ਇਪਸਾ ਆਸਟ੍ਰੇਲੀਆ ਵੱਲੋਂ ਛੇਵੀਂ ਅਵਧੀ ਲਈ 31 ਮੈਂਬਰੀ ਕਾਰਜਕਾਰਣੀ ਦੀ ਚੋਣ

Wednesday, Dec 09, 2020 - 01:21 PM (IST)

ਇਪਸਾ ਆਸਟ੍ਰੇਲੀਆ ਵੱਲੋਂ ਛੇਵੀਂ ਅਵਧੀ ਲਈ 31 ਮੈਂਬਰੀ ਕਾਰਜਕਾਰਣੀ ਦੀ ਚੋਣ

ਬ੍ਰਿਸਬੇਨ (ਸਤਵਿੰਦਰ ਟੀਨੂੰ): ਵਿਸ਼ਵ ਭਰ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਨਾਲ ਜੁੜੀ ਹੋਈ ਆਸਟ੍ਰੇਲੀਆ ਦੀ ਸਿਰਮੌਰ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਦੁਆਰਾ ਸਥਾਨਿਕ ਇੰਡੋਜ਼ ਪੰਜਾਬੀ ਲਾਇਬਰੇਰੀ ਇਨਾਲਾ ਵਿਖੇ ਆਪਣਾ ਵਿਸਥਾਰ ਕਰਦਿਆਂ ਨਵੀਂ ਇਕਾਈ ਦੀ ਸਰਬ-ਸੰਮਤੀ ਨਾਲ ਚੋਣ ਕੀਤੀ ਹੈ। ਇੰਡੋਜ਼ ਕਾਵਿ ਕਬੀਲਾ ਜੋ ਕਿ ਇਕ ਦਹਾਕੇ ਤੋਂ ਸੰਨ੍ਹ 2010 ਦੇ ਸ਼ੁਰੂ ਤੋਂ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ ਸਰਗਰਮ ਹੈ ਜੋ ਕਿ ਸਾਲ 2016 ਤੋਂ ਇੰਡੋਜ਼ ਪੰਜਾਬੀ ਸਹਿਤ ਸਭਾ ਵਜੋਂ ਕਾਰਜਸ਼ੀਲ ਹੋਇਆ ਸੀ। 

ਇਹ ਸੰਸਥਾ ਸਾਲ 2019 ਤੋਂ ਇਕ ਰਜਿਸਟਰਡ ਬਾਡੀ ਵਿੱਚ ਤਬਦੀਲ ਹੋ ਕੇ ਲਗਾਤਾਰ ਸਾਹਿਤਕ ਸਰਗਰਮੀਆਂ ਲਈ ਕੰਮ ਕਰ ਰਹੀ ਹੈ। ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਪੰਜਾਬੀਆਂ ਦੀ ਵਿਸ਼ਵ ਵਿਚ ਇਕਲੌਤੀ ਪਰਿਵਾਰਕ ਸਾਹਿਤਕ ਸੰਸਥਾ ਹੈ, ਜਿਸ ਨੇ ਪਰਵਾਸ ਵਿੱਚ ਸਿਰਜਣਾ ਅਤੇ ਸਰਗਰਮੀ ਦੋਵਾਂ ਹੀ ਪੱਖ ਤੋਂ ਪਰਿਵਾਰ ਦੀ ਸ਼ਮੂਲੀਅਤ ਨਾਲ ਨਵੀਆਂ ਪੈੜਾਂ ਸਿਰਜੀਆਂ ਹਨ। ਇੰਡੋਜ਼ ਹੋਲਡਿੰਗਜ ਨਾਮ ਦੀ ਇਕ ਬਹੁਪੱਖੀ ਛਾਤਾ ਸੰਸਥਾ ਦੇ ਸਾਹਿਤਕ ਵਿੰਗ ਵਜੋਂ ਕਾਰਜਸ਼ੀਲ ਇਪਸਾ ਨੇ ਆਪਣੇ ਪੰਜ ਸਾਲਾਂ ਦੇ ਸਫ਼ਰ ਵਿੱਚ ਸਰਬਜੀਤ ਸੋਹੀ ਦੀ ਰਹਿਨੁਮਾਈ ਹੇਠ ਬਹੁਤ ਪਾਏਦਾਰ ਅਤੇ ਨਿੱਠ ਕੇ ਕੰਮ ਕੀਤਾ ਹੈ। 

