ਦਿੱਲੀ ''ਚ ਹੋਈ ਹਿੰਸਾ ਬਾਰੇ ਦੁਨੀਆ ਭਰ ਦੀਆਂ ਅਖ਼ਬਾਰਾਂ ਨੇ ਛਾਪੀ ਇਹ ਖ਼ਬਰ

Wednesday, Jan 27, 2021 - 06:03 PM (IST)

ਦਿੱਲੀ ''ਚ ਹੋਈ ਹਿੰਸਾ ਬਾਰੇ ਦੁਨੀਆ ਭਰ ਦੀਆਂ ਅਖ਼ਬਾਰਾਂ ਨੇ ਛਾਪੀ ਇਹ ਖ਼ਬਰ

ਇੰਟਰਨੈਸ਼ਨਲ ਡੈਸਕ (ਬਿਊਰੋ): ਬੀਤੇ ਦਿਨ ਗਣਤੰਤਰ ਦਿਵਸ ਮੌਕੇ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਕਿਸਾਨਾਂ ਵੱਲੋਂ ਕੀਤੇ ਟ੍ਰੈਕਟਰ ਮਾਰਚ ਦੌਰਾਨ ਜੰਮ ਕੇ ਹੰਗਾਮਾ ਕੀਤਾ ਗਿਆ। ਇਸ ਦੌਰਾਨ ਹਿੰਸਾ, ਭੰਨ-ਤੋੜ ਅਤੇ ਹਮਲੇ ਦੀਆਂ ਘਟਨਾਵਾਂ ਵਾਪਰੀਆਂ। ਪੁਲਸ ਅਤੇ ਕਿਸਾਨਾਂ ਵਿਚਕਾਰ ਟਕਰਾਅ ਹੋਇਆ। ਕਿਸਾਨਾਂ ਵੱਲੋਂ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਇਆ ਗਿਆ। ਇਹ ਖ਼ਬਰ ਅੰਤਰਰਾਸ਼ਟਰੀ ਮੀਡੀਆ ਵਿਚ ਸੁਰਖੀਆਂ ਬਣੀ ਹੋਈ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਦੁਨੀਆਂ ਦੀਆਂ ਪ੍ਰਮੁੱਖ ਅਖ਼ਬਾਰਾਂ ਨੇ ਇਸ ਖ਼ਬਰ ਨੂੰ ਕਿਸ ਢੰਗ ਨਾਲ ਪ੍ਰਕਾਸ਼ਿਤ ਕੀਤਾ ਹੈ। 

PunjabKesari

ਨਿਊਯਾਰਕ ਟਾਈਮਜ਼ ਨੇ ਆਪਣੀ ਰਿਪੋਰਟ ਵਿਚ ਲਿਖਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਧਾਨੀ ਦਿੱਲੀ ਵਿਚ ਇਕ ਪਾਸੇ ਜਿੱਥੇ ਸ਼ਾਨਦਾਰ ਪਰੇਡ ਦੇਖ ਰਹੇ ਸਨ ਉੱਥੇ ਕੁਝ ਹੀ ਮੀਲ ਦੀ ਦੂਰੀ 'ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਹਫੜਾ-ਦਫੜੀ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਸਨ। ਰਿਪੋਰਟ ਵਿਚ ਲਿਖਿਆ ਹੈ ਕਿ ਜ਼ਿਆਦਾਤਰ ਕਿਸਾਨਾਂ ਕੋਲ ਲੰਬੀਆਂ ਤਲਵਾਰਾਂ, ਨੁਕੀਲੇ ਖੰਜ਼ਰ ਅਤੇ ਜੰਗ ਵਿਚ ਵਰਤੀਆਂ ਜਾਣ ਵਾਲੀਆਂ ਕੁਹਾੜੀਆਂ ਸਨ ਜੋ ਉਹਨਾਂ ਦੇ ਰਵਾਇਤੀ ਹਥਿਆਰ ਹਨ। ਕਿਸਾਨਾਂ ਨੇ ਉਸ ਲਾਲ ਕਿਲ੍ਹੇ 'ਤੇ ਚੜ੍ਹਾਈ ਕੀਤੀ ਜੋ ਇਕ ਦਹਾਕੇ ਵਿਚ ਮੁਗਲ ਸ਼ਾਸਕਾਂ ਦੀ ਰਿਹਾਇਸ਼ ਰਿਹਾ ਹੈ। 

