ਈਰਾਨ ਦੀ ਅੰਤਰਰਾਸ਼ਟਰੀ ਅਦਾਲਤ ਤੋਂ ਅਮਰੀਕੀ ਰੋਕਾਂ ਖਤਮ ਕਰਨ ਦੀ ਅਪੀਲ

Monday, Aug 27, 2018 - 11:13 PM (IST)

ਈਰਾਨ ਦੀ ਅੰਤਰਰਾਸ਼ਟਰੀ ਅਦਾਲਤ ਤੋਂ ਅਮਰੀਕੀ ਰੋਕਾਂ ਖਤਮ ਕਰਨ ਦੀ ਅਪੀਲ

ਹੈਗ- ਈਰਾਨ ਨੇ ਸੋਮਵਾਰ ਨੂੰ ਅੰਤਰਰਾਸ਼ਟਰੀ ਅਦਾਲਤ (ਸੀ. ਆਈ. ਜੇ.) ਤੋਂ ਅਮਰੀਕਾ ਦੇ ਡੋਨਾਲਡ ਟਰੰਪ ਪ੍ਰਸ਼ਾਸਨ ਵਲੋਂ ਤੇਹਰਾਨ ਦੇ ਖਿਲਾਫ ਲਾਏ ਗਏ ਰੋਕਾਂ ਨੂੰ ਖਤਮ ਕਰਨ ਦੇ ਹੁਕਮ ਦੇਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਅਮਰੀਕਾ ਨੇ ਕਿਹਾ ਕਿ ਈਰਾਨ ਨੇ ਸੀ. ਆਈ. ਜੇ. ਦਾ ਦਰਵਾਜ਼ਾ ਖੜਕਾ ਕੇ ਅਮਰੀਕੀ ਪ੍ਰਭੂਸਤਾ ਦੀ ਉਲੰਘਣਾ ਕੀਤੀ ਹੈ। ਉਹ ਅਦਾਲਤ 'ਚ ਤੇਹਰਾਨ ਖਿਲਾਫ ਮਜ਼ਬੂਤੀ ਨਾਲ ਆਪਣਾ ਪੱਖ ਰਖਣਗੇ। ਮਾਮਲੇ ਦੀ ਸੁਣਵਾਈ ਕਰ ਰਹੇ ਸੀ. ਆਈ. ਜੇ. ਦੇ ਜੱਜ ਨੇ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕਾ ਨੂੰ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਨ ਦੀ ਗੱਲ ਕਹੀ ਹੈ। ਕਈ ਦਹਾਕਿਆਂ ਤੋਂ ਇਕ ਦੂਜੇ ਪ੍ਰਤੀ ਵਿਰੋਧ ਦੀ ਭਾਵਨਾ ਰੱਖਣ ਵਾਲੇ ਦੋਹਾਂ ਦੇਸ਼ਾਂ ਨੇ ਪਹਿਲਾਂ ਹੀ ਸੀ. ਆਈ. ਜੇ. ਦੇ ਕਈ ਫੈਸਲਿਆਂ ਦਾ ਨਿਰਾਦਰ ਕੀਤਾ ਹੈ। ਈਰਾਨ ਨੇ ਅਦਾਲਤ 'ਚ ਦਾਇਰ ਪਟੀਸ਼ਨ 'ਚ ਕਿਹਾ ਹੈ ਕਿ ਅਮਰੀਕੀ ਪ੍ਰਸ਼ਾਸਨ ਵਲੋਂ ਲਾਇਆਂ ਗਈਆਂ ਰੋਕਾਂ ਨਾਲ ਪਹਿਲਾਂ ਹੀ ਆਰਥਿਕ ਤੌਰ 'ਤੇ ਖਸਤਾ ਹਾਲ ਤੇਹਰਾਨ ਦੀ ਹਾਲਤ ਹੋਰ ਖਰਾਬ ਹੋ ਗਈ ਹੈ ਅਤੇ ਇਹ ਰੋਕਾਂ ਦੋਹਾਂ ਦੇਸ਼ਾਂ ਵਿਚਕਾਰ ਦੋਸਤੀ ਦੇ ਸਹਿਯੋਗ ਦਾ ਉਲੰਘਣ ਹੈ। ਈਰਾਨ ਦਾ ਪੱਖ ਰਖਦੇ ਹੋਏ ਸ਼੍ਰੀ ਮੋਹਸੀਨ ਮੋਹੇਬੀ ਨੇ ਕਿਹਾ ਹੈ ਕਿ ''ਅਮਰੀਕਾ, ਈਰਾਨ ਦੀ ਆਰਥਿਕ ਸਥਿਤੀ ਅਤੇ ਉਸ ਦੀਆਂ ਕੰਪਨੀਆਂ ਨੂੰ ਨੁਕਸਾਨ ਪਹੁੰਚਾਉਣ ਦੇ ਟੀਚੇ ਨਾਲ ਆਪਣੀ ਨੀਤੀ ਨੂੰ ਜਨਤਕ ਤੌਰ 'ਤੇ ਪ੍ਰਚਾਰ ਰਿਹਾ ਹੈ। ਸੱਚਾਈ ਤਾਂ ਇਹ ਹੈ ਕਿ ਅਮਰੀਕਾ ਦਾ ਇਹ ਕਦਮ ਈਰਾਨੀ ਨਾਗਰਿਕਾਂ ਦੇ ਖਿਲਾਫ ਹੈ।'' ਉਨ੍ਹਾਂ ਨੇ ਕਿਹਾ ਕਿ ਈਰਾਨ ਨੇ ਦੋਹਾਂ ਦੇਸ਼ਾਂ ਵਿਚਾਲੇ ਵਿਵਾਦਾਂ ਦੇ ਡਿਪਲੋਮੈਟ ਹੱਲ ਦੀ ਪੇਸ਼ਕਸ਼ ਕੀਤੀ ਸੀ ਪਰ ਉਸ ਨੂੰ ਠੁਕਰਾ ਦਿੱਤਾ ਗਿਆ। ਇਸ ਮਾਮਲੇ 'ਚ ਅਮਰੀਕੀ ਵਿਦੇਸ਼ੀ ਵਿਭਾਗ ਦੇ ਸਲਾਹਕਾਰ ਜੈਨੀਫਰ ਨਿਊਜ਼ਟੈਡ ਦੀ ਅਗਵਾਈ 'ਚ ਪਹੁੰਚੇ ਵਕੀਲ ਕੱਲ ਆਪਣਾ ਪੱਖ ਰਖਣਗੇ।


Related News