ਈਰਾਨ: ਕੋਰੋਨਾਵਾਇਰਸ ਦੇ ਮਾਮਲੇ ਹੋਏ 141, ਹੁਣ ਤੱਕ 22 ਲੋਕਾਂ ਦੀ ਮੌਤ
Thursday, Feb 27, 2020 - 04:47 PM (IST)

ਤਹਿਰਾਨ- ਈਰਾਨ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਡ ਕੁੱਲ 141 ਲੋਕਾਂ ਵਿਚੋਂ ਹੁਣ ਤੱਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰੀ ਨਿਊਜ਼ ਏਜੰਸੀ ਆਈ.ਆਰ.ਐਨ.ਏ. ਨੇ ਵੀਰਵਾਰ ਨੂੰ ਦੱਸਿਆ ਕਿ ਸਰਕਾਰ ਵਲੋਂ ਜਾਰੀ ਇਕ ਗ੍ਰਾਫ ਵਿਚ ਦਰਸਾਇਆ ਗਿਆ ਹੈ ਕਿ ਈਰਾਨ ਦੇ 31 ਸੂਬਿਆਂ ਵਿਚੋਂ 20 ਵਿਚ ਇਹ ਵਾਇਰਸ ਫੈਲ ਚੁੱਕਾ ਹੈ। ਸ਼ਿਆਓਂ ਦੇ ਪਵਿੱਤਰ ਸ਼ਹਿਰ ਕੋਮ ਵਿਚ ਸਭ ਤੋਂ ਵਧੇਰੇ 63 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਮਾਹਰ ਖਦਸ਼ਾ ਜ਼ਾਹਿਰ ਕਰ ਰਹੇ ਹਨ ਕਿ ਮਾਮਲਿਆਂ ਦੀ ਗਿਣਤੀ ਘੱਟ ਦੱਸੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਚੀਨ ਵਿਚ ਮਹਾਮਾਰੀ ਬਣ ਚੁੱਕੇ ਕੋਰੋਨਾਵਾਇਰਸ ਨਾਲ ਬੁੱਧਵਾਰ ਤੱਕ ਮਰਨ ਵਾਲਿਆਂ ਦੀ ਗਿਣਤੀ 2,744 ਹੋ ਗਈ। ਇਸ ਤੋਂ ਇਲਾਵਾ ਨਵੇਂ ਪੀੜਤਾਂ ਦੇ 433 ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 24 ਦੇ ਇਲਾਵਾ ਬਾਕੀ ਸਾਰੇ ਹੁਬੇਈ ਸੂਬੇ ਦੇ ਹਨ, ਜਿਸ ਦੀ ਰਾਜਧਾਨੀ ਵੁਹਾਨ ਵਿਚ ਪਿਛਲੇ ਸਾਲ ਦਸੰਬਰ ਵਿਚ ਇਹ ਵਾਇਰਸ ਫੈਲਣਾ ਸ਼ੁਰੂ ਹੋਇਆ ਸੀ। ਦੇਸ਼ ਵਿਚ ਹੁਣ ਇਸ ਦੇ ਕੁੱਲ 78,500 ਮਾਮਲੇ ਹਨ।