PunjabKesari

ਕਈ ਥਾਵਾਂ 'ਤੇ ਅਜਿਹੇ ਦ੍ਰਿਸ਼ ਸਨ ਕਿ ਜਿੱਥੇ ਇਕ ਪਾਸੇ ਪੁਲਸ ਰਾਈਫਲ ਤਾਣੇ ਖੜ੍ਹੀ ਸੀ ਅਤੇ ਦੂਜੇ ਪਾਸੇ ਕਿਸਾਨਾਂ ਦੀ ਭੀੜ ਸੀ। ਜ਼ਿਆਦਤਰ ਕਿਸਾਨ ਪਹਿਲਾਂ ਤੋਂ ਤੈਅਸੁਦਾ ਰਸਤਿਆਂ 'ਤੇ ਚੱਲ ਰਹੇ ਸਨ ਪਰ ਕੁਝ ਕਿਸਾਨ ਆਪਣੇ ਟ੍ਰੈਕਟਰਾਂ ਨਾਲ ਸੁਪਰੀਮ ਕੋਰਟ ਦੇ ਰਸਤੇ ਵੱਲ ਵਧੇ, ਜਿਹਨਾਂ ਨੂੰ ਪੁਲਸ ਨੇ ਹੰਝੂ ਗੈਸ ਦੇ ਗੋਲੇ ਦਾਗ ਕੇ ਰੋਕਿਆ। ਰਿਪੋਰਟ ਵਿਚ ਉੱਤਰ ਪ੍ਰਦੇਸ਼ ਤੋਂ ਆਏ ਹੈਪੀ ਸ਼ਰਮਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਕ ਵਾਰ ਅਸੀਂ ਦਿੱਲੀ ਦੇ ਅੰਦਰ ਆ ਗਏ ਤਾਂ ਫਿਰ ਅਸੀਂ ਉਦੋਂ ਤੱਕ ਕਿਤੇ ਨਹੀਂ ਜਾਣ ਵਾਲੇ, ਜਦੋਂ ਤੱਕ ਕਿ ਮੋਦੀ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੇ। 

PunjabKesari

ਉੱਥੇ ਕਿਸਾਨ ਅੰਦਲੋਨ ਦੇ ਨੇਤਾਵਾਂ ਵਿਚੋਂ ਇਕ ਬਲਵੀਰ ਸਿੰਘ ਰਾਜੇਵਾਲ ਦੇ ਹਵਾਲੇ ਨਾਲ ਇਸ ਰਿਪੋਰਟ ਵਿਚ ਲਿਖਿਆ ਗਿਆ ਹੈ ਕਿ ਇਸ ਅੰਦੋਲਨ ਦੀ ਪਛਾਣ ਰਹੀ ਹੈ ਕਿ ਇਹ ਸ਼ਾਂਤੀਪੂਰਨ ਰਿਹਾ ਹੈ। ਸਰਕਾਰ ਅਫਵਾਹ ਫੈਲਾ ਰਹੀ ਹੈ। ਏਜੰਸੀਆਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ, ਜੇਕਰ ਅਸੀਂ ਸ਼ਾਂਤੀਪੂਰਨ ਰਹੇ ਤਾਂ ਅਸੀਂ ਜਿੱਤਾਂਗੇ ਪਰ ਹਿੰਸਕ ਹੋਏ ਤਾਂ ਜਿੱਤ ਮੋਦੀ ਦੀ ਹੋਵੇਗੀ। ਰਿਪੋਰਟ ਵਿਚ ਇਸ ਗੱਲ ਨੂੰ ਵੀ ਰੇਖਾਂਕਿਤ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਨੇ ਟ੍ਰੈਕਟਰ ਮਾਰਚ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਇਸ ਵਿਚ ਅਸਫਲ ਰਹੀ। ਇਸ ਨਾਲ ਪਤਾ ਚੱਲਦਾ ਹੈ ਕਿ ਕਿਸਾਨਾਂ ਨਾਲ ਜਾਰੀ ਗਤੀਰੋਧ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਹਨ। ਪੀ.ਐੱਮ. ਮੋਦੀ ਆਪਣੇ ਰਾਜਨੀਤਕ ਵਿਰੋਧੀਆਂ ਨੂੰ ਹਰਾਉਣ ਮਗਰੋਂ ਸਭ ਤੋਂ ਪ੍ਰਭਾਵਾਸ਼ਾਲੀ ਸ਼ਖਸੀਅਤ ਬਣੇ ਪਰ ਕਿਸਾਨਾਂ ਨੇ ਉਹਨਾਂ ਦੀ ਬਿਲਕੁੱਲ ਵੀ ਪਰਵਾਹ ਨਹੀਂ ਕੀਤੀ।