ਅੱਜ ਇਪਸਾ ਦੀ ਨਵੀਂ 31 ਮੈਂਬਰੀ ਟੀਮ ਬਾਰੇ ਜਾਣਕਾਰੀ ਦਿੰਦਿਆਂ ਪਹਿਲੇ ਸੈਕਟਰੀ ਸਰਬਜੀਤ ਨੇ ਦੱਸਿਆ ਕਿ ਇਪਸਾ ਵਿਚ ਤਿੰਨ ਤਰ੍ਹਾਂ ਦੀ ਮੈਂਬਰਸ਼ਿਪ ਰੱਖੀ ਗਈ ਹੈ। ਜੀਵਨ ਭਰ ਮੈਂਬਰ ਵਜੋਂ ਸਿਰਫ਼ 1 ਮੈਂਬਰ ਨਾਮਜ਼ਦ ਹੋਇਆ ਹੈ, ਉਹ ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ ਹਨ। ਇਕੱਤੀ ਮੈਂਬਰਾਂ ਵਿੱਚੋਂ 9 ਐਗਜੈਕਟਿਵ ਮੈਂਬਰ ਹੋਣਗੇ ਜੋ ਕੋਰ ਕਮੇਟੀ ਵਿੱਚ ਸ਼ਾਮਿਲ ਹਨ। ਇਹਨਾਂ ਵਿੱਚ ਮਨਜੀਤ ਬੋਪਾਰਾਏ ਨੂੰ ਕਨਵੀਨਰ, ਰਘਬੀਰ ਸਰਾਏ ਨੂੰ ਕੋ-ਕਨਵੀਨਰ, ਦਲਵੀਰ ਹਲਵਾਰਵੀ ਨੂੰ ਪ੍ਰਧਾਨ, ਆਤਮਾ ਸਿੰਘ ਹੇਅਰ ਨੂੰ ਮੀਤ ਪ੍ਰਧਾਨ, ਪਾਲ ਰਾਊਕੇ ਨੂੰ ਮੀਤ ਪ੍ਰਧਾਨ, ਰੁਪਿੰਦਰ ਸੋਜ਼ ਨੂੰ ਜਨਰਲ ਸਕੱਤਰ, ਦੀਪਇੰਦਰ ਸਿੰਘ ਨੂੰ ਜਾਇੰਟ ਸਕੱਤਰ, ਸਤਵਿੰਦਰ ਟੀਨੂੰ ਨੂੰ ਸਪੋਕਸਮੈਨ ਅਤੇ ਸਰਬਜੀਤ ਸੋਹੀ ਨੂੰ ਵਿੱਤ ਸਕੱਤਰ ਬਣਾਇਆ ਗਿਆ। 

ਪੜ੍ਹੋ ਇਹ ਅਹਿਮ ਖਬਰ- ਜੈਸਿੰਡਾ ਨੇ ਜਵਾਲਾਮੁਖੀ ਧਮਾਕੇ ਦੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ, ਕਹੀ ਇਹ ਗੱਲ

ਇਪਸਾ ਦੀ ਐਡਵਾਇਜ਼ਰੀ ਕਮੇਟੀ ਵਿੱਚ 21 ਆਨਰੇਰੀ ਮੈਂਬਰ ਹੋਣਗੇ। ਜਿਸ ਦੇ ਅੰਤਰਗਤ ਡੈਲੀਗੇਟ ਪੈਨਲ ਵਿੱਚ ਮੀਤ ਧਾਲੀਵਾਲ ਨੂੰ ਮਿਊਜ਼ਿਕ ਡੈਲੀਗੇਟ, ਰਾਜਦੀਪ ਲਾਲੀ ਨੂੰ ਕਲਚਰ ਡੈਲੀਗੇਟ, ਤਜਿੰਦਰ ਭੰਗੂ ਨੂੰ ਥੀਏਟਰ ਡੈਲੀਗੇਟ, ਗੁਰਜੀਤ ਬਾਰੀਆ ਨੂੰ ਲੋਕਨਾਚ ਡੈਲੀਗੇਟ, ਨਵਤੇਜ ਸਿੰਘ ਨੂੰ ਆਰਟ ਡੈਲੀਗੇਟ, ਰਵਿੰਦਰ ਭੁੱਲਰ ਨੂੰ ਵਿਰਾਸਤ ਡੈਲੀਗੇਟ ਵਜੋਂ ਸ਼ਾਮਿਲ ਕੀਤਾ ਗਿਆ। ਇਸੇ ਤਰ੍ਹਾਂ ਹਰਿੰਦਰ ਸੋਹੀ ਨੂੰ ਪ੍ਰਚਾਰ ਸਕੱਤਰ, ਗੁਰਦੀਪ ਜਗੇੜਾ ਨੂੰ ਸਹਾਇਕ ਸਕੱਤਰ, ਪੁਸ਼ਪਿੰਦਰ ਤੂਰ ਨੂੰ ਪ੍ਰਸਾਰਨ ਸਕੱਤਰ ਨਿਯੁਕਤ ਕੀਤਾ ਗਿਆ। ਬੀਬੀਆਂ ਪ੍ਰਤੀਨਿਧਾਂ ਵਜੋਂ ਅਲਕਾ ਸ਼ਰਮਾ ਨੂੰ ਲੇਖਾ ਸਕੱਤਰ, ਪ੍ਰਿੰਸਪਾਲ ਕੌਰ ਨੂੰ ਸੂਚਨਾ ਸਕੱਤਰ ਅਤੇ ਆਲੀਆ ਜਟਾਣਾ ਨੂੰ ਸਿੱਖਿਆ ਸਕੱਤਰ ਨਿਯੁਕਤ ਕੀਤਾ ਗਿਆ। 

