਿਚ ਹੁਣ ਤੱਕ ਕੋਈ ਤਾਲਾਬੰਦੀ ਨਹੀਂ ਹੈ ਪਰ ਅਧਿਕਾਰੀਆਂ ਨੇ ਜਨਤਕ ਤੌਰ 'ਤੇ ਛੁੱਟੀਆਂ ਦੌਰਾਨ ਘਰ ਵਿਚ ਰਹਿਣ ਦੀ ਅਪੀਲ ਕੀਤੀ ਹੈ।
ਪੁਰਤਗਾਲ 'ਚ 448 ਮਾਮਲੇ
ਯੂਰਪੀ ਦੇਸ਼ ਪੁਰਤਗਾਲ ਵਿਚ ਵੀ ਵਾਇਰਸ ਦੇ ਇਨਫੈਕਸ਼ਨ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋਇਆ ਹੈ। ਪੁਰਤਗਾਲ ਦੇ ਸਿਹਤ ਮੰਤਰਾਲਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਦੇਸ਼ ਵਿਚ ਮਰੀਜ਼ਾਂ ਦੀ ਗਿਣਤੀ ਵੱਧ ਕੇ 448 ਹੋ ਗਈ ਹੈ। ਇੱਥੇ ਉੱਤਰੀ ਹਿੱਸੇ ਵਿਚ ਕੋਰੋਨਾਵਾਇਰਸ ਦੇ 196 ਮਾਮਲੇ ਜਦਕਿ ਰਾਜਧਾਨੀ ਲਿਸਬਨ ਵਿਚ 180 ਮਾਮਲੇ ਸਾਹਮਣੇ ਆਏ ਹਨ। ਇਨਫੈਕਟਿਡ ਸਾਰੇ ਲੋਕਾਂ ਦੀ ਉਮਰ 30 ਤੋਂ 59 ਸਾਲ ਦੇ ਵਿਚਕਾਰ ਹੈ।