PunjabKesari

ਮੋਦੀ ਹੁਣ ਸਾਨੂੰ ਸੁਣਨਗੇ
ਆਸਟ੍ਰੇਲੀਆ ਦੇ ਸਿਡਨੀ ਮੌਰਨਿੰਗ ਹੇਰਾਲਡ ਵਿਚ ਛਪੀ ਖ਼ਬਰ ਵਿਚ ਕਿਹਾ ਗਿਆ ਹੈ ਕਿ ਹਜ਼ਾਰਾਂ ਕਿਸਾਨ ਉਸ ਇਤਿਹਾਸਿਕ ਲਾਲ ਕਿਲ੍ਹੇ 'ਤੇ ਜਾ ਪਹੁੰਚੇ ਜਿੱਥੇ ਪ੍ਰਧਾਨ ਮੰਤਰੀ ਮੋਦੀ ਸਾਲ ਵਿਚ ਇਕ ਵਾਰ ਦੇਸ਼ ਨੂੰ ਸੰਬੋਧਿਤ ਕਰਦੇ ਹਨ। ਖ਼ਬਰ ਵਿਚ ਪੰਜਾਬ ਦੇ 55 ਸਾਲਾ ਕਿਸਾਨ ਸੁਖਦੇਵ ਸਿੰਘ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮੋਦੀ ਹੁਣ ਸਾਨੂੰ ਸੁਣਨਗੇ, ਉਹਨਾਂ ਨੂੰ ਸਾਨੂੰ ਸੁਣਨਾ ਪਵੇਗਾ। ਸੁਖਦੇਵ ਸਿੰਘ ਉਹਨਾਂ ਸੈਂਕੜੇ ਕਿਸਾਨਾਂ ਵਿਚੋਂ ਇਕ ਸਨ ਜੋ ਟ੍ਰੈਕਟਰ ਪਰੇਡ ਦੇ ਤੈਅ ਰਸਤੇ ਤੋਂ ਹਟ ਕੇ ਵੱਖਰੇ ਰਸਤੇ 'ਤੇ ਤੁਰ ਪਏ ਸਨ। ਇਹਨਾਂ ਵਿਚੋਂ ਕੁਝ ਲੋਕ ਘੋੜਿਆਂ 'ਤੇ ਵੀ ਸਵਾਰ ਸਨ।