ਸਲਾਹਕਾਰ ਪੈਨਲ ਵਿੱਚ ਸ਼ਮਸ਼ੇਰ ਸਿੰਘ ਚੀਮਾ ਨੂੰ ਸੰਸਾਧਨ ਸਲਾਹਕਾਰ, ਅਮਨਿੰਦਰ ਭੁੱਲਰ ਨੂੰ ਪ੍ਰਬੰਧਕੀ ਸਲਾਹਕਾਰ, ਸੁਖਮੰਦਰ ਸੰਧੂ ਨੂੰ ਸਮਾਜਿਕ ਸਲਾਹਕਾਰ, ਹਰਿੰਦਰ ਸਰੋਆ ਨੂੰ ਮੀਡੀਆ ਸਲਾਹਕਾਰ, ਗੁਰਪ੍ਰੀਤ ਸਿੰਘ ਬੱਲ ਐਡਵੋਕੇਟ ਨੂੰ ਕਾਨੂੰਨੀ ਸਲਾਹਕਾਰ ਅਤੇ ਪ੍ਰਕਾਸ਼ਨ ਸਲਾਹਕਾਰ ਵਜੋਂ ਲਵਪ੍ਰੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ। ਨੌਜਵਾਨ ਸ਼ਾਇਰ ਰਿਪਜੀਤ ਬਰਾੜ ਨੂੰ ਸਮੀਖਿਅਕ, ਗੁਰਵਿੰਦਰ ਖੱਟੜਾ ਨੂੰ ਚੋਣ ਆਬਜ਼ਰਵਰ ਅਤੇ ਰਣਜੀਤ ਵਿਰਕ ਨੂੰ ਲਾਇਬ੍ਰੇਰੀਅਨ ਵਜੋਂ ਨਾਮਜ਼ਦ ਕੀਤਾ ਗਿਆ। ਅੰਤਰ ਰਾਸ਼ਟਰੀ ਸਾਹਿਤਕ ਸੰਸਥਾਵਾਂ, ਵਿੱਦਿਅਕ ਸੰਸਥਾਵਾਂ ਅਤੇ ਸ਼ੋਸਲ ਮੀਡੀਆ ਗਰੁੱਪਾਂ ਵਿੱਚ ਪਹਿਲਾ ਜਨਰਲ ਸੈਕਟਰੀ ਸਰਬਜੀਤ ਸੋਹੀ ਇਪਸਾ ਦਾ ਪ੍ਰਤੀਨਿਧ ਰਹੇਗਾ, ਜਦਕਿ ਬ੍ਰਿਸਬੇਨ ਵਿੱਚ ਇਪਸਾ ਸਮਾਗਮਾਂ ਦੀ ਵਾਗ-ਡੋਰ ਨਵੇਂ ਜਨਰਲ ਸੈਕਟਰੀ ਰੁਪਿੰਦਰ ਸੋਜ਼ ਕੋਲ ਹੋਵੇਗੀ।ਇਸ ਮੌਕੇ ਬਜ਼ੁਰਗ ਲੇਖਕ ਦਲਬੀਰ ਸਿੰਘ ਬੋਪਾਰਾਏ ਨੇ ਸਮੁੱਚੀ ਟੀਮ ਨੂੰ ਆਪਣਾ ਅਸ਼ੀਰਵਾਦ ਦਿੱਤਾ ਅਤੇ ਖੁਸ਼ੀ ਜ਼ਾਹਰ ਕੀਤੀ ਕਿ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦਾ ਭਵਿੱਖ ਆਸਟ੍ਰੇਲੀਆ ਦੀ ਧਰਤੀ 'ਤੇ ਰੌਸ਼ਨ ਹੋਵੇਗਾ।

ਨੋਟ- ਇਪਸਾ ਆਸਟ੍ਰੇਲੀਆ ਵੱਲੋਂ ਛੇਵੀਂ ਅਵਧੀ ਲਈ 31 ਮੈਂਬਰੀ ਕਾਰਜਕਾਰਣੀ ਦੀ ਚੋਣ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।
 


author

Vandana

Content Editor

Related News