PunjabKesari

ਅਖ਼ਬਾਰ ਨੇ ਦਿੱਲੀ ਦੇ ਇਕ ਥਿੰਕ ਟੈਂਕ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਵਿਸ਼ਲੇਸ਼ਕ ਅੰਬਰਕੁਮਾਰ ਘੋਸ਼ ਦੇ ਹਵਾਲੇ ਨਾਲ ਲਿਖਿਆ ਹੈ ਕਿ ਕਿਸਾਨ ਸੰਗਠਨਾਂ ਦੀ ਪਕੜ ਬਹੁਤ ਮਜ਼ਬੂਤ ਹੈ। ਉਹਨਾਂ ਕੋਲ ਆਪਣੇ ਜਨ ਸਮਰਥਕਾਂ ਨੂੰ ਐਕਟਿਵ ਕਰਨ ਲਈ ਸਰੋਤ ਹਨ ਅਤੇ ਉਹ ਲੰਬੇ ਸਮੇਂ ਤੱਕ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਨ। ਕਿਸਾਨ ਸੰਗਠਨ ਆਪਣੇ ਵਿਰੋਧ ਨੂੰ ਕੇਂਦਰਿਤ ਰੱਖਣ ਵਿਚ ਕਾਫੀ ਸਫਲ ਰਹੇ ਹਨ। ਖ਼ਬਰ ਮੁਤਾਬਕ ਭਾਰਤ ਦੀ 1.3 ਅਰਬ ਆਬਾਦੀ ਵਿਚ ਲੱਗਭਗ ਅੱਧੀ ਆਬਾਦੀ ਖੇਤੀ ਕਿਸਾਨਾਂ 'ਤੇ ਨਿਰਭਰ ਹੈ ਅਤੇ ਇਕ ਅਨੁਮਾਨ ਮੁਤਾਬਕ ਕਰੀਬ 15 ਕਰੋੜ ਕਿਸਾਨ ਇਸ ਸਮੇਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਅਖ਼ਬਾਰ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਬਿਆਨ ਯਾਦ ਦਿਵਾਇਆ ਹੈ ਕਿ ਜਿਸ ਵਿਚ ਉਹਨਾਂ ਨੇ ਕਿਹਾ ਸੀ ਕਿ ਕਿਸਾਨ ਆਪਣੀ ਟ੍ਰੈਕਟਰ ਰੈਲੀ ਲਈ 26 ਜਨਵਰੀ ਦੇ ਇਲਾਵਾ ਕੋਈ ਹੋਰ ਦਿਨ ਚੁਣ ਸਕਦੇ ਸੀ।

ਕਿਸਾਨ ਅਤੇ ਪੁਲਸ ਵਿਚਾਲੇ ਹਿੰਸਕ ਝੜਪ
ਅਲਜਜ਼ੀਰਾ ਨੇ ਆਪਣੀ ਖ਼ਬਰ ਦੀ ਸ਼ੁਰੂਆਤ ਇਸ ਤਰ੍ਹਾਂ ਕੀਤੀ ਹੈ ਕਿ ਭਾਰਤ ਦੇ ਹਜ਼ਾਰਾਂ ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਰਾਜਧਾਨੀ ਵਿਚ ਮੁਗਲ ਕਾਲ ਦੀ ਇਮਾਰਤ ਲਾਲ ਕਿਲ੍ਹੇ ਦੇ ਕੰਪਲੈਕਸ 'ਤੇ ਇਕ ਤਰ੍ਹਾਂ ਨਾਲ ਹਮਲਾ ਬੋਲ ਦਿੱਤਾ। ਹਿੰਸਕ ਵਿਰੋਧ ਪ੍ਰਦਰਸ਼ਨਾਂ ਵਿਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋਈ। ਖ਼ਬਰ ਵਿਚ ਕਿਹਾ ਗਿਆ ਹੈ ਕਿ ਗਣਤੰਤਰ ਦਿਵਸ ਦੀ ਪਰੇਡ ਦੇ ਮੱਦੇਨਜ਼ਰ ਕੀਤੇ ਗਏ ਵਿਆਪਕ ਸੁਰੱਖਿਆ ਪ੍ਰਬੰਧਾਂ ਨੂੰ ਤੋੜਦੇ ਹੋਏ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਵਿਚ ਦਾਖਲ ਹੋਏ,ਜਿੱਥੇ ਸਿੱਖ ਕਿਸਾਨਾਂ ਨੇ ਇਕ ਕੇਸਰੀ ਝੰਡਾ ਲਹਿਰਾਇਆ। ਖ਼ਬਰ ਵਿਚ ਇਸ ਤੱਥ ਵੱਲ ਧਿਆਨ ਦਿਵਾਇਆ ਗਿਆ ਕਿ ਇਹ ਉਹੀ ਲਾਲ ਕਿਲ੍ਹਾ ਹੈ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਹਰੇਕ ਸਾਲ 15 ਅਗਸਤ ਨੂੰ ਮਨਾਏ ਜਾਣ ਵਾਲੇ ਆਜ਼ਾਦੀ ਦਿਹਾੜੇ ਦੇ ਮੌਕੇ ਤਿਰੰਗਾ ਲਹਿਰਾਉਂਦੇ ਹਨ। 

PunjabKesari

ਖ਼ਬਰ ਵਿਚ ਪ੍ਰਕਾਸ਼ਿਤ ਇਕ ਤਸਵੀਰ ਵਿਚ ਦਿਖਾਇਆ ਗਿਆ ਹੈ ਕਿ ਸੜਕ 'ਤੇ ਇਕ ਲਾਸ਼ ਹੈ ਜਿਸ ਨੂੰ ਤਿਰੰਗੇ ਨਾਲ ਢਕਿਆ ਗਿਆ ਹੈ ਅਤੇ ਉਸ ਦੇ ਆਲੇ-ਦੁਆਲੇ ਪ੍ਰਦਰਸ਼ਨਕਾਰੀ ਬੈਠੇ ਹੋਏ ਹਨ। ਨਾਲ ਹੀ ਇਕ ਪੋਸਟਰ ਦਾ ਜ਼ਿਕਰ ਕੀਤਾ ਗਿਆ ਹੈ  ਜਿਸ ਵਿਚ ਲਿਖਿਆ ਹੈ 'ਅਸੀਂ ਪਿੱਛੇ ਨਹੀਂ ਹਟਾਂਗੇ, ਅਸੀਂ ਜਿੱਤਾਂਗੇ ਜਾਂ ਮਰਾਂਗੇ'। ਖ਼ਬਰ ਵਿਚ 52 ਸਾਲਾ ਕਿਸਾਨ ਵੀਰੇਂਦਰ ਭੀਰਸਿੰਘ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਪੁਲਸ ਨੇ ਸਾਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਰੋਕ ਨਹੀਂ ਪਾਈ। ਇਸੇ ਤਰ੍ਹਾਂ 73 ਸਾਲਾ ਦੇ ਕਿਸਾਨ ਗੁਰਬਚਨ ਸਿੰਘ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਸਰਕਾਰ ਨੇ ਜਿਹੜੇ ਕਾਨੂੰਨ ਬਣਾਏ ਹਨ ਅਸੀਂ ਉਹਨਾਂ ਨੂੰ ਅਸੀਂ ਹਟਾ ਕੇ ਰਹਾਂਗੇ।

ਪਾਕਿ ਅਖ਼ਬਾਰ ਨੇ ਛਾਪੀ ਇਹ ਖ਼ਬਰ
ਪਾਕਿਸਤਾਨ ਦੇ ਇਕ ਅੰਗਰਜ਼ੀ ਅਖ਼ਬਾਰ ਡਾਨ ਨੇ ਆਪਣੀ ਖ਼ਬਰ ਵਿਚ ਕਿਹਾ ਹੈ ਕਿ ਇਤਿਹਾਸਿਕ ਲਾਲ ਕਿਲ੍ਹੇ ਦੀ ਇਕ ਮੀਨਾਰ 'ਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਖਾਲਿਸਤਾਨ ਦਾ ਝੰਡਾ ਲਗਾ ਦਿੱਤਾ। ਖ਼ਬਰ ਵਿ਼ਚ ਕਿਹਾ ਗਿਆ ਕਿ ਖੇਤੀ ਕਾਨੂੰਨਾਂ ਵਿਚ ਸੁਧਾਰ ਦਾ ਵਿਰੋਧ ਕਰ ਰਹੇ ਹਜ਼ਾਰਾਂ ਕਿਸਾਨ ਮੰਗਲਵਾਰ ਨੂੰ ਬੈਰੀਗੇਟਜ਼ ਹਟਾ ਕੇ ਇਤਿਹਾਸਿਕ ਲਾਲ ਕਿਲ੍ਹੇ ਦੇ ਕੰਪਲੈਕਸ ਵਿਚ ਦਾਖਲ ਹੋਏ ਅਤੇ ਉੱਥੇ ਆਪਣੇ ਝੰਡੇ ਲਗਾ ਦਿੱਤੇ। ਇਸ ਖ਼ਬਰ ਦੇ ਨਾਲ ਡਾਨ ਨੇ ਕਈ ਤਸਵੀਰਾਂ ਲਗਾਈਆਂ ਹਨ ਜਿਹਨਾਂ ਵਿਚ ਦਿਖਾਇਆ ਗਿਆ ਹੈ ਕਿ ਪ੍ਰਦਰਸ਼ਨਕਾਰੀ ਰੱਸੀ ਦੇ ਸਹਾਰੇ ਲਾਲ ਕਿਲ੍ਹੇ ਦੀ ਮੀਨਾਰ 'ਤੇ ਚੜ੍ਹ ਕੇ ਝੰਡੇ ਲਗਾ ਰਹੇ ਹਨ ਜਿੱਥੇ ਇਕ ਪ੍ਰਦਰਸ਼ਨਕਾਰੀ ਦੇ ਹੱਥ ਵਿਚ ਤਲਵਾਰ ਵੀ ਹੈ।

PunjabKesari

ਸਰਕਾਰ ਲਈ ਵੱਡੀ ਚੁਣੌਤੀ
ਸੀ.ਐੱਨ.ਐੱਨ. ਨੇ ਆਪਣੀ ਖ਼ਬਰ ਵਿਚ ਕਿਹਾ ਹੈ ਕਿ ਇਕ ਪਾਸੇ ਜਿੱਥੇ ਸਰਕਾਰੀ ਪਰੇਡ ਆਯੋਜਨ ਕੋਵਿਡ-19 ਕਾਰਨ ਪਹਿਲਾਂ ਜਿੰਨਾ ਵੱਡਾ ਨਹੀਂ ਸੀ ਉੱਥੇ ਦੂਜੇ ਪਾਸੇ ਕਿਸਾਨਾਂ ਨੇ ਗਣਤੰਤਰ ਦਿਵਸ ਦੀ ਪਰੇਡ ਦੌਰਾਨ ਹੀ ਮਾਰਚ ਕੱਢਣ ਦੀ ਯੋਜਨਾ ਬਣਾਈ। ਖ਼ਬਰ ਵਿਚ ਕਿਹਾ ਗਿਆ ਕਿ ਇੰਨਾ ਵੱਡਾ ਵਿਰੋਧ ਪ੍ਰਦਰਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਬਹੁਤ ਵੱਡੀ ਚੁਣੌਤੀ ਹੈ। ਖ਼ਬਰ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕੁਝ ਸ਼ਰਾਰਤੀ ਤੱਤਾਂ ਨੇ ਪ੍ਰਦਰਸਨ ਦੌਰਾਨ ਘੁਸਪੈਠ ਕੀਤੀ। ਉਂਝ ਅੰਦੋਲਨ ਸ਼ਾਂਤੀਪੂਰਨ ਹੀ ਰਿਹਾ ਹੈ।

PunjabKesari

ਗਾਰਡੀਅਨ ਨੇ ਛਾਪੀ ਇਹ ਖ਼ਬਰ
ਗਾਰਡੀਅਨ ਮੁਤਾਬਕ, ਲਾਲ ਕਿਲ੍ਹੇ ਦੀ ਪ੍ਰਾਚੀਰ 'ਤੇ ਚੜ੍ਹ ਕੇ ਸਿੱਖ ਧਰਮ ਦਾ ਝੰਡਾ 'ਨਿਸ਼ਾਨ ਸਾਹਿਬ' ਲਹਿਰਾਉਣ ਵਾਲੇ ਪੰਜਾਬ ਦੇ ਕਿਸਾਨ ਦਿਲਜੇਂਦਰ ਸਿੰਘ ਦਾ ਕਹਿਣਾ ਸੀ ਕਿ ਅਸੀਂ ਬੀਤੇ 6 ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਹਾਂ ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਰੇਂਗੀ। ਪਹਿਲਾਂ ਵੀ ਸਾਡੇ ਵਡੇਰਿਆਂ ਨੇ ਇਸ ਕਿਲ੍ਹੇ 'ਤੇ ਕਈ ਵਾਰ ਚੜ੍ਹਾਈ ਕੀਤੀ ਹੈ। ਇਹ ਸਰਕਾਰ ਲਈ ਸੰਦੇਸ਼ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਅਜਿਹਾ ਦੁਬਾਰਾ ਕਰ ਸਕਦੇ ਹਾਂ।

PunjabKesari

ਗਾਰਡੀਅਨ ਮੁਤਾਬਕ, ਗੁਰਦਾਸਪੁਰ ਤੋਂ ਆਏ 50 ਸਾਲਾ ਕਿਸਾਨ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਕੋਈ ਡਰਾ ਨਹੀਂ ਸਕਦਾ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੋਦੀ ਸਰਕਾਰ ਕਿੰਨਾ ਜ਼ੋਰ ਲਗਾਉਂਦੀ ਹੈ। ਅਸੀਂ ਗੋਡੇ ਟੇਕਣ ਵਾਲੇ ਨਹੀਂ ਹਾਂ। ਸਰਕਾਰ ਪ੍ਰਦਰਸ਼ਨਕਾਰੀਆਂ ਵਿਚ ਹਿੰਸਾ ਕਰਾਉਣ ਲਈ ਆਪਣੇ ਲੋਕਾਂ ਨੂੰ ਭੇਜ ਕੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਸੀਂ ਇਸ ਅੰਦੋਲਨ ਨੂੰ ਸ਼ਾਂਤੀਪੂਰਵਕ ਅੱਗੇ ਵਧਾਵਾਂਗੇ। ਗਾਰਡੀਅਨ ਨੇ ਇਸ ਖ਼ਬਰ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਜ਼ਿਕਰ ਕੀਤਾ ਹੈ ਜੋ ਪਹਿਲਾਂ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰ ਰਹੇ ਸਨ ਪਰ ਲਾਲ ਕਿਲ੍ਹੇ ਦੀ ਘਟਨਾ ਦੇ ਬਾਅਦ ਉਹਨਾਂ ਨੇ ਕਿਸਾਨਾਂ ਤੋਂ ਦਿੱਲੀ ਖਾਲੀ ਕਰਨ ਦੀ ਮੰਗ ਕੀਤੀ ਹੈ।

ਕੈਨੇਡੀਅਨ ਅਖ਼ਬਾਰ ਦਾ ਨਜ਼ਰੀਆ
ਕੈਨੇਡਾ ਤੋਂ ਪ੍ਰਕਾਸ਼ਿਤ ਹੋਣ ਵਾਲੇ ਅਖ਼ਬਾਰ 'ਦੀ ਸਟਾਰ' ਨੇ ਇਸ ਖ਼ਬਰ ਨੂੰ ਛਾਪਦੇ ਹੋਏ ਲਿਖਿਆ ਹੈ ਕਿ ਮੋਦੀ ਨੂੰ ਚੁਣੌਤੀ ਦਿੰਦੇ ਹੋਏ ਭਾਰਤ ਦੇ ਲਾਲ ਕਿਲ੍ਹੇ ਵਿਚ ਦਾਖਲ ਹੋਏ ਨਾਰਾਜ਼ ਕਿਸਾਨ। ਅਖ਼ਬਾਰ ਵਿਚ ਛਪੀ ਖ਼ਬਰ ਵਿਚ ਪੰਜ ਲੋਕਾਂ ਦੇ ਪਰਿਵਾਰ ਦੇ ਨਾਲ ਦਿੱਲੀ ਆਉਣ ਵਾਲੇ ਸਤਪਾਲ ਸਿੰਘ ਕਹਿੰਦੇ ਹਨ ਕਿ ਅਸੀਂ ਮੋਦੀ ਸਰਕਾਰ ਨੂੰ ਆਪਣੀ ਤਾਕਤ ਦਿਖਾਉਣਾ ਚਾਹੁੰਦੇ ਸੀ। ਅਸੀਂ ਸਮਰਪਣ ਨਹੀਂ ਕਰਾਂਗੇ। ਉੱਥੇ ਇਕ ਹੋਰ ਨੌਜਵਾਨ ਮਨਜੀਤ ਸਿੰਘ ਨੇ ਕਿਹਾ ਕਿ ਅਸੀਂ ਜੋ ਚਾਹਾਂਗੇ ਉਹੀ ਕਰਾਂਗੇ। ਸਰਕਾਰ ਆਪਣੇ ਕਾਨੂੰਨ ਸਾਡੇ 'ਤੇ ਥੋਪ ਨਹੀਂ ਸਕਦੀ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News